Arjan Movie Review | Roshan Prince | Prachi Tehlan

5 ਮਈ ਨੂੰ ਅਰਜਨ ਫਿਲਮ ਰਿਲੀਜ਼ ਹੋਈ ਹੈ| ਪੰਜਾਬੀ ਫ਼ਿਲਮਾਂ ਦੀਆਂ ਕਾਫੀ ਚਰਚਿਤ ਸ਼ਖਸੀਅਤਾਂ ਫਿਲਮ ਲਈ ਖਾਸ ਤੌਰ ਤੇ ਰੱਖੇ ਗਏ ਸ਼ੋ ਵਿਚ ਸ਼ਾਮਿਲ ਹੋਈਆਂ| ਫਿਲਮ ਵਿਚ ਕਾਫੀ ਗੱਲਾਂ ਲੋਕਾਂ ਲਈ ਬਿਲਕੁਲ ਨਵੀਆਂ ਹਨ| ਜਿਵੇਂ ਕਿ ਰੋਸ਼ਨ ਪ੍ਰਿੰਸ ਪਹਿਲੀ ਵਾਰ ਪੱਗ ਬੰਨ ਕੇ ਲੋਕਾਂ ਸਾਹਮਣੇ ਆਇਆ ਹੈ| ਫਿਲਮ ਦੀ ਹੀਰੋਇਨ ਪ੍ਰਾਚੀ ਤਹਿਲਾਨ ਦੀ ਗੱਲ ਕਰੀਏ ਤਾਂ ਅਰਜਨ ਉਸਦੀ ਪਹਿਲੀ ਪੰਜਾਬੀ ਫਿਲਮ ਹੈ, ਪਰ ਫਿਰ ਵੀ ਉਹ ਪਰਦੇ ਤੇ ਜਚ ਰਹੀ ਹੈ| ਫਿਲਮ ਵਿਚ ਨਿਰਮਲ ਰਿਸ਼ੀ, ਬੀ. ਐਨ. ਸ਼ਰਮਾ, ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ, ਬਨਿੰਦਰਜੀਤ ਸਿੰਘ ਦੀ ਅਹਿਮ ਭੂਮਿਕਾ ਹੈ|

ਕਹਾਣੀ: ਫਿਲਮ ਦੀ ਕਹਾਣੀ ਨਿੰਮੀ ਅਤੇ ਅਰਜਨ ਦੇ ਆਲੇ ਦਵਾਲੇ ਘੁੰਮਦੀ ਹੈ| ਨਿੰਮੀ ਮਲੇਸ਼ੀਆ ਵਿਚ ਆਪਣੇ ਤਾਏ (ਸ਼ਿਵੰਦਰ ਮਾਹਲ) ਨਾਲ ਰਹਿੰਦੀ ਹੈ| ਉਸਦਾ ਤਾਇਆ ਨਿੰਮੀ ਦੀ ਰਹਿਣੀ ਸਹਿਣੀ ਨੂੰ ਪਸੰਦ ਨਹੀਂ ਕਰਦਾ ਅਤੇ ਉਸਦੇ ਭਵਿਖ ਲਈ ਫ਼ਿਕਰਮੰਦ ਹੈ| ਇੱਕ ਚੰਗੇ ਪੰਜਾਬੀ ਮੁੰਡੇ ਨਾਲ ਉਹ ਉਸਦਾ ਵਿਆਹ ਕਰਾਉਣਾ ਚਾਹੁੰਦਾ ਹੈ ਪਰ ਨਿੰਮੀ ਆਪਣੇ ਦੋਸਤਾਂ ਨਾਲ ਮਿਲ ਕੇ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੀ ਹੈ| ਪਿੰਡ ਦਾ ਦਿਲ ਕਹੇ ਜਾਣ ਵਾਲਾ ਅਰਜਨ (ਰੋਸ਼ਨ ਪ੍ਰਿੰਸ) ਪਿੰਡ ਵਿਚ ਹੀ ਜੁਗਾੜ ਲਗਾ ਕੇ ਆਪਣੀ ਭੈਣ ਦੇ ਇਲਾਜ ਲਈ ਪੈਸੇ ਜੋੜਦਾ ਹੈ| ਉਹ ਪੈਸੇ ਵਾਸਤੇ ਕੁਝ ਵੀ ਕਰ ਸਕਦਾ ਹੈ| ਨਿੰਮੀ ਦਾ ਤਾਇਆ ਨਿੰਮੀ ਦੀ ਮਾਸੀ (ਨਿਰਮਲ ਰਿਸ਼ੀ) ਦੀ ਡਿਊਟੀ ਲਾਉਂਦਾ ਹੈ ਕੇ ਉਹ ਉਸਦਾ ਵਿਆਹ ਕਿਸੇ ਚੰਗੇ ਜਿਹੇ ਮੁੰਡੇ ਨਾਲ ਕਰਾਵੇ| ਆਪਣੇ ਤਾਏ ਦੀ ਜ਼ਿੱਦ ਅੱਗੇ ਝੁਕ ਕੇ ਨਿੰਮੀ ਪੰਜਾਬ ਆ ਕੇ ਮੁੰਡੇ ਨਾਲ ਵਿਆਹ ਕਰਾਉਣ ਲਈ ਮੰਨ ਜਾਂਦੀ ਹੈ| ਨਿੰਮੀ ਦੇ ਪੰਜਾਬ ਆਉਣ ਤੇ ਕਹਾਣੀ ਵਿਚ ਕਾਫੀ ਦਿਲਚਸਪ ਮੋੜ ਆਉਂਦੇ ਹਨ| ਹਰ ਦੂਜੇ ਸੀਨ ਵਿਚ ਕੋਈ ਨਾ ਕੋਈ ਨਵੀ ਤਰਕੀਬ ਸਾਹਮਣੇ ਆ ਜਾਂਦੀ ਹੈ| ਦਰਸ਼ਕਾਂ ਨੂੰ ਇਹ ਬੰਨ ਕੇ ਰੱਖਣ ਲਈ ਕਾਫੀ ਹੈ|

ਨਿਰਦੇਸ਼ਕ ਮਨਦੀਪ ਸਿੰਘ ਵੱਲੋਂ ਕਹਾਣੀ ਨੂੰ ਬਾਖੂਬੀ ਲਿਖਿਆ ਅਤੇ ਬਣਾਇਆ ਗਿਆ ਹੈ| ਹਰ ਇੱਕ ਵਿਸ਼ਾ ਵਸਤੂ ਦਾ ਧਿਆਨ ਰੱਖਿਆ ਗਿਆ ਹੈ ਕੇ ਦਰਸ਼ਕਾਂ ਦਾ ਧਿਆਨ ਬਣਿਆ ਰਹੇ, ਅਜਿਹਾ ਕਰਨ ਵਿਚ ਉਹ ਕਾਮਯਾਬ ਵੀ ਰਹੇ ਹਨ| ਫਿਲਮ ਦੇ ਹਰ ਕਲਾਕਾਰ ਨੇ ਆਪਣੇ ਰੋਲ ਨੂੰ ਚੰਗੀ ਤਰਾਂ ਨਿਭਾਇਆ ਹੈ| ਬਨਿੰਦਰਜੀਤ ਸਿੰਘ (ਬੰਨੀ) ਇੱਕ ਚੰਗਾ ਕਲਾਕਾਰ ਹੈ| ਆਪਣੇ ਕਿਰਦਾਰ ਦੇ ਮੁਤਾਬਿਕ ਉਸਨੇ ਕਾਫੀ ਵਧੀਆ ਕੰਮ ਕੀਤਾ ਹੈ| ਨਿਰਮਲ ਰਿਸ਼ੀ ਅਤੇ ਬੀ. ਐਨ. ਸ਼ਰਮਾ ਨੇ ਇੱਕ ਵਾਰ ਫੇਰ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ| ਰੋਸ਼ਨ ਪ੍ਰਿੰਸ ਜਿਥੇ ਇੱਕ ਕਮਾਲ ਗਾਇਕ ਹੈ ਓਥੇ ਹੀ ਉਸਨੇ ਆਪਣੀ ਅਦਾਕਾਰੀ ਨਾਲ ਸਾਬਿਤ ਕਰ ਦਿੱਤਾ ਹੈ ਕੇ ਉਹ ਇੱਕ ਚੰਗਾ ਅਦਾਕਾਰ ਵੀ ਹੈ| ਨਿਰਦੇਸ਼ਕ ਨੇ ਵੀ ਉਸਦੇ ਕਿਰਦਾਰ ਨੂੰ ਨਿਖਾਰ ਕੇ ਪੇਸ਼ ਕੀਤਾ ਹੈ| ਪ੍ਰਾਚੀ ਪਰਦੇ ਤੇ ਬਿਲਕੁਲ ਵੀ ਓਪਰੀ ਨਹੀਂ ਲਗਦੀ| ਪੰਜਾਬੀ ਨਾਂ ਆਉਣ ਦੇ ਬਾਵਜੂਦ ਉਸਨੇ ਸਾਰੇ ਡਾਇਲੋਗ ਆਪ ਹੀ ਬੋਲੇ ਹਨ ਅਤੇ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਇਆ ਹੈ|

ਸੰਗੀਤ: ਫਿਲਮ ਦਾ ਸੰਗੀਤ ਜੱਸੀ ਕਟਿਆਲ, ਗੁਰਚਰਨ ਸਿੰਘ ਅਤੇ ਜੱਗੀ ਸਿੰਘ ਨੇ ਤਿਆਰ ਕੀਤਾ ਹੈ| ਫਿਲਮ ਦੇ ਸਾਰੇ ਹੀ ਗੀਤ ਆਪਣੀ ਛਾਪ ਛੱਡਣ ਵਿਚ ਕਾਯਾਬ ਰਹੇ ਹਨ| “ਦਰਾਂ ਤੇਰਿਆਂ ਤੇ” ਇੱਕ ਰੋਮਾੰਟਿਕ ਗੀਤ ਹੈ| “ਪਿਆਰ ਹੋਈ ਜਾਂਦਾ ਹੈ” ਇੱਕ ਸੂਫੀ ਗੀਤ ਹੈ ਜੋ ਕਿ ਨੂਰਾਂ ਭੈਣਾਂ ਵੱਲੋਂ ਗਾਇਆ ਗਿਆ ਹੈ| ਡੀ.ਜੇ. ਵਾਲਿਆ ਅਤੇ ਜ਼ਿੰਦਾਬਾਦ ਗੱਭਰੂ ਚੱਕਵੇਂ ਗੀਤ ਹਨ| ਫਿਲਮ ਦੇ ਸਾਰੇ ਹੀ ਗੀਤ ਸੋਸ਼ਲ ਮੀਡਿਆ ਤੇ ਕਾਫੀ ਚਰਚਾ ਵਿਚ ਰਹੇ ਹਨ|

ਅਰਜਨ ਫਿਲਮ ਨਾਲ ਪੰਜਾਬੀ ਫ਼ਿਲਮਾਂ ਨੂੰ ਇੱਕ ਰਫਤਾਰ ਮਿਲੇਗੀ| ਜਨਤਾ ਹੁਣ ਨਿਰਦੇਸ਼ਕਾਂ ਵੱਲੋਂ ਕੀਤੇ ਜਾਂਦੇ ਤਜ਼ਰਬਿਆਂ ਨੂੰ ਪ੍ਰਵਾਨ ਕਰਨ ਲੱਗੀ ਹੈ| ਲੋਕ ਹਰ ਫਿਲਮ ਵਿਚ ਕੁਝ ਨਵਾਂ ਦੇਖਣਾ ਚਾਹੁੰਦੇ ਹਨ| ਅਰਜਨ ਫਿਲਮ ਵਿਚ ਜਿੰਨੇ ਮੋੜ ਘੇੜ ਆਉਂਦੇ ਹਨ ਸ਼ਾਇਦ ਹੀ ਕਿਸੇ ਪੰਜਾਬੀ ਫਿਲਮ ਵਿਚ ਦੇਖਣ ਨੂੰ ਮਿਲਣ| ਇੱਕ ਤੋਂ ਬਾਅਦ ਇੱਕ ਪੰਜਾਬੀ ਫ਼ਿਲਮਾਂ ਦੇ ਸਫਲ ਹੋਣ ਨੇ ਸਾਬਿਤ ਕਰ ਦਿੱਤਾ ਹੈ ਕੇ ਲੋਕ ਹੁਣ ਪੰਜਾਬੀ ਸਿਨੇਮਾ ਵੱਲ ਵਾਪਿਸ ਆ ਰਹੇ ਹਨ ਅਤੇ ਚੰਗੀਆਂ ਫ਼ਿਲਮਾਂ ਦੀ ਉਹ ਕਦਰ ਕਰਨੀ ਵੀ ਜਾਣਦੇ ਹਨ|



from Punjabi Teshan http://ift.tt/2p7FhQi
via IFTTT
thumbnail
About The Author

Web Blog Maintain By RkWebs. for more contact us on rk.rkwebs@gmail.com

0 comments