ਬੀਜ਼ਿੰਗ : ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੌਰੇ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ ਪ੍ਰਮਾਣੂ ਸਪਲਾਈਕਰਤਾ ਸਮੂਹ (ਐਨਐਸਜੀ) ਵਿਚ ਭਾਰਤ ਦੇ ਸ਼ਾਮਲ ਹੋਣ ਦੇ ਮੁੱਦੇ ‘ਤੇ ਉਹ ਭਾਰਤ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ ਪਰ ਉਸ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀ ਲਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ। ਚੀਨ ਨੇ ਕਿਹਾ ਕਿ ਬੀਜਿੰਗ ਕਿਸੇ ਵਲੋਂ ਵੀ ‘ਅਤਿਵਾਦ ਵਿਰੁਧ ਲੜਾਈ ਦੇ ਨਾਮ ‘ਤੇ ਸਿਆਸੀ ਲਾਭ ਉਠਾਏ ਜਾਣ ਵਿਰੁਧ ਹੈ।
ਚੀਨ ਦੇ ਉਪ-ਵਿਦੇਸ਼ ਮੰਤਰੀ ਲੀ ਬਾਓਦੋਂਗ ਨੇ ਸ਼ੀ ਦੇ ਇਸ ਹਫ਼ਤੇ ਹੋਣ ਵਾਲੇ ਭਾਰਤ ਦੌਰੇ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਇਹ ਗੱਲ ਆਖੀ। ਉਨ੍ਹਾਂ 48 ਮੈਂਬਰੀ ਐਨਐਸਜੀ ਵਿਚ ਨਵੇਂ ਮੈਂਬਰਾਂ ਨੂੰ ਸ਼ਾਮਲ ਕਰਨ ‘ਤੇ ਸਰਬ-ਸੰਮਤੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿਤਾ। ਇਹ ਪੁੱਛਣ ‘ਤੇ ਕਿ ਬ੍ਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ੀ ਦੀ ਮੁਲਾਕਾਤ ਦੌਰਾਨ ਐਨਐਸਜੀ ਵਿਚ ਭਾਰਤ ਨੂੰ ਸ਼ਾਮਲ ਕਰਨ ਦੇ ਮੁੱਦੇ ‘ਤੇ ਕੀ ਕੋਈ ਤਰੱਕੀ ਹੋ ਸਕਦੀ ਹੈ, ਇਸ ‘ਤੇ ਲੀ ਨੇ ਕਿਹਾ ਕਿ ਨਿਯਮਾਂ ਅਨੁਸਾਰ ਐਨਐਨਜੀ ਵਿਚ ਮੈਂਬਰਾਂ ਨੂੰ ਸ਼ਾਮਲ ਕਰਨ ਲਈ ਸਰਬਸੰਮਤੀ ਬਣਾਉਣ ਦੀ ਲੋੜ ਹੁੰਦੀ ਹੈ। ਜਦ ਲੀ ਨੂੰ ਪ੍ਰਮਾਣੂ ਵਪਾਰਕ ਕਲੱਬ ਵਿਚ ਭਾਰਤ ਦੇ ਸ਼ਾਮਲ ਹੋਣ ਦੇ ਮਸਲੇ ‘ਤੇ ਚੀਨ ਦੇ ਨਾਂਹ-ਪੱਖੀ ਰੁਖ਼ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯਮਾਂ ‘ਤੇ ਫ਼ੈਸਲਾ ਇਕੱਲਾ ਚੀਨ ਨਹੀਂ ਕਰਦਾ। ਇਸ ਮੁੱਦੇ ‘ਤੇ ਚੀਨ ਅਤੇ ਭਾਰਤ ਵਿਚਾਲੇ ਚੰਗਾ ਸੰਵਾਦ ਬਣਿਆ ਹੋਇਆ ਹੈ ਅਤੇ ਸਰਬਸੰਮਤੀ ਬਣਾਉਣ ਲਈ ਅਸੀਂ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਸਾਨੂੰ ਉਮੀਦ ਹੈ ਕਿ ਇਸ ਬਾਰੇ ਭਾਰਤ ਐਨਅੈਸਜੀ ਦੇ ਹੋਰ ਮੈਂਬਰਾਂ ਨਾਲ ਵੀ ਗੱਲ ਕਰੇਗਾ। ਸ਼ੀ 15-16 ਅਕਤੂਬਰ ਨੂੰ ਗੋਆ ਵਿਚ ਹੋਣ ਵਾਲੇ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਪਹੁੰਚਣਗੇ। ਬ੍ਰਿਕਸ ਵਿਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦਖਣੀ ਅਫ਼ਰੀਕਾ ਸ਼ਾਮਲ ਹਨ। ਭਾਰਤ ਦੀ ਪਾਕਿਸਤਾਨ ਦੇ ਅਤਿਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਤੋਂ ਪਾਬੰਦੀ ਲਾਉਣ ਦੀ ਕੋਸ਼ਿਸ਼ ਵਿਚ ਚੀਨ ਦੁਆਰਾ ਰੁਕਾਵਟ ਪੈਦਾ ਕਰਨ ਦੇ ਦੋਸ਼ਾਂ ਬਾਰੇ ਲੀ ਨੇ ਬੀਜਿੰਗ ਦੀ ਤਕਨੀਕੀ ਰੁਕਾਵਟ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਚੀਨ ਹਰ ਤਰ੍ਹਾਂ ਦੇ ਅਤਿਵਾਦ ਵਿਰੁਧ ਹੈ। ਪਠਾਨਕੋਟ ਅਤਿਵਾਦੀ ਹਮਲੇ ਦੇ ਜ਼ਿੰਮੇਵਾਰ ਅਜ਼ਹਰ ‘ਤੇ ਭਾਰਤ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀ ਲਾਉਣਾ ਚਾਹੁੰਦਾ ਹੈ। ਇਸ ‘ਤੇ ਲੀ ਨੇ ਕਿਹਾ, ”ਅਤਿਵਾਦ ਵਿਰੁਧ ਲੜਾਈ ਵਿਚ ਦੋਹਰੇ ਮਾਪਦੰਡ ਨਹੀਂ ਹੋਣੇ ਚਾਹੀਦੇ। ਅਤਿਵਾਦ ਵਿਰੁਧ ਲੜਾਈ ਦੇ ਨਾਮ ‘ਤੇ ਕਿਸੇ ਨੂੰ ਅਪਣੇ ਸਿਆਸੀ ਹਿਤ ਵੀ ਨਹੀਂ ਪੂਰੇ ਕਰਨੇ ਚਾਹੀਦੇ।”
ਚੀਨ ਨੇ ਸੰਯੁਕਤ ਰਾਸ਼ਟਰ ਵਿਚ ਅਜ਼ਹਰ ਨੂੰ ਅਤਿਵਾਦੀ ਕਰਾਰ ਦਿਵਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਦਿੰਦਿਆਂ ਤਕਨੀਕੀ ਰੁਕਾਵਟ ਦੇ ਸਮੇਂ ਦੇ ਖ਼ਤਮ ਹੋਣ ਦੇ ਕਈ ਦਿਨ ਪਹਿਲਾਂ ਹੀ, ਇਕ ਅਕਤੂਬਰ ਨੂੰ ਇਸ ਨੂੰ ਵਿਸਤਾਰ ਦੇਣ ਦਾ ਐਲਾਨ ਕੀਤਾ ਸੀ। ਹੁਣ ਇਹ ਰੁਕਾਵਟ ਹੋਰ ਤਿੰਨ ਮਹੀਨਿਆਂ ਤਕ ਜਾਰੀ ਰਹਿ ਸਕਦੀ ਹੈ।
from Punjab News – Latest news in Punjabi http://ift.tt/2dSS2rj
0 comments