ਲਾਸ ਏਂਜਲਸ : ਅਮਰੀਕੀ ਸੂਬੇ ਕੈਲੀਫੋਰਨੀਆ ਵਿਚ ਪਰਿਵਾਰਕ ਵਿਵਾਦ ਦਾ ਹੱਲ ਕਰਨ ਗਏ 2 ਪੁਲਿਸ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦਕਿ ਇਕ ਗੰਭੀਰ ਜ਼ਖਮੀ ਹੋ ਗਿਆ। ਉਹ ਸ਼ਾਂਤੀਪੂਰਵਕ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਇਕ ਵਿਅਕਤੀ ਨੇ ਬੰਦੂਕ ਕੱਢ ਲਈ ਅਤੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ। ਪਾਮ ਸਪਿ੍ਰੰਗ ਸ਼ਹਿਰ ਦੇ ਪੁਲਿਸ ਮੁਖੀ ਬ੍ਰਾਇਨ ਰੇਯੇਸ ਨੇ ਦੱਸਿਆ ਕਿ ਘਟਨਾ ਸ਼ਨਿਚਰਵਾਰ ਨੂੰ ਵਾਪਰੀ। ਹਮਲਾਵਰ ਨੂੰ ਹਾਲੇ ਤਕ ਫੜਿਆ ਨਹੀਂ ਜਾ ਸਕਿਆ ਹੈ। ਇਹ ਪਰਿਵਾਰਕ ਵਿਵਾਦ ਦਾ ਆਮ ਮਾਮਲਾ ਸੀ ਅਤੇ ਉਸ ਨੇ ਸ਼ਹਿਰ ਦੇ ਰੱਖਿਅਕਾਂ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਘਟਨਾ ਵਿਚ ਮਾਰੇ ਗਏ ਪੁਲਿਸ ਅਫਸਰਾਂ ਦੀ ਪਛਾਣ ਜੋਸ ਗਿਲਬਰਟ ਵੇਗਾ ਅਤੇ ਲੇਸਲੀ ਜੇਰੇਬਨੀ ਦੇ ਰੂਪ ਵਿਚ ਹੋਈ ਹੈ। ਚਾਰ ਮਹੀਨੇ ਦੀ ਬੇਟੀ ਦੀ ਮਾਂ ਲੇਸਲੀ ਹਾਲ ਹੀ ਵਿਚ ਜਣੇਪਾ ਛੁੱਟੀ ਕੱਟ ਕੇ ਪਰਤੀ ਸੀ। ਜਦਕਿ 35 ਸਾਲਾ ਵੇਗਾ ਦੀ ਇਸ ਦਸੰਬਰ ਵਿਚ ਸੇਵਾਮੁਕਤੀ ਦੀ ਯੋਜਨਾ ਸੀ। ਜਦ ਤਿੰਨੇ ਪੁਲਿਸ ਅਫਸਰ ਇਕ ਘਰ ਦੇ ਬਾਹਰ ਇਕ ਵਿਅਕਤੀ ਅਤੇ ਹਮਲਾਵਰ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਦ ਉਸ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਹਮਲਾਵਰ ਨੂੰ ਫੜੇ ਜਾਣ ਤਕ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ।
from Punjab News – Latest news in Punjabi http://ift.tt/2dpet4g
0 comments