ਇਸਲਾਮਾਬਾਦ : ਕੌਮਾਂਤਰੀ ਪੱਧਰ ‘ਤੇ ਅਲੱਗ-ਥਲੱਗ ਪੈ ਚੁੱਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਹੈਰਾਨੀ ਭਰੇ ਕਦਮ ਤਹਿਤ ਅਪਣੀ ਫ਼ੌਜ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਤਿਵਾਦੀਆਂ ਵਿਰੁਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ਅਤਿਵਾਦੀ ਧੜਿਆਂ ਨੂੰ ਪਨਾਹ ਨਾ ਦਿਤੀ ਜਾਵੇ, ਪਠਾਨਕੋਟ ਅਤਿਵਾਦੀ ਹਮਲੇ ਦੀ ਜਾਂਚ ਤੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੀ ਸੁਣਵਾਈ ਪੂਰੀ ਕੀਤੀ ਜਾਵੇ। ਡਾਨ ਅਖ਼ਬਾਰ ਅਨੁਸਾਰ ਫ਼ੌਜ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਿਚਾਲੇ ਕਈ ਦੌਰ ਦੀਆਂ ਬੈਠਕਾਂ ਤੋਂ ਬਾਅਦ ਸ਼ਰੀਫ਼ ਦਾ ਇਹ ਹੁਕਮ ਆਇਆ ਹੈ।
ਸਰਕਾਰ ਨੇ ਫ਼ੌਜ ਨੂੰ ਸਪੱਸ਼ਟ ਚੇਤਾਵਨੀ ਦਿਤੀ ਹੈ ਕਿ ਪਾਬੰਦੀਸ਼ੁਦਾ ਅਤਿਵਾਦੀ ਸਮੂਹਾਂ ਵਿਰੁਧ ਕਾਰਵਾਈ ਸਮੇਤ ਕਈ ਪ੍ਰਮੁੱਖ ਮੁੱਦਿਆਂ ‘ਤੇ ਆਮ ਸਹਿਮਤੀ ਬਣਾਈ ਜਾਵੇ। ਹਾਲੀਆ ਬੈਠਕਾਂ ਵਿਚ ਦੋ ਤਰ੍ਹਾਂ ਦੀ ਕਾਰਵਾਈ ‘ਤੇ ਸਹਿਮਤੀ ਬਣੀ ਜਿਸ ਵਿਚੋਂ ਇਕ ਨੂੰ ਜਨਤਕ ਨਹੀਂ ਕੀਤਾ ਗਿਆ। ਇਹ ਫ਼ੈਸਲਾ ਸੋਮਵਾਰ ਨੂੰ ਕਰਵਾਈ ਸਰਬ-ਪਾਰਟੀ ਸੰਮੇਲਨ ਦੌਰਾਨ ਲਿਆ ਗਿਆ ਸੀ। ਆਈਐਸਆਈ ਡਾਇਰੈਕਟਰ ਜਨਰਲ ਰਿਜਵਾਨ ਅਖ਼ਤਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਾਸਿਰ ਜੰਜੂਆ ਇਸ ਸੰਦੇਸ਼ ਨਾਲ ਸਾਰੇ ਰਾਜਾਂ ਦਾ ਦੌਰਾ ਕਰਨਗੇ ਕਿ ਪਾਬੰਦੀਸ਼ੁਦਾ ਅਤਿਵਾਦੀ ਸਮੂਹਾਂ ਵਿਰੁਧ ਕਾਨੂੰਨ ਇਨਫ਼ੋਰਸਮੈਂਟ ਏਜੰਸੀਆਂ ਦੀ ਕਾਰਵਾਈ ਦੀ ਹਾਲਤ ਵਿਚ ਫ਼ੌਜ ਦੀ ਅਗਵਾਈ ਵਾਲੀ ਖ਼ੁਫ਼ੀਆ ਏਜੰਸੀਆਂ ਦਖ਼ਲ ਨਾ ਕਰਨ।
ਸ਼ਰੀਫ਼ ਨੇ ਪਠਾਨਕੋਟ ਮਾਮਲੇ ਦੀ ਜਾਂਚ ਪੂਰੀ ਕਰਨ ਅਤੇ ਰਾਵਲਪਿੰਡੀ ਦੀ ਅਤਿਵਾਦੀ ਰੋਕੂ ਅਦਾਲਤ ਵਿਚ ਮੁੰਬਈ ਹਮਲਿਆਂ ‘ਤੇ ਮੁਲਤਵੀ ਸੁਣਵਾਈ ਮੁੜ ਤੋਂ ਸ਼ੁਰੂ ਕਰਨ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨ ਲਈ ਕਿਹਾ ਹੈ।
ਡਾਨ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਆਈਐਸਆਈ ਡਾਇਰੈਕਟਰ ਜਨਰਲ ਵਿਚਾਲੇ ਤਿੱਖੀ ਜ਼ੁਬਾਨੀ ਜੰਗ ਤੋਂ ਬਾਅਦ ਲਏ ਗਏ ਫ਼ੈਸਲੇ ਪੀਐਮਐਲ-ਐਨ ਸਰਕਾਰ ਦੇ ਨਵੇਂ ਦ੍ਰਿਸ਼ਟੀਕੋਣ ਨੂੰ ਉਜਾਗਰ ਕਰ ਰਹੇ ਹਨ। ਹਾਲ ਹੀ ਵਿਚ ਭਾਰਤੀ ਫ਼ੌਜ ਨੇ ਕੰਟਰੋਲ ਰੇਖਾ ਤੋਂ ਪਾਰ ਮਕਬੂਜ਼ਾ ਕਸ਼ਮੀਰ ਵਿਚ ਪੈਂਦੇ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾ ਕੇ ਕਈ ਅਤਿਵਾਦੀ ਮਾਰ ਦਿਤੇ ਸਨ। ਫ਼ੌਜ ਦੀ ਇਸ ਕਾਰਵਾਈ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰਾਂ ‘ਤੇ ਹੈ ਹਾਲਾਂਕਿ ਪਾਕਿਸਤਾਨ ਸਰਜੀਕਲ ਹਮਲੇ ਤੋਂ ਇਨਕਾਰ ਕਰ ਰਿਹਾ ਹੈ।
from Punjab News – Latest news in Punjabi http://ift.tt/2diEG4t
0 comments