ਗੇਟ ਦੀਆਂ ਪੌੜੀਆਂ ’ਤੇ ਤਵਾਜ਼ਨ ਗੁਆਉਣ ਕਰ ਕੇ ਲੋਕ ਇਕ-ਦੂਜੇ ਉਪਰ ਡਿੱਗੇ
ਲਖਨਊ : ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦੀ 10ਵੀਂ ਬਰਸੀ ਮੌਕੇ ਮੁਖੀ ਮਾਇਆਵਤੀ ਵੱਲੋਂ ਕੀਤੀ ਗਈ ਵੱਡੀ ਰੈਲੀ ਤੋਂ ਬਾਅਦ ਭੀੜ ’ਚ ਭਗਦੜ ਮਚਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜਣੇ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਿਕ ਦੋ ਗੇਟਾਂ ’ਚੋਂ ਇਕ ਗੇਟ ਦੀਆਂ ਪੌੜੀਆਂ ’ਤੇ ਤਵਾਜ਼ਨ ਗੁਆਉਣ ਕਰ ਕੇ ਲੋਕ ਇਕ-ਦੂਜੇ ਉਪਰ ਡਿੱਗ ਗਏ। ਅਚਾਨਕ ਮੱਚੀ ਭਗਦੜ ਕਾਰਨ ਬਿਜਨੌਰ ਦੀ ਸ਼ਾਂਤੀ ਦੇਵੀ (68) ਅਤੇ ਇਕ ਅਣਪਛਾਤੀ ਮਹਿਲਾਂ ਦੀ ਦਮ ਘੁੱਟਣ ਕਰ ਕੇ ਮੌਤ ਹੋ ਗਈ। ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਨਾਲ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਮੁਸਲਮਾਨਾਂ ਨੂੰ ਸੁਚੇਤ ਕੀਤਾ ਕਿ ਉਹ ਕਿਸੇ ਹੋਰ ਪਾਰਟੀ ਦੇ ਹੱਕ ’ਚ ਭੁਗਤ ਕੇ ਆਪਣੀ ਵੋਟ ਬੇਕਾਰ ਨਾ ਕਰ ਦੇਣ।
ਬਸਪਾ ਦੇ ਤਰਜਮਾਨ ਨੇ ਕਿਹਾ ਕਿ ਰੈਲੀ ਤੋਂ ਬਾਅਦ ਬਿਜਲੀ ਦੀ ਨੰਗੀ ਤਾਰ ਤੋਂ ਕਰੰਟ ਲੱਗਣ ਦੀ ਅਫ਼ਵਾਹ ਫੈਲਣ ਕਾਰਨ ਭਗਦੜ ਮੱਚੀ। ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਉਸ ਨੇ ਕਿਹਾ ਕਿ ਇਕ ਜ਼ਖ਼ਮੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਟਰੌਮਾ ਸੈਂਟਰ ’ਚ ਦਾਖ਼ਲ ਕਰਾਇਆ ਗਿਆ ਹੈ। ਉਧਰ ਪਾਰਟੀ ਦੀ ਸੂਬਾ ਇਕਾਈ ਦੇ ਮੁਖੀ ਰਾਮ ਅਚਲ ਰਾਜਭਰ ਨੇ ਕਿਹਾ ਕਿ ਮਹਿਲਾ ਦੀ ਮੌਤ ਹੁੰਮਸ ਅਤੇ ਗਰਮੀ ਲੱਗਣ ਕਾਰਨ ਹੋਈ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਨੂੰ ਵਧੀਆ ਇਲਾਜ ਦੇਣ ਦੇ ਉਨ੍ਹਾਂ ਨਿਰਦੇਸ਼ ਦਿੱਤੇ ਹਨ। ਬਸਪਾ ਨੇ ਵੀ ਦੋਵੇਂ ਮਹਿਲਾਵਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਘਟਨਾ ਬਾਰੇ ਪੁੱਛਣ ’ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਪੁਲੀਸ ਰੈਲੀ ਲਈ ਢੁੱਕਵੇਂ ਪ੍ਰਬੰਧ ਕਰਨ ’ਚ ਨਾਕਾਮ ਰਹੀ। ਉਨ੍ਹਾਂ ਪਾਰਟੀ ਵਰਕਰਾਂ ਨੂੰ ਭੀੜ ਦਾ ਧਿਆਨ ਰੱਖਣ ਅਤੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੀ ਹਦਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ 2002 ’ਚ ਵੀ ਬਸਪਾ ਦੀ ਰੈਲੀ ਤੋਂ ਬਾਅਦ ਚਾਰਬਾਗ਼ ਰੇਲਵੇ ਸਟੇਸ਼ਨ ’ਤੇ ਭਗਦੜ ਮਚਣ ਕਾਰਨ 12 ਪਾਰਟੀ ਵਰਕਰ ਮਾਰੇ ਗਏ ਸਨ ਅਤੇ 22 ਹੋਰ ਜਣੇ ਜ਼ਖ਼ਮੀ ਹੋਏ ਸਨ।
ਮੁਸਲਮਾਨਾਂ ਨੂੰ ਕੀਤਾ ਖ਼ਬਰਦਾਰ: ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਮਾਇਆਵਤੀ ਨੇ ਮੁਸਲਮਾਨਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਹੱਕ ’ਚ ਭੁਗਤ ਕੇ ਆਪਣੇ ਵੋਟ ਦਾ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਅੰਦਰ ਪਰਿਵਾਰਕ ਕਲੇਸ਼ ਪਿਆ ਹੋਇਆ ਹੈ ਜਦਕਿ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਦੋਂ ਦੀ ਇਸ ਪਾਰਟੀ ਨੇ ਕੇਂਦਰ ’ਚ ਸਰਕਾਰ ਬਣਾਈ ਹੈ, ਉਸ ਵੇਲੇ ਤੋਂ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ਤੋਂ ਘੱਟ ਗਿਣਤੀ ਦਾ ਦਰਜਾ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਰਕੂ ਤਾਕਤਾਂ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ ਅਤੇ ਮੁਸਲਮਾਨਾਂ ਨੂੰ ਲਵ ਜਹਾਦ, ਗਊ ਰੱਖਿਆ ਅਤੇ ਧਰਮ ਪਰਿਵਰਤਨ ਦੇ ਨਾਮ ’ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਇਆਵਤੀ ਨੇ ਯੂਪੀ, ਉੱਤਰਾਖੰਡ ਅਤੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨ ਦਾ ਵੀ ਐਲਾਨ ਕੀਤਾ।
ਮੋਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਬਸਪਾ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਸਰਜੀਕਲ ਹਮਲਿਆਂ ਦਾ ਲਾਹਾ ਲੈਣ ਲਈ ਨਾਟਕਬਾਜ਼ੀ ਕਰ ਰਹੀ ਹੈ ਅਤੇ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਵੰਡਾਇਆ ਜਾ ਰਿਹਾ ਹੈ। ਮਾਇਆਵਤੀ ਨੇ ਕਿਹਾ,‘‘ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਹਮਲਿਆਂ ਨੂੰ ਸਿਆਸੀ ਲਾਹਾ ਲੈਣ ਲਈ ਦੇਰੀ ਨਾਲ ਕੀਤਾ ਗਿਆ।’’ ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਫ਼ੌਜੀ ਕਾਰਵਾਈ ਕਰ ਲਈ ਜਾਂਦੀ ਤਾਂ ਉੜੀ ’ਚ 19 ਜਵਾਨਾਂ ਦੀ ਜਾਨ ਨਾ ਜਾਂਦੀ। ਉਨ੍ਹਾਂ ਮੁਤਾਬਕ ਭਾਜਪਾ ਆਗੂਆਂ ਨੂੰ ਸਨਮਾਨੇ ਜਾਣ ਦੀ ਥਾਂ ’ਤੇ ਫ਼ੌਜੀਆਂ ਦਾ ਸਨਮਾਨ ਹੋਣਾ ਚਾਹੀਦਾ ਸੀ।
ਮਾਇਆਵਤੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਭਾਜਪਾ ਤਰਜਮਾਨ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਬਿਆਨ ਸੋਭਦਾ ਨਹੀਂ ਹੈ। ਉਂਜ ਵੀ ਬਸਪਾ ਦੇ ਵੱਡੇ ਆਗੂਆਂ ਨੇ ਪਾਰਟੀ ਨੂੰ ਛੱਡਦਿਆਂ ਮਾਇਆਵਤੀ ’ਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲਾਏ ਹਨ। ਇਕ ਹੋਰ ਤਰਜਮਾਨ ਸਈਅਦ ਸ਼ਾਹਨਵਾਜ਼ ਹੁਸੈਨ ਨੇ ਮਾਇਆਵਤੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਵਾਨਾਂ ਦੀ ਬਹਾਦਰੀ ਦੀ ਸ਼ਲਾਘਾ ਕਰਨਾ ਸਿਆਸਤ ਨਹੀਂ ਹੁੰਦਾ।
from Punjab News – Latest news in Punjabi http://ift.tt/2dYsCdA
0 comments