ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਮਜ਼ਬੂਤ ਸਥਿਤੀ ਹੋਣ ਦਾ ਦਾਅਵਾ ਕਰਦਿਆਂ ਪ੍ਰਦੇਸ਼ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਜਥੇਬੰਦੀ, ਸਿਆਸੀ ਗਰੁਪ ਜਾਂ ਫ਼ਰੰਟ ਨਾਲ ਸੀਟਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਅੱਜ ਇਥੇ ਕਾਂਗਰਸ ਭਵਨ ‘ਚ ਵਿਧਾਇਕਾਂ, ਸਾਬਕਾ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਆਗੂਆਂ ਦੀ ਬੈਠਕ ਨੂੰ ਸੰਬੋਧਨ ਕਰਨ ਮਗਰੋਂ ਪਾਰਟੀ ਪ੍ਰਧਾਨ ਨੇ ਮੀਡੀਆ ਕਾਨਫ਼ਰੰਸ ‘ਚ ਕਿਹਾ ਕਿ ਸਾਡੇ ਉਮੀਦਵਾਰ, ਲੀਡਰ ਤੇ ਹੋਰ ਵਰਕਰ ਪਾਰਟੀ ਨੂੰ ਜਿੱਤ ਅਤੇ ਭਾਰੀ ਬਹੁਮਤ ਦਿਵਾਉਣ ਦੇ ਯੋਗ ਹਨ ਅਤੇ ਕਿਸੇ ਵੀ ਬਾਹਰੀ ਦਲ ਨਾਲ ਸੀਟਾਂ ਦਾ ਲੈਣ-ਦੇਣ ਨਹੀਂ ਹੋਵੇਗਾ। ਅਰਵਿੰਦ ਕੇਜਰੀਵਾਲ, ਸੁਖਪਾਲ ਖਹਿਰਾ ਤੇ ‘ਆਪ’ ਦੇ ਹੋਰ ਲੀਡਰਾਂ ਵਲੋਂ ਲਾਏ ਦੋਸ਼ ਕਿ ਬਾਦਲ ਸਰਕਾਰ ਨੇ ਕੈਪਟਨ ਵਿਰੁਧ ਕੀਤੇ ਕੇਸ ਵਾਪਸ ਲੈ ਲਏ ਹਨ ਅਤੇ ਇਹ ਚੋਣਾਂ ‘ਚ ਦੋਸਤਾਨਾ ਲੜਾਈ ਲੜਨਗੇ, ਦੇ ਜਵਾਬ ‘ਚ ਕੈਪਟਨ ਨੇ ਸਪੱਸ਼ਟ ਕੀਤਾ ਕਿ ਇਹ ਦੋਸ਼ ਬਿਲਕੁਲ ਗ਼ਲਤ ਹਨ। ਉਨ੍ਹਾਂ ਕਿਹਾ ਕਿ ‘ਆਮ ਆਦਮੀ ਪਾਰਟੀ’ ਅੰਦਰ ਤਿੱਖੀ ਤੇ ਵੱਡੀ ਪੱਧਰ ‘ਤੇ ਬਗ਼ਾਵਤ ਹੋਈ ਹੈ। ਕੇਜਰੀਵਾਲ ਤੇ ਹੋਰ ਲੀਡਰ ਘਬਰਾ ਗਏ ਹਨ ਅਤੇ ਵੱਡੀ ਜਿੱਤ ਦਾ ਦਾਅਵਾ ਕਰਨ ਵਾਲਾ ਝਾੜੂ ਤੀਲਾ-ਤੀਲਾ ਹੋ ਗਿਆ ਹੈ।
ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ, ਬੈਂਸ ਭਰਾ ਤੇ ਹੋਰਨਾਂ ਦੇ ਦਾਅਵੇ ਕਿ ਉਹ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰ ਕੇ ਆਏ ਹਨ, ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਕੁੱਝ ਦਬਾਅ ਪਾਉਣ ਦਾ ਯਤਨ ਹੈ ਅਤੇ ਮੇਰਾ ਤੇ ਪ੍ਰਦੇਸ਼ ਕਾਂਗਰਸ ਦਾ ਤਹਈਆ ਤੇ ਫ਼ੈਸਲਾ ਹੈ ਕਿ ਸੀਟਾਂ ਦਾ ਸਮਝੌਤਾ ਬਾਅਦ ‘ਚ ਹੋਵੇਗਾ। ਪਹਿਲਾਂ ਇਹ ਗਰੁਪ ਜਾਂ ਆਗੂ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਲ ਹੋਣ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਸ ਤਰ੍ਹਾਂ ਇਕੱਲੇ-ਇਕੱਲੇ ਦੀ ਸ਼ਰਤ ਅੱਗੇ ਝੁਕਦੇ ਗਏ ਤਾਂ ਪਾਰਟੀ ਕਮਜ਼ੋਰ ਪੈ ਜਾਵੇਗੀ ਅਤੇ ਰਲੇਵੇਂ ਲਈ ਸਾਡੀ ਪਾਰਟੀ ਦੇ ਦਰਵਾਜੇ ਖੁਲ੍ਹੇ ਹਨ ਜਿਵੇਂ ਮਨਪ੍ਰੀਤ ਸਿੰਘ ਬਾਦਲ ਨੇ ਪੀ.ਪੀ.ਪੀ. ਦਾ ਵਜੂਦ ਸਾਡੀ ਕਾਂਗਰਸ ‘ਚ ਸ਼ਾਮਲ ਕਰ ਕੇ ਖ਼ਤਮ ਕੀਤਾ। ਉਨ੍ਹਾਂ ਕਿਹਾ ਕਿ ਇੰਦਰਬੀਰ ਸਿੰਘ ਬੁਲਾਰੀਆ, ਸੁੱਚਾ ਸਿੰਘ ਛੋਟੇਪੁਰ, ਸਿੱਧੂ, ਡਾ. ਸਿੱਧੂ, ਬੈਂਸ ਭਰਾ, ਪਰਗਟ ਤੇ ਹੋਰਨਾਂ ਦਾ ਪਾਰਟੀ ‘ਚ ਸਵਾਗਤ ਹੈ।
ਬਾਦਲ ਸਰਕਾਰ ਦੀ ਪਿਛਲੀ 10 ਸਾਲਾਂ ਦੀ ਕਾਰਗੁਜ਼ਾਰੀ ਦਾ ਮੋਟਾ-ਮੋਟਾ ਵੇਰਵਾ ਦਿੰਦੇ ਹੋਏ ਪ੍ਰਦੇਸ਼ ਪ੍ਰਧਾਨ ਨੇ ਕਿਹਾ ਕਿ 1,38,000 ਕਰੋੜ ਦਾ ਬੈਂਕ ਕਰਜ਼ਾ ਪਹਿਲਾਂ ਹੀ ਹੈ, ਉਤੋਂ 32 ਹਜ਼ਾਰ ਕਰੋੜ ਦਾ ਫ਼ਸਲੀ ਝੋਨਾ-ਕਣਕ ਖ਼ਰੀਦ ਦਾ ਘਪਲਾ ਲੁਕਾਉਣ ਲਈ ਏਨਾ ਹੀ ਕਰਜ਼ਾ ਹੋਰ ਚੁਕਿਆ ਜਾ ਰਿਹਾ ਹੈ।
ਉਨ੍ਹਾਂ 75 ਲੱਖ ਕਿਸਾਨਾਂ ਦੇ ਘਰੋਂ-ਘਰੀਂ ਪ੍ਰੋਗਰਾਮ ਤਹਿਤ ਪਹੁੰਚਣ ਅਤੇ ਕਿਸਾਨਾਂ ਵਲੋਂ ਕਰਜ਼ਾ ਮਾਫ਼ੀ ਫ਼ਾਰਮ ਭਰਨ ਦੀ ਮਹੀਨਾ ਭਰ ਦੀ ਮੁਹਿੰਮ ਚਾਲੂ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਜੇ ਕੇਂਦਰ ਸਰਕਾਰ 5 ਲੱਖ ਕਰੋੜ ਦੀਆਂ ਟੈਕਸ ਛੋਟਾਂ ਉਦਯੋਗਪਤੀਆਂ ਨੂੰ ਦੇ ਸਕਦੀ ਹੈ ਤਾਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੀ? ਸਰਹੱਦ ‘ਤੇ ਤਣਾਅ ਅਤੇ ਲੋਕਾਂ ਦੀਆਂ ਤਕਲੀਫ਼ਾਂ ਬਾਰੇ ਕੈਪਟਨ ਨੇ ਕਿਹਾ ਕਿ ਉਹ ਬਾਰਡਰ ਏਰੀਏ ਦਾ ਦੌਰਾ ਕਰ ਕੇ ਆਏ ਹਨ। ਖ਼ੁਦ ਵੀ ਫ਼ੌਜ ‘ਚ ਰਹੇ ਹਨ। ਸਾਡੀ ਫ਼ੌਜ ਮਜ਼ਬੂਤ ਹੈ ਪਰ ਕੇਂਦਰ ਦੀ ਸਰਕਾਰ ਨੇ ਪੰਜਾਬ ‘ਚ ਚੋਣਾਂ ਦੇ ਸਨਮੁਖ ਐਵੇਂ ਲੋਕਾਂ ਦੇ ਘਰ ਖ਼ਾਲੀ ਕਰਾ ਲਏ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੋਦੀ ਨੇ ਬਿਨਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਕੀਤਾ।
from Punjab News – Latest news in Punjabi http://ift.tt/2dpdYqS
0 comments