ਬਠਿੰਡਾ : ਦਿੱਲੀ ਤੋਂ ਬਾਅਦ ਪੰਜਾਬ ‘ਚ ਸਰਕਾਰ ਬਣਾਉਣ ਦੀ ਆਸ ਲਾਈ ਬੈਠੀ ਆਮ ਆਦਮੀ ਪਾਰਟੀ ਪੰਜਾਬ ‘ਚ ਮਿਲੀ ਕਰਾਰੀ ਹਾਰ ਬਾਰੇ ਭਲਕੇ ਜਲੰਧਰ ਵਿਚ ਮੰਥਨ ਕਰੇਗੀ। ਪਾਰਟੀ ਵਲੋਂ ਜਿੱਤੇ-ਹਾਰੇ ਵਿਧਾਨ ਸਭਾ ਦੇ 117 ਉਮੀਦਵਾਰਾਂ ਦੇ ਨਾਲ-ਨਾਲ ਸਾਰੇ ਜ਼ੋਨਲ ਇੰਚਾਰਜਾਂ ਤੇ ਹੋਰ ਸੀਨੀਅਰ ਲੀਡਰਾਂ ਨੂੰ ਵੀ ਮੀਟਿੰਗ ਵਿਚ ਸ਼ਿਰਕਤ ਦਾ ਸੱਦਾ ਦਿਤਾ ਗਿਆ ਹੈ।
ਪੰਜਾਬ ਦੇ ਕੁੱਝ ਪਾਰਟੀ ਆਗੂਆਂ ਤੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਚਰਚਿਤ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੀ ਇਸ ਮੀਟਿੰਗ ਵਿਚ ਪੁੱਜ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ ਇਨ੍ਹਾਂ ਆਗੂਆਂ ਦੇ ਪੁਜਣ ਬਾਰੇ ਹਾਲੇ ਤਕ ਜਨਤਕ ਤੌਰ ‘ਤੇ ਜ਼ਿਆਦਾ ਕੁੱਝ ਨਹੀਂ ਕਿਹਾ ਜਾ ਰਿਹਾ ਹੈ। ਇਨ੍ਹਾਂ ਦੋਹਾਂ ਆਗੂਆਂ ਦੀ ਕਾਰਗੁਜ਼ਾਰੀ ਉਪਰ ਹੀ ਸਵਾਲ ਉੱਠ ਰਹੇ ਹਨ। ਉਂਜ ਪਾਰਟੀ ਆਗੂਆਂ ਕੋਲ ਪੁੱਜੀ ਸੂਚਨਾ ਮੁਤਾਬਕ ਮੀਟਿੰਗ ਵਿਚ ਮੁੱਖ ਤੌਰ ‘ਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਇਕਾਈ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ, ਚੀਫ਼ ਵ੍ਹਿਪ ਸੁਖਪਾਲ ਸਿੰਘ ਖਹਿਰਾ ਤੇ ਸੀਨੀਅਰ ਆਗੂ ਅਮਨ ਅਰੋੜਾ ਆਦਿ ਮੀਟਿੰਗ ਦੀ ਪ੍ਰਧਾਨਗੀ ਕਰਨਗੇ।
ਪਾਰਟੀ ਆਗੂਆਂ ਮੁਤਾਬਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕਪੂਰਥਲਾ ਰੋਡ ‘ਤੇ ਹੋਣ ਵਾਲੀ ਇਹ ਮੀਟਿੰਗ ਧਮਾਕੇਦਾਰ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਚੋਣਾਂ ਦੌਰਾਨ ਅਕਾਲੀਆਂ ਤੇ ਖ਼ਾਸ ਕਰ ਕੇ ਕਾਂਗਰਸ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਦਾ ਕੋਈ ਚਿਹਰਾ ਪੇਸ਼ ਨਾ ਕਰਨਾ, ਚੋਣਾਂ ਦੌਰਾਨ ਪੈਸੇ ਲੈ ਕੇ ਟਿਕਟਾਂ ਦੀ ਵੰਡ, ਅੰਦਰਖਾਤੇ ਕਈ ਉਮੀਦਵਾਰਾਂ ਨੂੰ ਦਿੱਲੀ ਲੀਡਰਸ਼ਿਪ ਵਲੋਂ ਹਰਾਉਣ ਦੀਆਂ ਰੀਪੋਰਟਾਂ ਅਤੇ ਦੂਜੀਆਂ ਪਾਰਟੀਆਂ ਵਿਚੋਂ ਆਏ ਆਗੂਆਂ ਨੂੰ ਟਿਕਟਾਂ ਦੇਣ ਆਦਿ ਵਰਗੇ ਮੁੱਦਿਆਂ ਉਪਰ ਉਂਗਲ ਉਠ ਸਕਦੀ ਹੈ। ਪਾਰਟੀ ਦੇ ਇਕ ਆਗੂ ਨੇ ਦਾਅਵਾ ਕੀਤਾ ਕਿ ਦਿੱਲੀ ਦੀ ਲੀਡਰਸ਼ਿਪ ਵਲੋਂ ਸੂਬਾਈ ਆਗੂਆਂ ਉਪਰ ਵਿਸ਼ਵਾਸ ਨਾ ਕਰਨਾ ਹੀ ਹਾਰ ਦਾ ਮੁੱਖ ਕਾਰਨ ਰਿਹਾ ਹੈ। ਹਾਲਾਂਕਿ ਪਾਰਟੀ ਦੀ ਵਿਧਾਇਕ ਤੇ ਸੂਬਾਈ ਮਹਿਲਾ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਇਨ੍ਹਾਂ ਅਫ਼ਵਾਹਾਂ ਨੂੰ ਗ਼ਲਤ ਕਰਾਰ ਦਿੰਦਿਆਂ ਪਾਰਟੀ ਦੀ ਲੀਡਰਸ਼ਿਪ ਨੂੰ ਸਹੀ ਮੰਨਿਆ। ਉਨ੍ਹਾਂ ਕਿਹਾ ਕਿ ਹਾਰ ਤੋਂ ਬਾਅਦ ਬਿਨਾਂ ਕਿਸੇ ਠੋਸ ਸਬੂਤ ਤੋਂ ਇਕ-ਦੂਜੇ ਉਪਰ ਉਂਗਲ ਉਠਾਉਣਾ ਸਹੀ ਨਹੀਂ ਹੈ।
ਉਧਰ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਚੋਣਾਂ ਦੌਰਾਨ ਸਟਾਰ ਪ੍ਰਚਾਰਕ ਰਹੇ ਭਗਵੰਤ ਮਾਨ ਨੇ ਪਾਰਟੀ ਮੀਟਿੰਗ ਵਿਚ ਹਾਰ ਦਾ ਮੰਥਨ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਅੰਦਰੂਨੀ ਮਾਮਲਾ ਹੈ ਤੇ ਪਾਰਟੀ ਵਲੋਂ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਨੂੰ ਵਿਚਾਰਨਾਂ ਸੁਭਾਵਕ ਹੈ। ਮਾਨ ਮੁਤਾਬਕ ਮੀਟਿੰਗ ਵਿਚ ਹੋਰ ਕਮੀਆਂ ਨੂੰ ਵੀ ਵਿਚਾਰਿਆ ਜਾਵੇਗਾ।
from Punjab News – Latest news in Punjabi http://ift.tt/2mGAdfx

0 comments