ਮੁਕੇਰੀਆਂ : ਇੱਥੇ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਮੁਕੇਰੀਆਂ-ਪਠਾਨਕੋਟ ਰੇਲ ਮਾਰਗ ’ਤੇ ਪੈਂਦੇ ਪਿੰਡ ਪੁਆਰ ਤੇ ਮੁਸਾਹਿਬਪੁਰ ਵਿਚਾਲੇ ਸਵੇਰੇ 8.30 ਵਜੇ ਮਿਲੇ ਬੈਟਰੀਨੁਮਾ ਸ਼ੱਕੀ ਬਕਸੇ ਨੇ ਸਾਰਾ ਦਿਨ ਰੇਲਵੇ ਤੇ ਪੰਜਾਬ ਪੁਲੀਸ ਸਮੇਤ ਭਾਰਤੀ ਫੌਜ ਦੇ ਉੱਚੀ ਬੱਸੀ ਸਟੇਸ਼ਨ ਦੇ ਅਧਿਕਾਰੀਆਂ ਨੂੰ ਚੱਕਰਾਂ ਵਿੱਚ ਪਾਈ ਰੱਖਿਆ। ਇਹ ਬਕਸਾ ਮਿਲਣ ਦੀ ਸੂਚਨਾ ਕਾਰਨ ਜੇਹਲਮ ਐਕਸਪ੍ਰੈਸ ਨੂੰ ਉੱਚੀ ਬੱਸੀ ਕੋਲ ਕਰੀਬ 20 ਮਿੰਟ ਰੋਕਣਾ ਪਿਆ। ਭਾਰਤੀ ਫੌਜ ਦੇ ਉੱਚੀ ਬੱਸੀ ਸਟੇਸ਼ਨ ਦੇ ਇੰਟੈਲੀਜੈਂਸ ਅਧਿਕਾਰੀਆਂ ਵੱਲੋਂ ਇਸ ਬਕਸੇ ਦੀ ਪੁਸ਼ਟੀ ਭਾਰਤੀ ਫੌਜ ਦੇ ਵਾਇਰਲੈਸ ਸੈੱਟਾਂ ਦੀ ਬੈਟਰੀ ਵਜੋਂ ਕੀਤੇ ਜਾਣ ਉਪਰੰਤ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਇਹ ਬਕਸਾ ਹਾਲੇ ਵੀ ਰੇਲਵੇ ਪੁਲੀਸ ਦੇ ਕਬਜ਼ੇ ਵਿੱਚ ਹੈ ਅਤੇ ਇਸ ਦੀ ਸੂਚਨਾ ਸਬੰਧਤ ਫੌਜੀ ਟੁੱਕੜੀ ਨੂੰ ਭੇਜੀ ਜਾ ਰਹੀ ਹੈ।ਰੇਲਵੇ ਪੁਲੀਸ ਦੇ ਏ.ਐਸ.ਆਈ. ਹਰਦੀਪ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਦੇ ਤਕਨੀਕੀ ਵਿੰਗ ਦੇ ਜੂਨੀਅਰ ਇੰਜਨੀਅਰ ਰਵੀ ਸ਼ੰਕਰ ਗੁਪਤਾ ਨੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਸੀ ਕਿ ਮੁਕੇਰੀਆਂ-ਪਠਾਨਕੋਟ ਰੇਲਵੇ ਲਾਈਨ ’ਤੇ ਪੁਆਰ ਪਿੰਡ ਕੋਲ ਇੱਕ ਸ਼ੱਕੀ ਬਕਸਾ ਪਿਆ ਹੈ। ਇਸ ਦੀ ਸੂਚਨਾ ਸਟੇਸ਼ਨ ਮਾਸਟਰ ਵੱਲੋਂ ਰੇਲਵੇ ਪੁਲੀਸ ਨੂੰ ਦੇਣ ’ਤੇ ਐਸ.ਐਚ.ਓ. ਮਝੈਲ ਸਿੰਘ ਦੀ ਅਗਵਾਈ ਵਿੱਚ ਟੀਮ ਨੇ ਸਬੰਧਤ ਥਾਂ ਦਾ ਦੌਰਾ ਕੀਤਾ। ਸ਼ੁਰੂਆਤੀ ਜਾਂਚ ਵਿੱਚ ਇਹ ਡਰਾਈ ਸੈੱਲਾਂ ਦੀ ਬੈਟਰੀਨੁਮਾ ਚੀਜ਼ ਜਾਪੀ ਅਤੇ ਪੰਜਾਬ ਪੁਲੀਸ ਦੇ ਏ.ਐਸ.ਆਈ. ਰਛਪਾਲ ਸਿੰਘ ਵੀ ਮੌਕੇ ’ਤੇ ਪੁੱਜ ਗਏ।
ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਉਪਰੰਤ ਇਸ ਨੂੰ ਰੇਲਵੇ ਚੌਕੀ ਮੁਕੇਰੀਆਂ ਵਿਖੇ ਲਿਆਂਦਾ ਗਿਆ ਅਤੇ ਇਸ ਦੀ ਸੂਚਨਾ ਭਾਰਤੀ ਸੈਨਾ ਦੇ ਉੱਚੀ ਬੱਸੀ ਸਟੇਸ਼ਨ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਉੱਚੀ ਬੱਸੀ ਤੋਂ ਸੈਨਾ ਦੇ ਇੰਟੈਲੀਜੈਂਸ ਦੇ ਮੇਜਰ ਸੰਦੀਪ ਸਿੰਘ ਟੀਮ ਸਮੇਤ ਪੁੱਜ ਗਏ। ਜਾਂਚ ਉਪਰੰਤ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਭਾਰਤੀ ਫੌਜ ਦੇ ਵਾਇਰਲੈਸ ਸੈੱਟ ਦੀ ਬੈਟਰੀ ਹੈ। ਜਿਹੜੀ ਕਿ ਰੇਲਵੇ ਲਾਈਨ ’ਤੇ ਡਿੱਗ ਗਈ ਜਾਪਦੀ ਹੈ।
from Punjab News – Latest news in Punjabi http://ift.tt/2drV96a
0 comments