ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਫ਼ਤਿਹਜੰਗ ਸਿੰਘ ਬਾਜਵਾ ਅਤੇ ਕਾਂਗਰਸ ਦੇ ਕਿਸਾਨ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਾਲੇ ਵਫ਼ਦ ਨੇ ਪੋਲਿੰਗ ਬੂਥਾਂ ‘ਤੇ ਈਵੀਐਮ ਮਸ਼ੀਨਾਂ ਨਾਲ ਵੀ.ਵੀ.ਪੀ.ਏ.ਟੀ (ਵੋਟਰ ਵੈਰੀਫ਼ਾਈਡ ਪੇਪਰ ਆਡਿਟ ਟਰੇਲ ਯਾਨੀ ਵੋਟ ਰਸੀਦ) ਮਸ਼ੀਨਾਂ ਲਾਉਣ ਦੀ ਮੰਗ ਸਬੰਧੀ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ।
ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਵੇਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਨੇ 8 ਅਕਤੂਬਰ 2013 ਨੂੰ ਪੋਲਿੰਗ ਬੂਥਾਂ ‘ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਲਾਉਣ ਦਾ ਫ਼ੇਸਲਾ ਕੀਤਾ ਸੀ ਪਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਅਜਮਾਇਸ਼ ਦੇ ਆਧਾਰ ‘ਤੇ 2200 ਪੋਲਿੰਗ ਬੂਥਾਂ ‘ਤੇ ਮਸ਼ੀਨਾਂ ਲਾਉਣ ਦੀ ਗੱਲ ਕਹੀ ਜਾ ਰਹੀ ਹੈ ਜੋ ਸੁਪਰੀਮ ਕੋਰਟ ਦੇ ਹੁਕਮ ਦੀ ਉਲੰਘਣਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜੇ ਚੋਣ ਕਮਿਸ਼ਨ ਅਜਿਹਾ ਨਹੀਂ ਕਰਦਾ ਤਾਂ ਕਾਂਗਰਸ ਪਾਰਟੀ ਵਲੋਂ ਅਦਾਲਤੀ ਹੁਕਮਾਂ ਦੀ ਤੌਹੀਨ ਦਾ ਕੇਸ ਦਾਇਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ 22603 ਪੋਲਿੰਗ ਬੂਥ ਹਨ ਪਰ ਚੋਣ ਕਮਿਸ਼ਨ ਵਲੋਂ ਸਿਰਫ਼ 2200 ਬੂਥਾਂ ‘ਤੇ ਵੀ.ਵੀ.ਪੀ.ਏ.ਟੀ ਮਸ਼ੀਨਾਂ ਅਤੇ ਚਾਰ ਹਜ਼ਾਰ ਵੈਬ ਕੈਮਰੇ ਲਾਉਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਕਰੋੜਾਂ ਰੁਪਏ ਦੇ ਫ਼ੰਡ ਹਨ, ਇਸ ਲਈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਆਜ਼ਾਦ, ਬਿਨਾਂ ਕਿਸੇ ਡਰ-ਭੈਅ ਚੋਣਾਂ ਕਰਵਾਉਣ ਲਈ ਹਰ ਪੋਲਿੰਗ ਬੂਥ ‘ਤੇ ਕੈਮਰਾ ਲਾਇਆ ਜਾਵੇ ਅਤੇ ਵੀ.ਵੀ.ਪੀ.ਏ.ਟੀ ਮਸ਼ੀਨ ਲਾਈ ਜਾਵੇ।
ਸ. ਜ਼ੀਰਾ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ ਹੈ। ਸੀ.ਬੀ.ਆਈ ਅਤੇ ਪੁਲਿਸ ਵਲੋਂ ਅਜੇ ਤਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ ਕਈ ਮਹੀਨੇ ਪਹਿਲਾਂ ਅਪਣੀ ਰੀਪੋਰਟ ਸਰਕਾਰ ਨੂੰ ਸੌਂਪ ਦਿਤੀ ਹੈ ਪਰ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਕੋਲ ਰੀਪੋਰਟ ਪੜ੍ਹਨ ਦਾ ਸਮਾਂ ਹੀ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੰਗਤ ਦਰਸ਼ਨ ਦੇ ਨਾਮ ‘ਤੇ ਲੱਖਾਂ ਰੁਪਏ ਦੇ ਫ਼ੰਡਾਂ ਦੀ ਬਰਬਾਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਹੁੰ ਖਾਣ ਕਿ ਉਹ ਚੋਣਾਂ ਵਿਚ ਨਸ਼ੇ ਦੀ ਵਰਤੋਂ ਨਹੀਂ ਕਰਨਗੇ ਅਤੇ ਨਾ ਹੀ ਵੋਟਾਂ ਦੀ ਖ਼ਰੀਦੋ ਫ਼ਰੋਖ਼ਤ ਕਰਨਗੇ।
from Punjab News – Latest news in Punjabi http://ift.tt/2dSUiz4
0 comments