ਚੰਡੀਗੜ੍ਹ : ਅਦਾਲਤ ਨੇ ਮਾਸੂਮ ਅਭੀ ਵਰਮਾ ਦੇ ਕਾਤਲਾਂ ਨੂੰ ਫਾਂਸੀ ਦੇਣ ਲਈ 25 ਅਕਤੂਬਰ ਦੀ ਤਰੀਕ ਤੈਅ ਕਰ ਦਿਤੀ ਹੈ ਪਰ ਪੰਜਾਬ ਦੀਆਂ ਜੇਲਾਂ ਵਿਚ ਫਾਂਸੀ ਦੇਣ ਲਈ ਕੋਈ ਜੱਲਾਦ ਨਾ ਹੋਣ ਕਾਰਨ ਜੇਲ ਪ੍ਰਸ਼ਾਸਨ ਭੰਬਲਭੂਸੇ ਵਿਚ ਹੈ।
ਏ.ਡੀ.ਜੀ.ਪੀ ਜੇਲ ਐਮ.ਕੇ ਤਿਵਾੜੀ ਨੇ ਦਸਿਆ ਕਿ ਜੇਲ ਮੈਨੂਅਲ ਅਨੁਸਾਰ ਜੇਲ ਸੁਪਰਡੈਂਟ ਜਾਂ ਡਿਪਟੀ ਜੇਲ ਸੁਪਰਡੈਂਟ ਵਲੋਂ ਦੋਸ਼ੀਆਂ ਨੂੰ ਫਾਂਸੀ ਦੇ ਤਖ਼ਤੇ ‘ਤੇ ਚੜ੍ਹਾਇਆ ਜਾ ਸਕਦਾ ਹੈ। ਕੇਂਦਰੀ ਜੇਲ ਪਟਿਆਲਾ ਦੇ ਜੇਲ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਦਸਿਆ ਕਿ ਅਭੀ ਵਰਮਾ ਹਤਿਆ ਕਾਂਡ ਦੇ ਦੋਸ਼ੀਆਂ ਵਿਕਰਮ ਵਾਲੀਆ ਉਰਫ਼ ਵਿੱਕੀ ਤੇ ਜਸਵੀਰ ਸਿੰਘ ਨੂੰ 25 ਅਕਤੂਬਰ ਨੂੰ ਸਵੇਰੇ 9 ਵਜੇ ਪਟਿਆਲਾ ਦੀ ਸੈਂਟਰਲ ਜੇਲ ਵਿਚ ਫਾਂਸੀ ਦੇਣ ਦੇ ਆਰਡਰ ਮਿਲ ਚੁੱਕੇ ਹਨ ਅਤੇ ਉਨ੍ਹਾਂ ਡਾਇਰੈਕਟਰ ਜੇਲ ਨੂੰ ਜੱਲਾਦ ਨਾ ਹੋਣ ਬਾਰੇ ਪੱਤਰ ਲਿਖ ਦਿਤਾ ਹੈ। ਉਨ੍ਹਾਂ ਦਸਿਆਂ ਕਿ ਜੇ ਜੱਲਾਦ ਨਹੀਂ ਮਿਲਦਾ ਤਾਂ ਜੇਲ ਸੁਪਰਡੈਂਟ ਵਲੋਂ ਡਿਪਟੀ ਜੇਲ ਸੁਪਰਡੈਂਟ ਨੂੰ ਹੁਕਮ ਦੀ ਤਾਮੀਲ ਕਰਨ ਲਈ ਕਿਹਾ ਜਾਵੇਗਾ। ਪੰਜਾਬ ‘ਚ ਕਰੀਬ ਦੋ ਦਹਾਕਿਆਂ ਮਗਰੋਂ ਦੋਸ਼ੀਆਂ ਨੂੰ ਫਾਂਸੀ ਦਿਤੀ ਜਾ ਰਹੀ ਹੈ।
ਜੇਲ ਸੂਤਰਾਂ ਅਨੁਸਾਰ ਦੋਸ਼ੀਆਂ ਦੇ ਮੈਡੀਕਲ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਇਹ ਵੀ ਖ਼ਬਰ ਹੈ ਕਿ ਦੋਸ਼ੀਆਂ ਵਲੋਂ ਅਜੇ ਵੀ ਵਕੀਲਾਂ ਦੀ ਸਲਾਹ ਲੈ ਕੇ ਮੌਤ ਦੇ ਵਾਰੰਟ ਨੂੰ ਚੁਨੌਤੀ ਦੇਣ ਲਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨੌਵੀਂ ਦੇ ਵਿਦਿਆਰਥੀ ਅਭੀ ਵਰਮਾ ਨਿਵਾਸੀ ਹੁਸ਼ਿਆਰਪੁਰ ਨੂੰ 14 ਫ਼ਰਵਰੀ 2005 ਨੂੰ ਫ਼ਿਰੌਤੀ ਲਈ ਅਗ਼ਵਾ ਕੀਤਾ ਗਿਆ ਸੀ ਤੇ ਅਗਲੇ ਦਿਨ ਸ਼ਹਿਰ ਤੋਂ 20 ਕਿਲੋਮੀਟਰ ਦੂਰ ਉਸ ਦੀ ਲਾਸ਼ ਮਿਲੀ ਸੀ।
from Punjab News – Latest news in Punjabi http://ift.tt/2e3osAb
0 comments