ਨਵੀਂ ਦਿੱਲੀ : ਫ਼ੌਜ ਦੇ ਸਰਜੀਕਲ ਹਮਲੇ ਤੋਂ ਬਾਅਦ ਭਾਰਤ ਕਿਸੇ ਵੱਡੇ ਹਮਲੇ ਦਾ ਡਰ ਮਹਿਸੂਸ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ ਹਾਲੇ ਵੀ ਕਰੀਬ 250 ਅਤਿਵਾਦੀ ਮੌਜੂਦ ਹਨ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ ਪਾਕਿਸਤਾਨੀ ਅਤਿਵਾਦੀ ਹਨ। ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਅਤਿਵਾਦੀ ਸਰਜੀਕਲ ਹਮਲੇ ਤੋਂ ਪਹਿਲਾਂ ਕਸ਼ਮੀਰ ਵਿਚ ਦਾਖ਼ਲ ਹੋਏ ਸਨ ਅਤੇ ਭਾਰਤ ਵਿਚ ਵੱਡੇ ਹਮਲਾ ਕਰਨ ਦੀ ਸਾਜ਼ਸ਼ ਘੜ ਰਹੇ ਹਨ। ਉਧਰ, ਭਾਰਤ ਦੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਨਰਿੰਦਰ ਮੋਦੀ ਸਰਕਾਰ ਨੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਤਿਆਰ ਰਹਿਣ ਲਈ ਕਹਿ ਦਿਤਾ ਹੈ। ਸਰਕਾਰ ਨੇ ਸਪਲਾਈਕਰਤਾ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਘੱਟ ਸਮੇਂ ਵਿਚ ਜ਼ਰੂਰਤ ਦੇ ਹਿਸਾਬ ਨਾਲ ਅਪਣਾ ਉਤਪਾਦਨ ਵਧਾਉਣ ਲਈ ਤਿਆਰ ਰਹਿਣਾ ਪਵੇਗਾ ਅਤੇ ਥੋੜੇ ਸਮੇਂ ਵਿਚ ਵੱਧ ਤੋਂ ਵੱਧ ਹਥਿਆਰ ਸਪਲਾਈ ਕਰਨੇ ਪੈ ਸਕਦੇ ਹਨ।
ਸੂਤਰਾਂ ਮੁਤਾਬਕ 250 ਵਿਚੋਂ 107 ਅਤਿਵਾਦੀ ਕਸ਼ਮੀਰ ਘਾਟੀ ਦੇ ਹਨ। ਘਾਟੀ ਵਿਚ ਮੌਜੂਦ ਇਹ ਅਤਿਵਾਦੀ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਨਾਲ ਸਬੰਧਤ ਹਨ। ਖ਼ੁਫ਼ੀਆ ਸੂਤਰਾਂ ਦਾ ਦਸਣਾ ਹੈ ਕਿ ਇਹ ਅਤਿਵਾਦੀ ਸਰਜੀਕਲ ਹਮਲੇ ਤੋਂ ਪਹਿਲਾਂ ਹੀ ਘੁਸਪੈਠ ਕਰ ਚੁੱਕੇ ਸਨ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦਸਿਆ ਕਿ ਕਸ਼ਮੀਰ ਘਾਟੀ ਵਿਚ ਪੱਥਰ ਮਾਰਨ ਵਾਲੇ ਨੌਜਵਾਨਾਂ ਨਾਲ ਨਜਿਠਣ ਲਈ ਵਰਤੇ ਜਾ ਰਹੇ ਪਾਵਾ ਸ਼ੈਲਜ਼ ਨੂੰ ਹੋਰ ਅਸਰਦਾਰ ਬਣਾਇਆ ਜਾਵੇਗਾ। ਸੁਰੱਖਿਆ ਬਲਾਂ ਨੇ ਪਾਵਾ ਸ਼ੈਲਜ਼ ਦੀ ਵਰਤੋਂ ਤੋਂ ਬਾਅਦ ਇਨ੍ਹਾਂ ਦੇ ਘੱਟ ਅਸਰਦਾਰ ਹੋਣ ਸਬੰਧੀ ਸਵਾਲ ਉਠਾਇਆ ਸੀ।
ਖ਼ੁਫ਼ੀਆ ਏਜੰਸੀਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਅਤਿਵਾਦੀ ਕੌਮਾਂਤਰੀ ਸਰਹੱਦ ਦੇ ਕਰੀਬ ਲਾਂਚਿੰਗ ਪੈਡ ਵਿਚ ਘੁੰਮ ਰਹੇ ਹਨ। ਇਹ ਅਤਿਵਾਦੀ ਭਾਰਤ ਦੀਆਂ ਨਜ਼ਰਾਂ ਤੋਂ ਬਚਣ ਲਈ ਪਾਕਿ ਰੇਂਜਰਾਂ ਦੀ ਵਰਦੀ ਵਿਚ ਘੁੰਮ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਬੈਠਾ ਲਸ਼ਕਰ ਕਮਾਂਡਰ ਸਾਜਿਦ ਬਟ ਉਰਫ਼ ਨੋਮੀ ਵੱਡੇ ਹਮਲੇ ਦੇ ਨਿਰਦੇਸ਼ ਦੇ ਰਿਹਾ ਹੈ। ਉਧਰ, ਸਰਕਾਰੀ ਸੂਤਰਾਂ ਨੇ ਦਸਿਆ ਕਿ ਹਥਿਆਰਾਂ ਦੇ ਸਪਲਾਈਕਰਤਾਵਾਂ ਨੂੰ ਫ਼ੌਜ ਦੀ ਲੋੜ ਅਨੁਸਾਰ ਅਪਣੀ ਸਮਰੱਥਾ ਨੂੰ ਪਰਖ ਲੈਣਾ ਚਾਹੀਦਾ ਹੈ। ਭਾਰਤ ਵਿਚ ਸੱਭ ਤੋਂ ਵੱਡਾ ਕਾਰੋਬਾਰ ਕਰਨ ਵਾਲੇ ਹਥਿਆਰਾਂ ਦੇ ਸਪਲਾਈਕਰਤਾ ਸਮੇਤ ਸਾਰੇ ਸਪਲਾਈਕਰਤਾਵਾਂ ਨੂੰ ਕਿਹਾ ਗਿਆ ਹੈ ਕਿ ਵਧੇਰੇ ਹਥਿਆਰਾਂ ਦੇ ਠੇਕੇ ਨੂੰ ਉਨ੍ਹਾਂ ਨੂੰ ਤੁਰਤ ਪੂਰਾ ਕਰਨਾ ਪਵੇਗਾ। (ਏਜੰਸੀ)
ਇਕ ਸਿਖਰਲੇ ਸੁਰੱਖਿਆ ਅਧਿਕਾਰੀ ਨੇ ਕਿਹਾ, ”ਸਰਕਾਰ ਥੋੜੇ ਸਮੇਂ ਦੇ ਨੋਟਿਸ ‘ਤੇ ਭਾਰੀ ਗਿਣਤੀ ਵਿਚ ਹਥਿਆਰ ਚਾਹੁੰਦੀ ਹੈ। ਇਸ ਲਈ ਲੋੜ ਹੈ ਕਿ ਮੌਜੂਦਾ ਉਤਪਾਦਨ ਨੂੰ ਵਧਾਇਆ ਜਾਵੇ ਅਤੇ ਜ਼ਰੂਰੀ ਆਰਡਰ ਨੂੰ ਤੁਰਤ ਪੂਰਾ ਕੀਤਾ ਜਾਵੇ।”
from Punjab News – Latest news in Punjabi http://ift.tt/2dSSPZw
0 comments