ਸ਼ਾਮ ਸਿੰਘ ਅਟਾਰੀਵਾਲਾ ਦਾ ਸ਼ਹੀਦੀ ਦਿਹਾਡ਼ਾ ਸੂਬਾ ਪੱਧਰ ’ਤੇ ਮਨਾਇਆ

ਕੈਬਨਿਟ ਮੰਤਰੀ ਰਣੀਕੇ ਅਤੇ ਸਾਬਕਾ ਸੈਨਾ ਮੁਖੀ ਜੇਜੇ ਸਿੰਘ ਸਣੇ ਵੱਡੀ ਗਿਣਤੀ ਵਿੱਚ ਹਸਤੀਆਂ ਵੱਲੋਂ ਸ਼ਰਧਾਂਜਲੀ ਭੇਟ

ਗੇਟਵੇਅ ਆਫ ਇੰਡੀਆ ਵਿਖੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਤੇ ਹੋਰ।

ਗੇਟਵੇਅ ਆਫ ਇੰਡੀਆ ਵਿਖੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਤੇ ਹੋਰ।

ਅਟਾਰੀ, 10 ਫਰਵਰੀ : ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਦਾ 170ਵਾਂ ਸ਼ਹੀਦੀ ਦਿਹਾੜਾ ਅੱਜ ਗੇਟਵੇਅ ਆਫ ਇੰਡੀਆ (ਨਰਾਇਣਗੜ੍ਹ) ਅਤੇ ਅਟਾਰੀ ਸਥਿਤ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਸਮਾਰਕ ਵਿੱਚ ਮਨਾਇਆ ਗਿਆ। ਸੂਬਾ ਪੱਧਰੀ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਮੁੱਖ ਮਹਿਮਾਨ ਅਤੇ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼ਹੀਦੀ ਦਿਹਾੜੇ ਮੌਕੇ ਗੇਟਵੇਅ ਆਫ ਇੰਡੀਆ ਵਿਖੇ ਮੁੱਖ ਮਹਿਮਾਨ ਗੁਲਜ਼ਾਰ ਸਿੰਘ ਰਣੀਕੇ, ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਤੇ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ, ਲੈਫਟੀਨੈਂਟ ਜਨਰਲ ਪੱਛਮੀ ਕਮਾਂਡ ਐਸ ਥਾਪਾ, ਡਿਪਟੀ ਕਮਿਸ਼ਨਰ ਵਰੁਣ ਰੂਜਮ ਨੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੇ ਬੁੱਤ ’ਤੇ ਫੁੱਲ ਮਾਲਾ ਚਡ਼੍ਹਾਈ। ਇਸ ਮੌਕੇ ਪੰਜਾਬ ਪੁਲੀਸ ਅਤੇ ਫ਼ੌਜ ਦੇ ਜਵਾਨਾਂ ਨੇ ਸ਼ਾਮ ਸਿੰਘ ਅਟਾਰੀਵਾਲਾ ਨੂੰ ਸਲਾਮੀ ਦਿੱਤੀ।
ਇਸ ਮੌਕੇ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮਹਿਮਾਨ ਸ੍ਰੀ ਰਣੀਕੇ ਨੇ ਕਿਹਾ ਕਿ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਸਿੱਖ ਕੌਮ ਦੇ ਮਹਾਨ ਜਰਨੈਲ ਹੋਏ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰਹੇਗੀ। ਇਸੇ ਦੌਰਾਨ ਗੇਟਵੇਅ ਆਫ ਇੰਡੀਆ ਵਿਖੇ ਸਕੂਲੀ ਬੱਚਿਆਂ ਵੱਲੋਂ ਬੀਰ ਰਸ ਅਤੇ ਦੇਸ਼-ਭਗਤੀ ਨਾਲ ਭਰਪੂਰ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜੁਗਰਾਜ ਸਿੰਘ ਰੰਧਾਵਾ, ਡੀਸੀਪੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਕੌਂਸਲਰ ਓਮ ਪ੍ਰਕਾਸ਼ ਗੱਬਰ, ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਅਕਾਲੀ ਆਗੂ ਜਗਤਾਰ ਸਿਘ ਮਾਨ ਵੀ ਹਾਜ਼ਰ ਸਨ।
ਇਸ ਮਗਰੋਂ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਸਮਾਰਕ, ਅਟਾਰੀ ਵਿੱਚ ਵੀ ਸ਼ਹੀਦੀ ਸਮਾਗਮ ਕਰਾਇਆ ਗਿਆ। ਅਖੰਡ ਪਾਠ ਦੇ ਭੋਗ ਮਗਰੋਂ ਹਜ਼ੂਰੀ ਰਾਗੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਕੀਤਾ। ਇਸ ਮੌਕੇ ਧਾਰਮਿਕ ਦੀਵਾਨ ਵੀ ਸਜਾਏ ਗਏ। ਵੱਡੀ ਗਿਣਤੀ ਲੋਕਾਂ ਨੇ ਅਟਾਰੀ ਪੁੱਜ ਕੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਨਰਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਦੇ ਚੇਅਰਮੈਨ ਕਰਨਲ ਕੁਲਦੀਪ ਸਿੰਘ ਅਤੇ ਜਨਰਲ ਸਕੱਤਰ ਕਰਨਲ ਹਰਿੰਦਰ ਸਿੰਘ ਅਟਾਰੀ ਨੇ  ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਤੇ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਦਾ ਅਟਾਰੀ ਪੁੱਜਣ ’ਤੇ ਨਿੱਘਾ ਸਵਾਗਾਤ ਕੀਤਾ। ਇਸ ਮੌਕੇ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਯਾਦਗਾਰੀ ਕੰਪਲੈਕਸ ਅਟਾਰੀ ਵਿਖੇ ਅਜਾਇਬ ਘਰ ਵੇਖਿਆ ਅਤੇ ਵਿਜ਼ਟਰ ਬੁੱਕ ਆਪਣਾ ਸੰਦੇਸ਼ ਦਰਜ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੋ ਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਨਿਡਰ ਅਤੇ ਬਹਾਦਰ ਜਰਨੈਲ ਸਨ। ਇਸ ਮੌਕੇ ਕਰਨਲ ਕੁਲਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਨਰਲ ਸ਼ਾਮ ਸਿੰਘ ਅਟਾਰੀਵਾਲਾ ਟਰੱਸਟ ਵੱਲੋਂ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਨੂੰ ਸਿਰੋਪਾਓ ਅਤੇ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਅਟਾਰੀਵਾਲਾ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਰਨਲ ਕੁਲਦੀਪ ਸਿੰਘ ਸਿੱਧੂ, ਕਰਨਲ ਹਰਿੰਦਰ ਸਿੰਘ ਅਟਾਰੀ, ਜਸਜੀਤ ਸਿੰਘ ਸਿੱਧੂ ਅਟਾਰੀ, ਸਮਰਜੀਤ ਸਿੰਘ ਸਿੱਧੂ ਅਟਾਰੀ, ਰਵੀਇੰਦਰ ਸਿੰਘ ਦੇਹਰਾਦੂਨ, ਦਿਨੇਸ਼ ਸਿੰਘ ਸਿੱਧੂ, ਬੀਰਦਵਿੰਦਰ ਸਿੰਘ ਸਿੱਧੂ ਤੇ ਜ਼ਿਲ੍ਹਾ ਖੇਡ ਅਫ਼ਸਰ ਹਰਪਾਲਜੀਤ ਕੌਰ ਵੀ ਹਾਜ਼ਰ ਸਨ।



from Punjab News – Latest news in Punjabi http://ift.tt/1XklmEN
thumbnail
About The Author

Web Blog Maintain By RkWebs. for more contact us on rk.rkwebs@gmail.com

0 comments