ਜਲੰਧਰ: ਬੀਤੀ ਰਾਤ ਜਨਕ ਨਗਰ ‘ਚ ਸ਼ਰਾਬ ਮਾਫ਼ੀਆ ਨਾਲ ਜੁੜੇ ਹਥਿਆਰਬੰਦ ਬੰਦਿਆਂ ਨੇ ਮੁਨੀਸ਼ ਲੂਥਰਾ ਨਾਮਕ ਨੌਜਵਾਨ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ। ਮੁਨੀਸ਼ ਦਾ ਕਸੂਰ ਇਹ ਸੀ ਕਿ ਉਹ ਇਨਾਕੇ ‘ਚ ਵੱਡੇ ਪੱਧਰ ‘ਤੇ ਹੋ ਰਹੀ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਵਿਰੋਧ ਕਰਦਾ ਸੀ। ਦੋ ਦਿਨ ਪਹਿਲਾਂ ਹੀ ਮਾਨਸਾ ‘ਚ ਸ਼ਰਾਬ ਮਾਫ਼ੀਆ ਨੇ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਹਤਿਆ ਕਰ ਦਿਤੀ ਸੀ।
ਮੁਨੀਸ਼ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਹਮਲਾਵਰਾਂ ਤੋਂ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਇਕ ਨਾ ਸੁਣੀ ਤੇ ਉਸ ਦੀ ਚੰਗੀ ਤਰ੍ਹਾਂ ਵੱਢ ਟੁੱਕ ਕਰ ਕੇ ਫ਼ਰਾਰ ਹੋ ਗਏ। ਜ਼ਖ਼ਮੀ ਮੁਨੀਸ਼ ਨੂੰ ਤੁਰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਗੰਭੀਰ ਹਾਲਤ ਕਾਰਨ ਉਸ ਨੂੰ ਜੌਹਲ ਹਸਪਤਾਲ ਭੇਜ ਦਿਤਾ ਗਿਆ ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਮੁਨੀਸ਼ ਦੇ ਪਿਤਾ ਰਾਜਕੁਮਾਰ ਦੇ ਬਿਆਨਾਂ ‘ਤੇ ਇਕ ਦਰਜਨ ਹਮਲਾਵਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਰਾਜਕੁਮਾਰ ਨੇ ਦਸਿਆ ਕਿ ਉਹ ਪੰਜਾਬ ਰਾਜ ਬਿਜਲੀ ਬੋਰਡ ‘ਚ ਮੁਲਾਜ਼ਮ ਹੈ। ਮੁਨੀਸ਼ ਲੂਥਰਾ (28) ਉਸ ਦਾ ਇਕਲੌਤਾ ਪੁੱਤਰ ਸੀ ਤੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਸੀ। ਬੀਤੀ ਰਾਤ ਰੋਟੀ ਖਾਣ ਤੋਂ ਬਾਅਦ ਕਰੀਬ 9 ਵਜੇ ਉਹ ਘਰੋਂ ਸੈਰ ਕਰਨ ਲਈ ਬਾਹਰ ਨਿਕਲਿਆ। ਥੋੜੀ ਦੇਰ ਬਾਅਦ ਪਤਾ ਲੱਗਾ ਕਿ ਜਨਕ ਨਗਰ ਦਾ ਹੀ ਰਹਿਣ ਵਾਲਾ ਸ਼ਰਾਬ ਤਸਕਰ ਉਜਾਗਰ ਸਿੰਘ ਅਤੇ ਉਸ ਦੇ ਪਰਵਾਰਕ ਜੀਅ ਮੁਨੀਸ਼ ਨਾਲ ਝਗੜਾ ਕਰ ਰਹੇ ਹਨ। ਉਹ ਤੁਰਤ ਮੌਕੇ ‘ਤੇ ਪੁੱਜੇ ਅਤੇ ਵੇਖਿਆ ਕਿ ਉਜਾਗਰ ਨਾਲ ਉਸ ਦੀ ਪਤਨੀ ਨਿਮੋ, ਪੁੱਤਰ ਗੌਰਵ, ਮਨੀ, ਪਹਾੜੀ ਅਤੇ ਕੁੱਝ ਹੋਰ ਬੰਦੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਪੁੱਤਰ ‘ਤੇ ਵਾਰ ਕਰ ਰਹੇ ਸਨ। ਉਨ੍ਹਾਂ ਮੁਨੀਸ਼ ਨੂੰ ਛੁਡਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਸ਼ਰੇਆਮ ਉਸ ਦੀ ਵੱਢ-ਟੁੱਕ ਕਰ ਦਿਤੀ।
ਰਾਜਕੁਮਾਰ ਦਾ ਕਹਿਣਾ ਹੈ ਕਿ ਉਜਾਗਰ ਸਿੰਘ ਬਸਤੀਆਤ ਖੇਤਰ ਦਾ ਨਾਮੀ ਬਦਮਾਸ਼ ਹੈ ਅਤੇ ਸ਼ਰਾਬ ਅਤੇ ਨਸ਼ਾ ਤਸਕਰੀ ਦੇ 6 ਮਾਮਲਿਆਂ ‘ਚ ਨਾਮਜ਼ਦ ਹੈ। ਉਹ ਪਿਛਲੇ ਲੰਮੇ ਸਮੇਂ ਤੋ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਿਹਾ ਹੈ। ਮੁਹੱਲਾ ਵਾਸੀ ਇਹ ਵੀ ਕਹਿੰਦੇ ਸੁਣੇ ਗਏ ਕਿ ਉਜਾਗਰ ਸਿੰਘ ਦੀ ਕਈ ਪੁਲਿਸ ਵਾਲਿਆਂ ਨਾਲ ਚੰਗੀ ਯਾਰੀ ਹੈ। ਥਾਣਾ-5 ਵਿਚ ਹਤਿਆ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
from Punjab News – Latest news in Punjabi http://ift.tt/2elPJyA
0 comments