ਚੰਡੀਗੜ੍ਹ: ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪੰਜਾਬ ਰਾਜ ਭਵਨ ਵਿੱਚ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਮਾਗਮ ਵਿੱਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਈ ਹੋਰ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ। ਉਨ੍ਹਾਂ ਨਾਲ ਦੋ ਰਾਜ ਮੰਤਰੀਆਂ ਸਣੇ ਨੌਂ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਗਈ।
ਕੈਪਟਨ ਅਮਰਿੰਦਰ ਸਿੰਘ ਸਵਾ ਦਸ ਵਜੇ ਫ਼ੌਜੀ ਮੈਡਲਾਂ ਨਾਲ ਸਜੀ ਕਾਲੀ ਵਾਸਕਟ ਪਹਿਨ ਕੇ ਸਮਾਗਮ ਵਿੱਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਨਾਲ ਆਏ। ਇਸ ਦੌਰਾਨ ਵਾਰ-ਵਾਰ ਘਡ਼ੀ ਦੀਆਂ ਸੂਈਆਂ ਵੱਲ ਵੇਖ ਰਹੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੇ 10.17 ਵਜ ਸਹੁੰ ਚੁੱਕ ਸਮਾਗਮ ਸ਼ੁਰੂ ਕਰਵਾਇਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਸਹੁੰ ਚੁੱਕਣ ਦਾ ਸੱਦਾ ਦਿਤਾ। ਉਨ੍ਹਾਂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਉਨ੍ਹਾਂ ਤੋਂ ਬਾਅਦ ਸਾਬਕਾ ਮੰਤਰੀ ਅਤੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੇ ਦੂਜੇ ਸਥਾਨ ’ਤੇ ਪੰਜਾਬੀ ਵਿੱਚ ਸਹੁੰ ਚੁੱਕੀ। ਉਹ ਸਹੁੰ ਚੁਕਦੇ ਸਮੇਂ ਅਟਕ ਗਏ ਤੇ ਫਿਰ ਐਨਕ ਲਾ ਕੇ ਸਹੁੰ ਚੁੱਕੀ। ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਠੁੱਕਦਾਰ ਤੇ ਬੁਲੰਦ ਆਵਾਜ਼ ਵਿੱਚ ਪੰਜਾਬੀ ’ਚ ਅਹੁਦੇ ਦਾ ਹਲਫ਼ ਲਿਆ ਤੇ ਫਿਰ ਉਹ ਸ੍ਰੀ ਗਾਂਧੀ ਅਤੇ ਡਾ. ਮਨਮੋਹਨ ਸਿੰਘ ਅਤੇ ਪਹਿਲੀ ਕਤਾਰ ਵਿੱਚ ਬੈਠੇ ਹੋਰ ਆਗੂਆਂ ਨੂੰ ਮਿਲੇ। ਉਨ੍ਹਾਂ ਨੂੰ ਤੀਜੇ ਸਥਾਨ ’ਤੇ ਸਹੁੰ ਚੁਕਾਉਣ ਨਾਲ ਹਾਲ ਦੀ ਘਡ਼ੀ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਮਾਮਲਾ ਠੰਢੇ ਬਸਤੇ ਵਿੱਚ ਪੈ ਗਿਆ ਜਾਪਦਾ ਹੈ। ਉਨ੍ਹਾਂ ਤੋਂ ਬਾਅਦ ਬਠਿੰਡਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਵੀ ਪੰਜਾਬੀ ਵਿੱਚ ਸਹੁੰ ਚੁੱਕੀ ਤੇ ਉਹ ਵੀ ਪਹਿਲੀ ਕਤਾਰ ਵਿੱਚ ਬੈਠੇ ਆਗੂਆਂ ਨੂੰ ਦੁਆ ਸਲਾਮ ਕਰ ਕੇ ਆਪਣੇ ਸੀਟ ’ਤੇ ਬੈਠੇ।
ਉਨ੍ਹਾਂ ਪਿਛੋਂ ਨਾਭਾ ਤੋਂ ਵਿਧਾਇਕ ਸਾਧੂ ਸਿੰਘ ਧਰਮਸੋਤ, ਫਤਿਹਗਡ਼੍ਹ ਚੂਡ਼ੀਆਂ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੰਜਾਬੀ ਵਿੱਚ ਸਹੁੰ ਚੁੱਕੀ, ਜਦਕਿ ਰਾਣਾ ਗੁਰਜੀਤ ਸਿੰਘ ਨੇ ਅੰਗਰੇਜ਼ੀ ਵਿੱਚ ਅਤੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਨੇਤਾ ਅਤੇ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਵਿੱਚ ਹਲਫ਼ ਲਿਆ। ਦੀਨਾਨਗਰ ਤੋਂ ਵਿਧਾਇਕਾ ਅਰੁਣਾ ਚੌਧਰੀ ਨੇ ਹਿੰਦੀ ਵਿੱਚ ਅਤੇ ਮਾਲੇਰਕੋਟਲਾ ਤੋਂ ਵਿਧਾਇਕਾ ਰਜ਼ੀਆ ਸੁਲਤਾਨਾ ਨੇ ਪੰਜਾਬੀ ਵਿੱਚ ਰਾਜ ਮੰਤਰੀਆਂ ਵਜੋਂ ਸਹੁੰ ਚੁੱਕੀ। ਇਸ ਪਿੱਛੋਂ ਮੁੱਖ ਮੰਤਰੀ ਤੇ ਮੰਤਰੀਆਂ ਨੇ ਰਾਜਪਾਲ ਨਾਲ ਫੋਟੋ ਖਿਚਵਾਈ। ਸਹੁੰ ਚੁੱਕ ਸਮਾਗਮ ਲਗਪਗ 25 ਮਿੰਟਾਂ ਵਿੱਚ ਸਮਾਪਤ ਹੋ ਗਿਆ।
ਕੁਝ ਸੀਨੀਅਰ ਕਾਂਗਰਸ ਵਿਧਾਇਕਾਂ ਨੂੰ ਮੰਤਰੀ ਨਾ ਬਣਾਏ ਜਾਣ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਉਹ ਵੀ ਜਲਦੀ ਵਜ਼ਾਰਤ ਵਿੱਚ ਸ਼ਾਮਲ ਹੋ ਜਾਣਗੇ, ਕੁਝ ਦਿਨਾਂ ਦਾ ਮਾਮਲਾ ਹੈ। ਇਸ ਮੌਕੇ ਮੁੱਖ ਮੰਤਰੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਹਡ਼੍ਹ ਹੀ ਆ ਗਿਆ। ਸ੍ਰੀ ਗਾਂਧੀ ਅਤੇ ਡਾ. ਮਨਮੋਹਨ ਸਿੰਘ ਨਾਲ ਚਾਹ ਪੀਣ ਸਮੇਂ ਸੁਰੱਖਿਆ ਜਵਾਨਾਂ ਨੇ ਜ਼ੋਰ ਲਾ ਕੇ ਮੀਡੀਆ ਤੇ ਹੋਰਾਂ ਨੂੰ ਪਿੱਛੇ ਕੀਤਾ। ਭੀਡ਼ ਵਧਣ ਕਰ ਕੇ ਰਾਜ ਭਵਨ ਦੇ ਇਕ-ਦੋ ਸ਼ੀਸ਼ੇ ਵੀ ਟੁੱਟ ਗਏ।
ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ, ਰਾਜਸਥਾਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਕ੍ਰਮਵਾਰ ਅਸ਼ੋਕ ਗਹਿਲੋਤ ਤੇ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਕੌਰ ਭੱਠਲ, ਅੰਬਿਕਾ ਸੋਨੀ, ਕਪਿਲ ਸਿੱਬਲ, ਆਨੰਦ ਸ਼ਰਮਾ, ਪਵਨ ਕੁਮਾਰ ਬਾਂਸਲ, ਆਸ਼ਾ ਕੁਮਾਰੀ, ਸਚਿਨ ਪਾਇਲਟ, ਹਰੀਸ਼ ਚੌਧਰੀ, ਅਸ਼ਵਨੀ ਕੁਮਾਰ, ਰਾਜ ਬੱਬਰ, ਅਸ਼ੋਕ ਤੰਵਰ, ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੇ ਪ੍ਰਤਾਪ ਸਿੰਘ ਬਾਜਵਾ, ਬਲਵੰਤ ਸਿੰਘ ਰਾਮੂਵਾਲੀਆ ਸਮਾਜਵਾਦੀ ਪਾਰਟੀ ਦੇ ਪ੍ਰਤੀਨਿਧ ਵਜੋਂ, ਸਾਬਕਾ ਵਿਦੇਸ਼ ਮੰਤਰੀ ਕੇ. ਨਟਵਰ ਸਿੰਘ, ਸਾਬਕਾ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਵਿਸ਼ੇਸ਼ ਵਿਅਕਤੀਆਂ ਲਈ ਬਣਾਈ ਸਟੇਜ ’ਤੇ ਪਹਿਲੀ ਕਤਾਰ ਬੈਠੇ ਹੋਏ ਸਨ। ਸੀਨੀਅਰ ਆਗੂ ਲਾਲ ਸਿੰਘ ਆਪਣੇ ਵਿਧਾਇਕ ਲਡ਼ਕੇ ਰਾਜਿੰਦਰ ਸਿੰਘ, ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕਾ ਗੁਰਇਕਬਾਲ ਕੌਰ ਆਪਣੇ ਵਿਧਾਇਕ ਲਡ਼ਕੇ ਅੰਗਦ ਸੈਣੀ ਅਤੇ ਮੁੱਖ ਮੰਤਰੀ ਦਾ ਪੂਰਾ ਕੋਡ਼ਮਾ ਹਾਜ਼ਰ ਸੀ। ਦਿੱਲੀ ਤੋਂ ਸਰਨਾ ਭਰਾ, ਕਈ ਅਖਬਾਰਾਂ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ, ਸੂਬੇ ਦੀ ਅਫਸਰਸ਼ਾਹੀ, ਪੱਛਮੀ ਕਮਾਂਡ ਦੇ ਸੀਨੀਅਰ ਫੌਜੀ ਅਧਿਕਾਰੀ ਅਤੇ ਕਈ ਸਾਬਕਾ ਫੌਜੀ ਵੀ ਹਾਜ਼ਰ ਸਨ।
ਸਮਾਗਮ ਵਿੱਚ ਹਾਜ਼ਰ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਮੰਤਰੀਆਂ ਨੂੰ ਕਮਰੇ ਅਤੇ ਘਰ ਅਲਾਟ ਕਰ ਦਿਤੇ ਗਏ ਹਨ। ਗੱਡੀਆਂ ਦਾ ਵੀ ਪ੍ਰਬੰਧ ਕਰ ਦਿਤਾ ਹੈ।
ਸਮਾਗਮ ਤੋਂ ਬਾਅਦ ਅੱਜ ਸ਼ਾਮੀ ਪੰਜਾਬ ਸਿਵਲ ਸਕੱਤਰੇਤ ਵਿਚਲੇ ਮੁੱਖ ਮੰਤਰੀ ਦਫਤਰ ਵਿੱਚ ਸਰਬ ਧਰਮ ਪ੍ਰਾਰਥਨਾ ਸਭਾ ਕਰਵਾਈ ਗਈ, ਜਿਵੇਂ ਕੈਪਟਨ ਦੇ ਪਹਿਲੀ ਵਾਰ ਮੁੱਖ ਮੰਤਰੀ ਬਣਨ ਉਤੇ 27 ਫਰਵਰੀ, 2002 ਕੀਤੀ ਗਈ ਸੀ। ਉਹ 10 ਸਾਲ 16 ਦਿਨਾਂ ਬਾਅਦ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।
ਮਨਪ੍ਰੀਤ ਵਿੱਤ ਤੇ ਮਹਿੰਦਰਾ ਬਣੇ ਸਿਹਤ ਮੰਤਰੀ
ਚੰਡੀਗਡ਼੍ਹ, 16 ਮਾਰਚ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਅਤੇ ਸਿਫਾਰਸ਼ ਉੱਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਨਵੇਂ ਮੰਤਰੀਆਂ ਨੂੰ ਵਿਭਾਗ ਅਲਾਟ ਕਰ ਦਿੱਤੇ ਹਨ। ਕੈਪਟਨ ਖ਼ੁਦ ਆਮ ਪ੍ਰਸ਼ਾਸ਼ਨ, ਪ੍ਰਸੋਨਲ, ਗ੍ਰਹਿ ਮਾਮਲੇ ਤੇ ਨਿਆਂ, ਵਿਜੀਲੈਂਸ ਅਤੇ ਕੈਬਨਿਟ ਮੰਤਰੀਆਂ ਨੂੰ ਅਲਾਟ ਨਾ ਕੀਤੇ ਗਏ ਹੋਰ ਵਿਭਾਗਾਂ ਦਾ ਕੰਮਕਾਜ ਦੇਖਣਗੇ।
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਿਹਤ ਤੇ ਪਰਿਵਾਰ ਭਲਾਈ, ਖੋਜ ਤੇ ਮੈਡੀਕਲ ਸਿੱਖਿਆ ਅਤੇ ਸੰਸਦੀ ਮਾਮਲੇ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਦਿੱਤੇ ਗਏ ਹਨ। ਬਠਿੰਡਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ, ਯੋਜਨਾ ਅਤੇ ਰੁਜ਼ਗਾਰ ਸਿਰਜਣ ਵਿਭਾਗ, ਸਾਧੂ ਸਿੰਘ ਧਰਮਸੋਤ ਨੂੰ ਅਨੁਸੂਚਿਤ ਜਾਤੀਆਂ ਅਤੇ ਪੱਛਡ਼ੀਆਂ ਸ਼੍ਰੇਣੀਆਂ ਦੀ ਭਲਾਈ ਵਿਭਾਗ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸਿੰਜਾਈ ਅਤੇ ਬਿਜਲੀ ਵਿਭਾਗ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਦਿੱਤਾ ਗਿਆ ਹੈ।
ਰਾਜ ਮੰਤਰੀ (ਆਜ਼ਾਦ ਚਾਰਜ) ਅਰੁਣਾ ਚੌਧਰੀ ਨੂੰ ਉਚੇਰੀ ਸਿੱਖਿਆ ਤੇ ਸਕੂਲ ਸਿੱਖਿਆ, ਜਦਕਿ ਰਾਜ ਮੰਤਰੀ (ਆਜ਼ਾਦ ਚਾਰਜ) ਰਜ਼ੀਆ ਸੁਲਤਾਨਾ ਨੂੰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ), ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਿੱਤੇ ਗਏ ਹਨ।
ਅਮਰਿੰਦਰ ਸਿਰ ਵੱਡੀ ਜ਼ਿੰਮੇਵਾਰੀ: ਮਨਮੋਹਨ
ਚੰਡੀਗਡ਼੍ਹ, 16 ਮਾਰਚ
ਕੈਪਟਨ ਅਮਰਿੰਦਰ ਸਿੰਘ ਦੇ ਹਲਫ਼ਦਾਰੀ ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਕੈਪਟਨ ਅਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਗੱਲਬਾਤ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਕਾਂਗਰਸ ਦੇ ਹੱਕ ਵਿੱਚ ਵੱਡਾ ਫ਼ਤਵਾ ਦਿੱਤਾ ਹੈ। ਇਸ ਫ਼ਤਵੇ ਨਾਲ ਪੰਜਾਬੀਆਂ ਦੀਆਂ ਬਹੁਤ ਆਸਾਂ ਜੁਡ਼ੀਆਂ ਹੋਈਆਂ ਹਨ। ਇਸ ਕਰ ਕੇ ਪੰਜਾਬ ਸਰਕਾਰ ਸਿਰ ਵੱਡੀ ਜ਼ਿੰਮੇਵਾਰੀ ਹੈ ਤੇ ਉਹ ਲੋਕਾਂ ਦੀਆਂ ਆਸਾਂ ’ਤੇ ਖਰੀ ਉੱਤਰ ਕੇ ਦਿਖਾਵੇ।
from Punjab News – Latest news in Punjabi http://ift.tt/2ntupee

0 comments