ਮਨਪ੍ਰੀਤ ਨੇ ਸਰਕਾਰੀ ਸੁਰੱਖਿਆ ਤੇ ਕਾਰ ਠੁਕਰਾਈ, ‘ਆਪ’ ਹਾਲੇ ਦੁਚਿੱਤੀ ’ਚ

 ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹੁੰ ਚੁੱਕ ਸਮਾਗਮ ਮਗਰੋਂ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। ਤਸਵੀਰ ’ਚ ਉਨ੍ਹਾਂ ਦੀ ਪਤਨੀ ਵੀ ਵਿਖਾਈ ਦੇ ਰਹੀ ਹੈ।


ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹੁੰ ਚੁੱਕ ਸਮਾਗਮ ਮਗਰੋਂ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। ਤਸਵੀਰ ’ਚ ਉਨ੍ਹਾਂ ਦੀ ਪਤਨੀ ਵੀ ਵਿਖਾਈ ਦੇ ਰਹੀ ਹੈ।

ਚੰਡੀਗੜ੍ਹ, 16 ਮਾਰਚ : ਪੰਜਾਬ ਦੇ ਨਵੇਂ ਬਣੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਪੰਜਾਬ ਦੇ ਅਜਿਹੇ ਪਹਿਲੇ ਵਜ਼ੀਰ ਬਣ ਗਏ, ਜਿਨ੍ਹਾਂ ਪੁਲੀਸ ਸੁਰੱਖਿਆ ਲੈਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਇਕ ਕੈਬਨਿਟ ਮੰਤਰੀ ਤੇ ਵਿਧਾਇਕ ਵਜੋਂ ਮਿਲਣ ਵਾਲੀ ਸਰਕਾਰੀ ਗੱਡੀ ਠੁਕਰਾ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਹਾਲੇ ਪੁਲੀਸ ਸੁਰੱਖਿਆ ਤੇ ਸਰਕਾਰੀ ਗੱਡੀਆਂ ਲੈਣ ਦਾ ਫ਼ੈਸਲਾ ਨਹੀਂ ਕੀਤਾ।

ਸ੍ਰੀ ਬਾਦਲ ਸਹੁੰ ਚੁੱਕ ਸਮਾਗਮ ਲਈ ਰਾਜ ਭਵਨ ਵਿਖੇ ਆਪਣੀ ਨਿਜੀ ਟੋਇਟਾ ਫਾਰਚੁਨਰ ਗੱਡੀ ਰਾਹੀਂ ਪੁੱਜੇ, ਜਿਸ ਨਾਲ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ। ਦੂਜੇ ਪਾਸੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀਆਂ ਤੇ ਵਿਧਾਇਕਾਂ ਹੀ ਨਹੀਂ ਸਗੋਂ ਹਾਕਮ ਧਿਰ ਵੱਲੋਂ ਥਾਪੇ ਵਿਵਾਦਗ੍ਰਸਤ ਹਲਕਾ ਇੰਚਾਰਜਾਂ ਨੂੰ ਵੀ ਦਰਜਨ-ਦਰਜਨ ਭਰ ਪੁਲੀਸ ਜਵਾਨ ਸੁਰੱਖਿਆ ਦੇ ਨਾਂ ’ਤੇ ਮਿਲੇ ਹੋਏ ਸਨ। ਇੰਨਾ ਹੀ ਨਹੀਂ ਪਿਛਲੀ ਸਰਕਾਰ ਨੇ ਤਾਂ ਦਿੱਲੀ ਵਿਚਲੇ ਅਕਾਲੀ ਆਗੂਆਂ ਨੂੰ ਵੀ 20-20 ਤੱਕ ਸੁਰੱਖਿਆ ਮੁਲਾਜ਼ਮ ਮੁਹੱਈਆ ਕੀਤੇ ਹੋਏ ਸਨ।

ਇਸ ਗੰਨਮੈਨ ਸੱਭਿਆਚਾਰ ਦਾ ਖ਼ਾਤਮਾ ਵੀ ਪੰਜਾਬ ਚੋਣਾਂ ਦਾ ਇਕ ਅਹਿਮ ਮੁੱਦਾ ਸੀ। ‘ਆਪ’ ਨੇ ਇਹ ਮੁੱਦਾ ਖ਼ਾਸ ਤੌਰ ’ਤੇ ਉਭਾਰਿਆ ਸੀ ਅਤੇ ਕਾਂਗਰਸ ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਦੇ ਖ਼ਾਤਮੇ ਦੀ ਗੱਲ ਆਖੀ ਸੀ। ਪਾਰਟੀ ਦਾ ਮੈਨੀਫੈਸਟੋ ਤਿਆਰ ਕਰਨ ਵਾਲੇ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਅਕਾਲੀ ਸਰਕਾਰ ਵਿੱਚ ਵੀ ਵਿੱਤ ਮੰਤਰੀ ਹੁੰਦਿਆਂ ਪੁਲੀਸ ਸੁਰੱਖਿਆ ਤੇ ਸਰਕਾਰੀ ਗੱਡੀ ਨਹੀਂ ਲਈ ਸੀ। ਉਂਜ ਦੂਜੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਸੁਰੱਖਿਆ ਲੈ ਲਈ ਹੈ।

ਵੀਹ ਵਿਧਾਇਕਾਂ ਵਾਲੀ ‘ਆਪ’ ਵੱਲੋਂ ਛੇਤੀ ਹੀ ਮੀਟਿੰਗ ਕਰ ਕੇ ਸੁਰੱਖਿਆ ਲੈਣ ਜਾਂ ਨਾ ਲੈਣ ਬਾਰੇ ਫ਼ੈਸਲਾ ਕੀਤਾ ਜਾਵੇਗਾ। ਪਾਰਟੀ ਦੇ ਵਿਧਾਇਕ ਦਲ ਦੇ ਮੁਖੀ ਤੇ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਆਖਿਆ ਕਿ ਹਾਲ ਦੀ ਘੜੀ ਪਾਰਟੀ ਦੇ ਕਿਸੇ ਵਿਧਾਇਕ ਨੇ ਪੁਲੀਸ ਸੁਰੱਖਿਆ ਜਾਂ ਗੱਡੀ ਨਹੀਂ ਲਈ। ਸ੍ਰੀ ਫੂਲਕਾ ਨੇ ਕਿਹਾ, ‘‘ਅਸੀਂ ਵੀਆਈਪੀ ਸੱਭਿਆਚਾਰ ਤੇ ਤਾਕਤ ਦੇ ਮੁਜ਼ਾਹਰੇ ਦੇ ਖ਼ਿਲਾਫ਼ ਹਾਂ। ਉਂਜ ਕੁਝ ਵਿਧਾਇਕਾਂ ਨੂੰ ਅਮਲੀ ਮੁਸ਼ਕਲਾਂ ਆ ਸਕਦੀਆਂ ਹਨ, ਜਿਨ੍ਹਾਂ ਕੋਲ ਆਪਣੀ ਗੱਡੀ ਨਹੀਂ ਹੈ। ਅਸੀਂ ਛੇਤੀ ਹੀ ਮੀਟਿੰਗ ਕਰ ਕੇ ਇਸ ਬਾਰੇ ਮਸ਼ਵਰਾ ਕਰਾਂਗੇ।’’

ਪਾਰਟੀ ਦੇ ਚੀਫ਼ ਵ੍ਹਿਪ ਸੁਖਪਾਲ ਖਹਿਰਾ ਨੇ ਵੀ ਕਿਹਾ ਕਿ ਪਾਰਟੀ ਵਿਧਾਇਕ ਜਲਦੀ ਹੀ ਇਸ ਬਾਰੇ ਕੋਈ ਫ਼ੈਸਲਾ ਲੈਣਗੇ। ਕੁਝ ‘ਆਪ’ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਨਾਲ ਸਬੰਧਤ ਐਸਐਚਓਜ਼ ਨੇ ਉਨ੍ਹਾਂ (ਵਿਧਾਇਕਾਂ) ਦੀ ਲੋੜ ਮੁਤਾਬਕ ਇਕ ਕਾਂਸਟੇਬਲ ਦੀ ਤਾਇਨਾਤੀ ਕੀਤੀ ਹੋਈ ਹੈ। ‘ਆਪ’ ਦੇ ਇਕ ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਫੇਰਾ-ਤੋਰਾ ਵੱਧ ਹੋਣ ਤੇ ਬੇਅਦਬੀ ਦੀਆਂ ਘਟਨਾਵਾਂ ਅਤੇ ਸਿਆਸੀ ਬਦਲਾਖੋਰੀ ਤਹਿਤ ਹਮਲਿਆਂ ਦੇ ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਗਾਰਦ ਲਾਜ਼ਮੀ ਹੈ। ਸਰਕਾਰੀ ਵਾਹਨਾਂ ਦੀ ਗੱਲ ਕਰਦਿਆਂ ‘ਆਪ’ ਵਿਧਾਇਕਾਂ ਨੇ ਕਿਹਾ ਕਿ ਰਾਜ ਦੇ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਨੂੰ ਮਾਰੂਤੀ ਜਿਪਸੀਆਂ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਨ੍ਹਾਂ ਦੀ ਹਾਲਤ ਪਹਿਲਾਂ ਹੀ ਬਦਤਰ ਹੈ। ਸਰਕਾਰ ਕੋਲ ਵਿਧਾਇਕਾਂ ਨੂੰ ਦੇਣ ਲਈ ਟੋਇਟਾ ਕੈਮਰੀ ਤੇ ਇਨੋਵਾ ਕਾਰਾਂ ਤੋਂ ਇਲਾਵਾ ਜਿਪਸੀਆਂ ਹਨ। ਇਨ੍ਹਾਂ ’ਚੋਂ ਵੱਡੀ ਗਿਣਤੀ ਵਾਹਨ ਕਾਂਗਰਸੀ ਵਿਧਾਇਕਾਂ ਨੇ ਮੱਲ ਲਏ ਹਨ ਜਦਕਿ ਬਚੀਆਂ-ਖੁਚੀਆਂ ਜਿਪਸੀਆਂ ਹੀ ‘ਆਪ’ ਤੇ ਅਕਾਲੀ ਵਿਧਾਇਕਾਂ ਦੇ ਹਿੱਸੇ ਆਈਆਂ ਹਨ।



from Punjab News – Latest news in Punjabi http://ift.tt/2m7HZUm
thumbnail
About The Author

Web Blog Maintain By RkWebs. for more contact us on rk.rkwebs@gmail.com

0 comments