ਬਟਾਲਾ : ਇੱਥੇ ਗੁਰੂ ਨਾਨਕ ਨਗਰ ਵਿੱਚ ਸਥਿਤ ਗੁਰਦੁਆਰਾ ਗੁਰੂ ਤੇਗ ਬਹਾਦਰ ਵਿੱਚ ਲੰਘੀ ਸ਼ਾਮ ਰਹਿਰਾਸ ਦੇ ਪਾਠ ਦੌਰਾਨ ਮੱਥਾ ਟੇਕਣ ਗਏ ਬੱਚਿਆਂ ਵਿੱਚੋਂ ਇਕ ਬੱਚੇ ਦੀ ‘ਪ੍ਰਸ਼ਾਦ’ ਖਾਣ ਤੋਂ ਬਾਅਦ ਮੌਤ ਹੋ ਗਈ, ਜਦੋਂ ਕਿ 30 ਬੱਚੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ। ਇਕ ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਪੁਲੀਸ ਨੇ ਗੁਰਦੁਆਰਾ ਦੇ ਗ੍ਰੰਥੀ ਪਰਮਜੀਤ ਸਿੰਘ ਪਿੰਡ ਸੰਗਰਾਵਾਂ ਖ਼ਿਲਾਫ਼ ਧਾਰਾ 302, 307 ਅਤੇ 328 ਤਹਿਤ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਐਸਐਚਓ ਨੇ ਦੱਸਿਆ ਕਿ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਗ੍ਰੰਥੀ ਦੀਆਂ ਸ਼ੱਕੀ ਗਤੀਵਿਧੀਆਂ ਦਿਸ ਰਹੀਆਂ ਹਨ, ਜਿਸ ਦੇ ਆਧਾਰ ’ਤੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਸਿਵਲ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਗ੍ਰੰਥੀ ਪਰਮਜੀਤ ਸਿੰਘ ਨੇ ਬੁੱਧਵਾਰ ਸ਼ਾਮੀਂ ਲਗਪਗ ਅੱਠ ਵਜੇ ਦੇ ਕਰੀਬ ‘ਪ੍ਰਸ਼ਾਦ’ ਦਿੱਤਾ। ਉਸ ਤੋਂ ਬਾਅਦ ਬੱਚਿਆਂ ਦੇ ਗਲੇ ਸੁੱਕਣ ਲੱਗ ਪਏ। ਪਹਿਲਾਂ ਤਾਂ ਪੀੜਤ ਮਾਪਿਆਂ ਨੇ ਇਸ ਨੂੰ ਹਲਕੇ ਵਿੱਚ ਲਿਆ ਪਰ ਬੱਚਿਆਂ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ’ਤੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ਹੋਰ ਮਾਪੇ ਬੱਚਿਆਂ ਨੂੰ ਲਿਆਉਣ ਲੱਗੇ। ਮ੍ਰਿਤਕ ਬੱਚੇ ਦੀ ਪਛਾਣ ਬਲਜੀਤ ਸਿੰਘ (ਡੇਢ ਸਾਲ) ਪੁੱਤਰ ਜਸਪਾਲ ਸਿੰਘ ਵਾਸੀ ਗੁਰੂ ਨਾਨਕ ਨਗਰ ਬਟਾਲਾ ਵਜੋਂ ਹੋਈ। ਜਦੋਂ ਕਿ ਛੇ ਸਾਲਾ ਬੱਚੀ ਰਣਬੀਰ ਕੌਰ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ।
ਸੂਚਨਾ ਮਿਲਦਿਆਂ ਹੀ ਡੀਸੀ ਪ੍ਰਦੀਪ ਅਗਰਵਾਲ, ਸਿਵਲ ਸਰਜਨ ਡਾ. ਐੱਚ.ਐੱਸ. ਘਈ, ਐੱਸਐੱਸਪੀ ਬਟਾਲਾ ਦੀਪਕ ਹਿਲੌਰੀ, ਐੱਸਡੀਐਮ ਪ੍ਰਿਥੀਪਾਲ ਸਿੰਘ ਅਤੇ ਐਸਐਮਓ ਬਟਾਲਾ ਡਾ. ਸੰਜੀਵ ਭੱਲਾ ਨੇ ਹਸਪਤਾਲ ਦਾ ਦੌਰਾ ਕੀਤਾ ਅਤੇ ਪੀੜਤ ਪਰਿਵਾਰਾਂ ਨੂੰ ਮਿਲੇ। ਐਸਐਮਓ ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਮ੍ਰਿਤਕ ਬੱਚੇ ਦਾ ਵਿਸਰਾ ਖਰੜ ਭੇਜਿਆ ਗਿਆ, ਉਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਸ਼੍ਰੋਮਣੀ ਕਮੇਟੀ ਨੇ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਟਾਲਾ ਵਿੱਚ ਵਾਪਰੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਜਾਂਚ ਵਾਸਤੇ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹਸਪਤਾਲ ਵਿੱਚ ਦਾਖ਼ਲ ਬੱਚਿਆਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਘਟਨਾ ਦੀ ਪੜਤਾਲ ਲਈ ਚਾਰ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿੱਚ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਤੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਦੇ ਮੈਨੇਜਰ ਮੇਜਰ ਸਿੰਘ ਸ਼ਾਮਲ ਹਨ। ਕਮੇਟੀ ਦਾ ਕੋਆਰਡੀਨੇਟਰ ਗੁਰਦੁਆਰਾ ਸ੍ਰੀ ਅਚੱਲ ਸਾਹਿਬ ਬਟਾਲਾ ਦੇ ਮੈਨੇਜਰ ਬਲਜੀਤ ਸਿੰਘ ਨੂੰ ਬਣਾਇਆ ਗਿਆ ਹੈ। ਇਸ ਕਮੇਟੀ ਵੱਲੋਂ ਰਿਪੋਰਟ ਸੌਂਪਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
from Punjab News – Latest news in Punjabi http://ift.tt/2mAbJpf

0 comments