ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਅਵਾਰਡ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ ਪੰਜਾਬ ਸਾਇੰਸ ਅਕੈਡਮੀ ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਲਈ ਚੁਣਿਆ ਗਿਆ। ਇਹ ਐਵਾਰਡ ਡਾ. ਢਿੱਲੋਂ ਨੂੰ 7 ਫਰਵਰੀ ਨੂੰ ਹੋਈ 19 ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ ਪ੍ਰਦਾਨ ਕੀਤਾ ਗਿਆ ।

ਡਾ. ਢਿੱਲੋਂ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਖੇਤੀ ਵਿਗਿਆਨੀ ਹਨ ਜਿਨ੍ਹਾਂ ਨੇ ਮੱਕੀ ਦੇ ਪਲਾਂਟ ਬਰੀਡਰ ਵਜੋਂ ਵਿਸ਼ੇਸ਼ ਨਾਮਣਾ  ਖੱਟਿਆ ਹੈ। ਉਹਨਾਂ ਭਾਰਤ ਅਤੇ ਵਿਦੇਸ਼ੀ ਅਦਾਰਿਆਂ ਵਿੱਚ ਵੱਖ- ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਈਆਂ ਹਨ । ਡਾ. ਢਿੱਲੋਂ ਕੌਮਾਂਤਰੀ ਪੱਧਰ ਦੇ ਪੌਦ ਜਨਣ ਅਦਾਰੇ ਐਨ ਬੀ ਪੀ ਜੀ ਆਰ ਦੇ ਨਿਰਦੇਸ਼ਕ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਸਿਸਟੈਂਟ ਡਾਇਰੈਕਟਰ ਜਨਰਲ, ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਿਰਦੇਸ਼ਕ ਖੋਜ ਰਹੇ ਹਨ ਅਤੇ ਮੈਕਸਿਕੋ ਵਿਖੇ ਸਥਿਤ ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ ‘ਸਿਮਟ’ ਵਿੱਚ ਐਸੋਸੀਏਟ ਵਿਗਿਆਨੀ ਅਤੇ ਜਰਮਨੀ ਦੀ ਯੂਨੀਵਰਸਿਟੀ ਵਿੱਚ ਵਿਗਿਆਨੀ ਵਜੋਂ ਵੀ  ਸੇਵਾਵਾਂ ਨਿਭਾ ਚੁੱਕੇ ਹਨ । ਉਹਨਾਂ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸ ਅਤੇ ਨੈਸ਼ਨਲ ਅਕੈਡਮੀ ਸਾਇੰਸ ਅਕੈਡਮੀ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ।

ਡਾ. ਢਿੱਲੋਂ ਨੂੰ ਜਰਮਨੀ ਦੇ ‘ਦਾਦ ਫੈਲੋਸ਼ਿਪ’ ਅਤੇ ‘ਅਲੈਗਜ਼ੈਂਡਰ ਵਾਨ ਹਮਬੋਲਟ ਫੈਲੋਸ਼ਿਪ’ ਲਈ ਵੀ ਚੁਣਿਆ ਗਿਆ ਹੈ । ਡਾ: ਢਿੱਲੋਂ, ਬੇਹਤਰੀਨ ਯੋਜਨਾ ਅਤੇ ਸਖਤ ਮਿਹਨਤ ਕਰਨ ਵਾਲੇ ਵਿਗਿਆਨੀ ਵਜੋਂ ਜਾਣੇ ਜਾਂਦੇ ਹਨ। ਉਪ ਕੁਲਪਤੀ ਅਤੇ ਖੋਜ ਨਿਰਦੇਸ਼ਕ ਵਜੋਂ ਉਨ੍ਹਾਂ ਨੇ ਕੁਦਰਤੀ ਸਰੋਤਾਂ ਦੀ ਢੁੱਕਵੀਂ ਵਰਤੋਂ, ਫਸਲ ਉਤਪਾਦਨ ਲਈ ਬਾਇਓ ਟੈਕਨਾਲੋਜੀ ਦੇ ਮਹੱਤਵ, ਭੋਜਨ ਪ੍ਰਾਸੈਸਿੰਗ, ਫ਼ਸਲਾਂ ਦੀ ਰਹਿੰਦ-ਖੁੰਹਦ ਦੀ ਸੁਚੱਜੀ ਸੰਭਾਲ ਵਰਗੇ ਮਸਲਿਆਂ ਨੂੰ ਆਪਣੇ ਕਾਰਜ ਖੇਤਰ ਵਿੱਚ ਪਹਿਲ ਦੇ ਆਧਾਰ ਤੇ ਸ਼ਾਮਿਲ ਕੀਤਾ। ਵਾਈਸ ਚਾਂਸਲਰ ਵਜੋਂ ਇਹ ਉਹਨਾਂ ਦੀ ਦੂਜੀ ਪਾਰੀ ਹੈ। ਉਹਨਾਂ ਦੇ ਕਾਰਜ-ਕਾਲ ਵਿਚ ਵੱਧ ਝਾੜ ਦੇਣ ਵਾਲੀਆਂ ਪਰ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਚੌਲਾਂ ਦੀਆਂ ਕਿਸਮਾਂ ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਘੱਟ ਬੀਜਾਂ ਵਾਲੇ ਕਿਨੂੰ, ਬਾਇਓ ਫਰਟੀਲਾਈਜ਼ਰ ਅਤੇ ਵਿਕਸਤ ਹੈਪੀ ਸੀਡਰ ਜਾਰੀ ਕੀਤੇ ਗਏ। ਵਿਦਿਅਰਾਥੀ ਅਤੇ ਫੈਕਲਟਝੀ ਦੇ ਅੰਤਰ-ਤਬਾਦਲਾ ਪ੍ਰੋਗਰਾਮ, ਸਹਿਕਾਰੀ ਖੋਜ ਅਤੇ ਤਕਨਾਲੋਜੀ ਦੇ ਵਪਾਰੀਕਰਨ ਵਿਚ ਯੂਨੀਵਰਸਿਟੀ ਨੇ ਉਨ੍ਹਾਂ ਦੀ ਅਗਵਾਈ ਵਿਚ ਮਹੱਤਵਪੂਰਨ ਕਾਰਜ ਕੀਤੇ। ਬੀਜ, ਭੋਜਨ ਪ੍ਰੋਸੈਸਿੰਗ ਅਤੇ ਖੇਤੀ ਮਸ਼ੀਨਰੀ ਦੇ ਖੇਤਰ ਵਿੱਚ ਯੂਨੀਵਰਸਿਟੀ ਨੇ ਸਮਰੱਥ ਯੋਗਦਾਨ ਪਾਇਆ।

ਇਹ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਕਿ ਡਾ: ਢਿੱਲੋਂ ਦੀ ਅਗਵਾਈ ਵਿੱਚ ਪੀ ਏ ਯੂ ਨੂੰ ਬੇਹਤਰੀਨ ਕਾਰਗੁਜ਼ਾਰੀ ਲਈ ‘ਐਗਰੀਕਲਚਰ ਲੀਡਰਸ਼ਿਪ ਐਵਾਰਡ-2015’ ਪ੍ਰਾਪਤ ਹੋਇਆ।

ਡਾ. ਢਿੱਲੋਂ ਨੂੰ ਇਸ ਤੋਂ ਪਹਿਲਾਂ ਵੱਕਾਰੀ ਡਾ. ਬੀ ਪੀ ਪਾਲ ਯਾਦਗਾਰੀ ਐਵਾਰਡ, ਵਿਗਿਆਨ ਅਤੇ ਤਕਨਾਲੋਜੀ ਲਈ ਓਮ ਪ੍ਰਕਾਸ਼ ਭਸੀਨ ਐਵਾਰਡ, ਰਫੀ ਅਹਿਮਦ ਕਿਦਵਈ ਯਾਦਗਾਰੀ ਐਵਾਰਡ, ਜੋਗਿੰਦਰ ਸਿੰਘ ਯਾਦਗਾਰੀ ਅਵਾਰਡ, ਡਾ. ਹਰਭਜਨ ਸਿੰਘ ਯਾਦਗਾਰੀ ਐਵਾਰਡ, ਜੇ ਸੀ ਬੋਸ ਨੈਸ਼ਨਲ ਫੈਲੋਸ਼ਿਪ ਆਦਿ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ।   ਉਹ ਪੰਜਾਬ ਅਕੈਡਮੀ ਆਫ ਸਾਇੰਸਜ, ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਿਜ਼ ਅਤੇ ਨੈਸ਼ਨਲ ਅਕੈਡਮੀ ਆਫ ਸਾਇੰਸਜ਼, ਇੰਡੀਆ ਵਰਗੀਆਂ ਮਹੱਤਵਪੂਰਨ ਅਕਾਦਮਿਕ/ਪ੍ਰੋਫੈਸ਼ਨਲ ਸੰਸਥਾਵਾਂ ਦੇ ਫੈਲੋ ਵੀ ਹਨ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1PytbBE
thumbnail
About The Author

Web Blog Maintain By RkWebs. for more contact us on rk.rkwebs@gmail.com

0 comments