ਕੋਟਕਪੂਰਾ : ਸਿੱਖ ਰੀਲੀਫ਼ ਯੂ.ਕੇ. ਦੇ ਸੇਵਾਦਾਰ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹਿੰਦ-ਪਾਕਿ ਦੇ ਤਣਾਅ ਵਾਲੇ ਰਿਸ਼ਤਿਆਂ ਤੋਂ ਬਾਅਦ ਸਰਹੱਦ ਨੇੜੇ ਵਸਦੇ ਲੋਕਾਂ ਦੀ ਮਦਦ ਲਈ ਪੁੱਜ ਚੁੱਕੇ ਹਨ। ਸਿੱਖ ਰੀਲੀਫ਼ ਯੂ.ਕੇ. ਦੇ ਚੇਅਰਮੈਨ ਬਲਵੀਰ ਸਿੰਘ ਬੈਂਸ ਵਲੋਂ ਗਠਤ ਕੀਤੀ 8 ਨੌਜਵਾਨਾਂ ਦੀ ਟੀਮ ਪਿਛਲੇ 3 ਦਿਨਾਂ ਤੋਂ ਰੋਜ਼ਾਨਾ 250 ਪਰਵਾਰਾਂ ਨੂੰ ਪ੍ਰਸ਼ਾਦਾ, ਕੜੀ-ਚੌਲ, ਦਾਲ-ਸਬਜ਼ੀ ਆਦਿ ਮੁਹੱਈਆ ਕਰਵਾ ਰਹੀ ਹੈ।
ਟੀਮ ‘ਚ ਸ਼ਾਮਲ ਅਮਨਦੀਪ ਸਿੰਘ ਬਾਜਾਖਾਨਾ ਤੇ ਜਸਵਿੰਦਰ ਸਿੰਘ ਅਨੰਦਪੁਰ ਸਾਹਿਬ ਨੇ ਦਸਿਆ ਕਿ ਹੁਸੈਨੀਵਾਲਾ ਬਾਰਡਰ ਨੇੜਲੇ ਪਿੰਡਾਂ ‘ਚ ਕਈ ਵਿਅਕਤੀ ਅਜਿਹੇ ਹਨ ਜੋ ਅਪਣੀ ਫ਼ਸਲ ਅਤੇ ਪਸ਼ੂਆਂ ਨੂੰ ਛੱਡ ਕੇ ਨਹੀਂ ਜਾ ਸਕਦੇ ਪਰ ਉਨ੍ਹਾਂ ਦੀਆਂ ਔਰਤਾਂ, ਬੇਟੀਆਂ ਜਾਂ ਨੂੰਹਾਂ ਰਿਸ਼ਤੇਦਾਰਾਂ ਕੋਲ ਜਾਂ ਰਾਹਤ ਕੈਂਪਾਂ ‘ਚ ਪਹੁੰਚ ਗਈਆਂ ਹਨ ਤੇ ਘਰ ‘ਚ ਰੋਟੀ ਪਕਾਉਣ ਲਈ ਕੋਈ ਔਰਤ ਨਾ ਹੋਣ ਕਰ ਕੇ ਉਨ੍ਹਾਂ ਨੂੰ ਲੰਗਰ ਦੀ ਜ਼ਰੂਰਤ ਸੀ। ਉਨ੍ਹਾਂ ਦਸਿਆ ਕਿ ਗੁਰਦਵਾਰਾ ਸਾਹਿਬ ਬਾਰੇਕੇ ਵਿਖੇ ਉਕਤ ਟੀਮ ਨੇ ਠਹਿਰੀ ਹੋਈ ਹੈ ਤੇ ਉਥੇ ਹੀ ਲੰਗਰ ਤਿਆਰ ਕੀਤਾ ਜਾਂਦਾ ਹੈ। ਆਰ.ਪੀ.ਸਿੰਘ ਮੋਹਾਲੀ ਅਤੇ ਪਰਮਿੰਦਰ ਸਿੰਘ ਅਮਲੋਹ ਨੇ ਦਸਿਆ ਕਿ ਬਾਬੇ ਨਾਨਕ ਦੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੀ ਚਲਾਈ ਪ੍ਰਥਾ ਮੁਤਾਬਕ ਸਰਹੱਦ ਤੋਂ 10 ਕਿਲੋਮੀਟਰ ਦੂਰ ਵਾਲੇ ਇਲਾਕੇ ‘ਚ ਲੱਗੇ ਰਾਹਤ ਕੈਂਪਾਂ ‘ਚ ਵੀ ਸਿੱਖ ਰੀਲੀਫ਼ ਯੂ.ਕੇ. ਵਲੋਂ ਲੰਗਰ ਅਤੇ ਰਸਦ ਪਹੁੰਚਾਈ ਜਾ ਰਹੀ ਹੈ।
ਪਾਕਿਸਤਾਨ ਨਾਲ ਜੰਗ ਲੱਗੇ ਭਾਵੇਂ ਨਾ ਪਰ ਸਰਹੱਦ ‘ਤੇ ਵਸਦੇ ਪੰਜਾਬ ਦੇ 6 ਜ਼ਿਲ੍ਹਿਆਂ ਦੇ 987 ਪਿੰਡਾਂ ‘ਚ ਰਹਿਣ ਵਾਲੇ 4 ਲੱਖ ਉਨ੍ਹਾਂ ਲੋਕਾਂ ਲਈ ਤਾਂ ਜੰਗ ਲੱਗ ਚੁੱਕੀ ਹੈ ਜੋ ਨਾ ਤਾਂ ਅਪਣਾ ਘਰ-ਬਾਰ ਛਡਣਾ ਚਾਹੁੰਦੇ ਹਨ ਤੇ ਨਾ ਹੀ ਉਥੇ ਰਹਿ ਸਕਦੇ ਹਨ ਕਿਉਂਕਿ ਘਰਾਂ ਦੀ ਮਜਬੂਰੀ ਤੇ ਮਾਸੂਮ ਬੱਚਿਆਂ ਅਤੇ ਬੀਮਾਰ ਬਜ਼ੁਰਗਾਂ ਲਈ ਰਿਸ਼ਤੇਦਾਰੀਆਂ ‘ਚ ਜਾਂ ਰਾਹਤ ਕੈਂਪਾਂ ‘ਚ ਜਾਣਾ ਬਹੁਤ ਮੁਸ਼ਕਲ ਜਾਪਦਾ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ 304 ਪਿੰਡਾਂ ਦੇ ਸਕੂਲ ਬੰਦ ਹਨ ਤੇ ਰਾਹਤ ਕੈਂਪਾਂ ‘ਚ ਠਹਿਰਣ ਵਾਲੇ ਲੋਕਾਂ ਦੀ ਗਿਣਤੀ ਕੋਈ ਜ਼ਿਆਦਾ ਨਹੀਂ ਕਿਉਂਕਿ ਉਥੋਂ ਦੀਆਂ ਨਾਕਸ ਤੇ ਨਾਮਾਤਰ ਸਹੂਲਤਾਂ ਕਾਰਨ ਲੋਕ ਖ਼ੁਦ ਨੂੰ ਸੁਰੱਖਿਅਤ ਨਹੀਂ ਸਮਝਦੇ ਜਿਸ ਕਰ ਕੇ ਜਾਂ ਤਾਂ ਉਹ ਅਪਣੇ ਘਰਾਂ ‘ਚ ਸਹਿਮ ਦੇ ਸਾਏ ਹੇਠ ਰਹਿਣ ਲਈ ਮਜਬੂਰ ਹਨ ਤੇ ਜਾਂ ਰਿਸ਼ਤੇਦਾਰੀਆਂ ‘ਚ ਜਾ ਰਹੇ ਹਨ।
from Punjab News – Latest news in Punjabi http://ift.tt/2dFQmBy
0 comments