ਰੂਪਨਗਰ : ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੁਣੇ ਗਏ ਵਿਧਾਇਕ ਰਾਣਾ ਕੰਵਰਪਾਲ ਸਿੰਘ ਕਲ ਸੋਮਵਾਰ ਨੂੰ 23ਵੀਂ ਵਿਧਾਨ ਸਭਾ ਲਈ ਆਰਜੀ ਸਪੀਕਰ ਵਜੋ ਸਹੁੰ ਚੁਕਣਗੇ।
ਇਹ ਸਹੁੰ ਚੁਕ ਸਮਾਗਮ ਗਵਰਨਰ ਹਾਊਸ ਵਿਚ ਸਵੇਰੇ 11.00 ਵਜੇ ਹੋਵੇਗਾ। ਉਨ੍ਹਾਂ ਨੂੰ ਸਹੁੰ ਪੰਜਾਬ ਦੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਚੁਕਾਉਣਗੇ। ਇਸ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚਾ ਮੰਤਰੀ ਮੰਡਲ ਹਾਜ਼ਰ ਰਹੇਗਾ।
ਜ਼ਿਕਰਯੋਗ ਹੈ ਕਿ ਰਾਣਾ ਕੰਵਰਪਾਲ ਸਿੰਘ ਵਿਦਿਆਰਥੀ ਸਮੇਂ ਤੋਂ ਹੀ ਰਾਜਨੀਤੀ ਨਾਲ ਜੁੜ ਗਏ ਸਨ ਅਤੇ ਯੂਥ ਕਾਂਗਰਸ ਵਿਚ ਕਈ ਅਹਿਮ ਅਹੁਦਿਆਂ ‘ਤੇ ਤਾਇਨਾਤ ਰਹੇ। ਅਤਿਵਾਦ ਦੇ ਦੌਰ ਵਿਚ ਪੰਜਾਬ ਅਤੇ ਪੰਜਾਬੀਆਂ ਦੀ ਰਾਣਾ ਕੰਵਰਪਾਲ ਵਲੋਂ ਕੀਤੀ ਮਦਦ ਕੋਈ ਨਹੀਂ ਭੁਲ ਸਕਦਾ। ਇਕ ਕਾਮਯਾਬ ਵਕੀਲ ਹੋਣ ਦੇ ਨਾਲ-ਨਾਲ ਉਹ ਦੋ ਵਾਰ ਜ਼ਿਲ੍ਹਾ ਬਾਰ ਕੌਂਸਲ ਦੇ ਪ੍ਰਧਾਨ ਵੀ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਬੈਂਕ ਦੇ ਦੋ ਵਾਰ ਚੇਅਰਮੈਨ ਚੁਣੇ ਗਏ।
ਸਾਲ 2002 ਵਿਚ ਨੰਗਲ ਵਿਧਾਨ ਸਭਾ ਹਲਕੇ ਤੋਂ ਤਤਕਾਲੀ ਤਾਕਤਵਰ ਫ਼ੂਡ ਤੇ ਸਪਲਾਈ ਮੰਤਰੀ ਮਦਨ ਮੋਹਨ ਮਿੱਤਲ ਨੂੰ ਹਰਾ ਕੇ ਵਿਧਾਇਕ ਬਣੇ ਅਤੇ ਉਸ ਤੋਂ ਬਾਅਦ ਕੈਪਟਨ ਦੇ ਨਜ਼ਦੀਕ ਹੋਣ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਲਗਾਏ ਗਏ। ਬਾਅਦ ਵਿਚ ਕੈਪਟਨ ਸਰਕਾਰ ਵਿਚ ਹੀ ਸੰਸਦੀ ਸਕੱਤਰ ਰਹੇ।
from Punjab News – Latest news in Punjabi http://ift.tt/2miFVce

0 comments