ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਜਿੰਮੇਵਾਰ ਮੁਗਲ ਬਾਦਸ਼ਾਹ ਔਰੰਗਜੇਬ ਦੇ ਨਾਂ ਤੇ ਦਿੱਲੀ ਵਿਖੇ ਅਜੇ ਵੀ ਔਰੰਗਜੇਬ ਲੇਨ ਮੌਜੂਦ ਹੈ। ਉਕਤ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਵੱਲੋਂ ਨਵੀਂ ਦਿੱਲੀ ਨਗਰ ਪਰਿਸ਼ਦ (ਐਨ.ਡੀ.ਐਮ.ਸੀ.) ਕੋਲ ਇਸ ਬਾਬਤ ਲਗਾਈ ਗਈ ਆਰ.ਟੀ.ਆਈ. ਦੇ ਜਵਾਬ ਤੋਂ ਸਾਹਮਣੇ ਆਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੌਲੀ ਨੇ ਐਨ.ਡੀ.ਐਮ.ਸੀ. ਦੀ ਕਾਰਜਸ਼ੈਲੀ ’ਤੇ ਸਵਾਲ ਵੀ ਖੜੇ ਕੀਤੇ।
ਜੌਲੀ ਨੇ ਕਿਹਾ ਕਿ ਐਨ.ਡੀ.ਐਮ.ਸੀ. ਦੀ ਇਸ ਮਸਲੇ ਤੇ ਗੰਭੀਰਤਾ ਦਾ ਨਜ਼ਾਰਾ ਆਰ.ਟੀ.ਆਈ. ਦਾ ਜਵਾਬ ਖੁਦ ਦੇ ਰਿਹਾ ਹੈ। ਜੌਲੀ ਨੇ ਕਮੇਟੀ ਵੱਲੋਂ ਬੀਤੇ ਵਰ੍ਹੇ ਰੋਡ ਦਾ ਨਾਮ ਬਦਲੇ ਜਾਣ ਦੀ ਮੁਹਿੰਮ ਚਲਾਉਣ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਔਰੰਗਜੇਬ ਰੋਡ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਰੱਖਣ ਦੀ ਬੜੀ ਵੱਡੀ ਮੁਹਿੰਮ ਸ਼ੋਸਲ ਮੀਡੀਆ ਤੇ ਆਨਲਾਈਨ ਪਟੀਸ਼ਨ ਰਾਹੀਂ ਚਲਾਈ ਗਈ ਸੀ ਪਰ ਐਨ.ਡੀ.ਐਮ.ਸੀ.ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ.ਅਬਦੁਲ ਕਲਾਮ ਦੇ ਨਾਂ ਤੇ ਰੋਡ ਦਾ ਨਾਂ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ। ਜਿਸ ਤੋਂ ਬਾਅਦ ਰੋਡ ਦਾ ਨਾਂ ਬਦਲ ਕੇ ਕਲਾਮ ਦੇ ਨਾਂ ਤੇ ਹੋ ਗਿਆ ਪਰ ਅੱਜ ਵੀ ਲੇਨ ਦਾ ਨਾਮ ਔਰੰਗਜੇਬ ਲੇਨ ਦੇ ਨਾਂ ਤੇ ਹੀ ਹੈ। ਜਿਸ ਨੂੰ ਖੁਦ ਹੁਣ ਐਨ.ਡੀ.ਐਮ.ਸੀ. ਨੇ ਆਰ.ਟੀ.ਆਈ. ਦੇ ਜਵਾਬ ਰਾਹੀਂ ਹੁਣ ਮੰਨ ਲਿਆ ਹੈ।
ਜੌਲੀ ਨੇ ਐਨ.ਡੀ.ਐਮ.ਸੀ. ਦੀ ਇਸ ਕੋਤਾਹੀ ਲਈ ਦਿੱਲੀ ਵਿਖੇ ਸਿੱਖਾਂ ਦੀ ਘਟ ਅਬਾਦੀ ਨੂੰ ਜਿੰਮੇਵਾਰ ਦੱਸਦੇ ਹੋਏ ਐਨ.ਡੀ.ਐਮ.ਸੀ. ’ਚ ਰਾਜ ਦਾ ਸੁਆਦ ਚੁੱਕ ਰਹੇ ਸਿਆਸੀ ਆਗੂਆਂ ਨੂੰ ਕਰੜੇ ਹੱਥੀ ਲਿਆ। ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੇ ਐਨ.ਡੀ.ਐਮ.ਸੀ. ਦਾ ਮੈਂਬਰ ਹੋਣ ਦੇ ਬਾਵਜੂਦ ਸਿੱਖਾਂ ਦੀ ਇਸ ਚਿਰੋਕਣੀ ਮੰਗ ਅਤੇ ਔਖਲਾ ਤੋਂ ਆਪ ਵਿਧਾਇਕ ਅਮਾਨਤੁੱਲਾ ਖਾਨ ਵੱਲੋਂ ਔਖਲਾ-ਕਾਲਿੰਦੀ ਕੂੰਜ ਰੋਡ ਦਾ ਨਾਮ ਔਰੰਗਜੇਬ ਦੇ ਨਾਮ ਤੇ ਰੱਖਣ ਦੇ ਬੋਰਡ ਲਗਾਉਣ ਤੇ ਵੀ ਕੇਜਰੀਵਾਲ ਵੱਲੋਂ ਧਾਰੀ ਚੁੱਪ ਦੀ ਜੌਲੀ ਨੇ ਲੋਕਸ਼ਾਹੀ ’ਚ ਸਿਰਾਂ ਦੀ ਗਿਣਤੀ ਦਾ ਮੁੱਲ ਸਿਆਸੀ ਆਗੂਆਂ ਵੱਲੋਂ ਆਪਣੇ ਦਿਮਾਗ ਵਿਚ ਰੱਖਣ ਦੇ ਫਾਰਮੂਲੇ ਨਾਲ ਤੁਲਨਾ ਕੀਤੀ।
from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1TTjAun
0 comments