ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਤੀਜੀ ਸੂਚੀ ਜਾਰੀ ਹੋਣ ਮਗਰੋਂ ਪਾਰਟੀ ਅੰਦਰੋਂ ਹੀ ਉਠ ਰਹੀਆਂ ਬਾਗ਼ੀ ਸੁਰਾਂ ਦਾ ਸੇਕ ਦਿੱਲੀ ਦਰਬਾਰ ਪਹੁੰਚ ਚੁੱਕਾ ਹੈ। ਸੁੱਚਾ ਸਿੰਘ ਛੋਟੇਪੁਰ ਦੇ ਪਾਰਟੀ ਵਿਚੋਂ ਜਾਣ ਵਾਂਗ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਕਰਦੇ ਹੋਏ ਪਾਰਟੀ ਇਸ ਵਾਰ ਸਮਾਂ ਰਹਿੰਦਿਆਂ ਹੀ ਚੌਕੰਨੀ ਹੋ ਗਈ ਜਾਪਦੀ ਹੈ। ਪਾਰਟੀ ਆਗੂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੇ ਹਾਈ ਕਮਾਨ ਕੋਲ ਦਿੱਲੀ ਡੇਰੇ ਲਾ ਲਏ ਹਨ। ਦੂਜੇ ਪਾਸੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅੱਜ ਸਾਰਾ ਦਿਨ ਚੰਡੀਗੜ੍ਹ ਦਫ਼ਤਰ ‘ਚ ਪੰਜਾਬ ਦੇ ਕੁੱਝ ਖ਼ਾਸ ਹਲਕਿਆਂ ਤੋਂ ਆ ਰਹੇ ਸੰਭਾਵੀ ਬਾਗ਼ੀਆਂ ਨੂੰ ਮਨਾਉਂਦੇ ਰਹੇ। ਸੂਚੀ ਜਾਰੀ ਹੁੰਦਿਆਂ ਹੀ ਸਮਾਣਾ ਅਤੇ ਗਿੱਦੜਬਾਹਾ ਹਲਕੇ ਤੋਂ ਬਾਗ਼ੀ ਸੁਰਾਂ ਉਠਣੀਆਂ ਸ਼ੁਰੂ ਹੋ ਗਈਆਂ ਸਨ। ਸੰਜੇ ਅਤੇ ਦੁਰਗੇਸ਼ ਨੇ ਸ਼ੁਕਰਵਾਰ ਰਾਤ ਤੋਂ ਐਤਵਾਰ ਤਕ ਘੁੱਗੀ, ਭਗਵੰਤ ਮਾਨ, ਅਮਨ ਅਰੋੜਾ ਆਦਿ ਪਾਰਟੀ ਆਗੂਆਂ ਸਮੇਤ ਚੰਡੀਗੜ੍ਹ ਵਿਚ ਬਾਗ਼ੀਆਂ ਨੂੰ ਮਨਾਉਣ ਦੀ ਮੁਹਿੰਮ ਚਲਾਈ ਰੱਖੀ। ਅੱਜ ਪੂਰਾ ਦਿਨ ਦਿੱਲੀ ਦਰਬਾਰ ਵਿਚ ਹਾਜ਼ਰ ਹੋ ਕੇ ਪੰਜਾਬ ਖ਼ਾਸਕਰ ਤਿੰਨ-ਚਾਰ ਸੰਵੇਦਨਸ਼ੀਲ ਸੀਟਾਂ ਬਾਰੇ ਹਾਈ ਕਮਾਨ ਨੂੰ ਰੀਪੋਰਟ ਦੇ ਕੇ ਹੱਲ ਲੱਭਣ ਦਾ ਯਤਨ ਕੀਤਾ ਗਿਆ।
ਗਿੱਦੜਬਾਹਾ ਅਤੇ ਸਮਾਣਾ ਸੀਟਾਂ ਤੋਂ ਐਲਾਨੇ ਗਏ ਜਗਦੀਪ ਸਿੰਘ ਸੰਧੂ ਅਤੇ ਜਗਤਾਰ ਸਿੰਘ ਰਾਜਲਾ ਦਾ ਤਾਂ ਸਿੱਧਾ ਹੀ ਵਿਰੋਧ ਹੋ ਰਿਹਾ ਹੈ। ਸੰਧੂ ਇਕ ਤਾਂ ਗਿੱਦੜਬਾਹਾ ਹਲਕੇ ਨਾਲ ਹੀ ਸਬੰਧਤ ਨਹੀਂ, ਦੂਜਾ ਮੁਕਤਸਰ ਤੋਂ ਨਾਮੀ ਅਕਾਲੀ ਆਗੂ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਫ਼ੀ ਕਰੀਬੀ ਰਹੇ ਦੱਸੇ ਜਾ ਰਹੇ ਹਨ। ਇਕ ਹੋਰ ‘ਆਪ’ ਆਗੂ ਵਲੋਂ ਸੋਸ਼ਲ ਮੀਡੀਆ ‘ਚ ਜੱਦੀ ਜ਼ਮੀਨ ਵੇਚ ਕੇ ‘ਪਾਰਟੀ ਲੇਖੇ’ ਲਾਉਣ ਦਾ ਪ੍ਰਚਾਰ ਕੀਤੇ ਜਾਣ ਨਾਲ ਵੀ ਪਾਰਟੀ ਦੀ ਨੁਕਤਾਚੀਨੀ ਸ਼ੁਰੂ ਹੋ ਗਈ ਹੈ। ਮਾਝੇ ਵਿਚ ਇਕ ਅਹਿਮ ਸੀਟ ਉਤੇ ਅਕਾਲੀ ਪਿਛੋਕੜ ਵਾਲੇ ਨੂੰ ਅਤੇ ਕੁੱਝ ਪੱਤਰਕਾਰਾਂ ਨੂੰ ਟਿਕਟਾਂ ਦੇਣ ਦਾ ਵੀ ਪਾਰਟੀ ਦੇ ਪੁਰਾਣੇ ਵਲੰਟੀਅਰ ਵਿਰੋਧ ਕਰ ਰਹੇ ਹਨ। ਹੁਣ ਤਕ ਐਲਾਨੇ ਗਏ 61 ਉਮੀਦਵਾਰਾਂ ਵਿਚੋਂ ਕਰੀਬ ਇਕ ਦਰਜਨ ਤਾਂ ਸਿੱਧੇ ਤੌਰ ‘ਤੇ ਅਕਾਲੀ ਦਲ, ਕਾਂਗਰਸ, ਬਹੁਜਨ ਸਮਾਜ ਪਾਰਟੀ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਲੇ ਪਿਛੋਕੜ ਤੋਂ ਹਨ।
from Punjab News – Latest news in Punjabi http://ift.tt/2dSSGoV
0 comments