ਕਿਸਾਨਾਂ ਲਈ ਮੌਸਮ ਤੇ ਫ਼ਸਲਾਂ ਦਾ ਵੇਰਵਾ

ਲੁਧਿਆਣਾ : ਆਉਣ ਵਾਲੇ 72 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਬਾਰਿਸ਼/ ਛਿਟੇ ਪੈਣ ਦੀ ਵੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ਵਿਚ ਵਧ ਤੋਂ ਵਧ ਤਾਪਮਾਨ 21-24 ਅਤੇ ਘਟ ਤੋਂ ਘਟ ਤਾਪਮਾਨ 2-12 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿਚ ਹਵਾ ਵਿਚ ਵੱਧ ਤੋਂ ਵੱਧ ਨਮੀ 71-79 % ਅਤੇ ਘੱਟ ਤੋਂ ਘੱਟ ਨਮੀ ਲਗਭਗ 41-48 % ਤਕ ਰਹਿਣ ਦਾ ਅਨੁਮਾਨ ਹੈ।

ਮੌਜੂਦਾ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਫਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ।ਪੀਲੀ ਕੁੰਗੀ  ਦੀਆਂ ਨਿਸ਼ਾਨੀਆਂ ਵੇਖਦੇ ਹੀ ਫਸਲ ਤੇ ਟਿਲਟ ਜਾਂ ਬੰਪਰ ਜਾਂ ਸਟਿਲਟ ਜਾਂ ਸ਼ਾਇਨ ਜਾਂ ਕੰਮਪਾਸ ਜਾਂ ਮਾਰਕਜੋਲ (ਇਕ ਮਿ:ਲਿ ਇਕ ਲਿਟਰ ਪਾਣੀ) ਦਾ ਛਿੜਕਾਅ  ਕਰੋ।ਜੇਕਰ ਸਰ੍ਹੋਂ ਅਤੇ ਰਾਇਆ ਤੇ ਤੇਲਾ ਨੁਕਸਾਨ ਕਰਨ ਦੀ ਸਮਰਥਾ ਤੇ ਪਹੁੰਚ ਜਾਂਦਾ ਹੈ ਤਾਂ ਫ਼ਸਲ ਨੂੰ 40 ਗਰਾਮ ਐਕਟਾਰਾ 25 ਤਾਕਤ ਜਾਂ 400 ਮਿਲੀਲਿਟਰ ਰੋਗਰ 30 ਤਾਕਤ ਜਾਂ ਏਕਾਲਕਸ 25 ਤਾਕਤ ਜਾਂ 600 ਮਿਲੀਲਿਟਰ ਡਰਸਬਾਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਦੁਪਿਹਰ ਤੋਂ ਬਾਅਦ ਕਰੋ, ਜਦੋਂ ਪਰਾਗਣ ਕਿਰਿਆ ਕਰਨ ਵਾਲੇ ਕੀੜੇ ਘੱਟ ਹਰਕਤ ਵਿਚ ਹੁੰਦੇ ਹਨ।ਸਰੋਂ ਅਤੇ ਰਾਇਆ ਦੇ ਝੁਲਸ ਰੋਗ ਨੂੰ ਕਾਬੂ ਕਰਨ ਲਈ ਇੰਡੋਫਿਲ ਐਮ-45, 250 ਗ੍ਰਾਮ ਨੂੰ 100 ਲੀਟਰ ਪਾਣੀ ਵਿਚ ਪਾ ਕੇ ਛਿੜਕਾਅ ਕਰੋ।

ਇਹ ਮੌਸਮ ਆਲੂਆਂ ਦੀ ਬੀਜ ਵਾਲੀ ਫਸਲ ਦੇ ਪਿਛੇਤੇ ਝੁਲਸ ਰੋਗ ਤੇ ਬਿਮਾਰੀ ਲਈ ਬਹੁਤ ਅਨੁਕੂਲ ਹੈ।ਗੰਭੀਰ ਹਾਲਤਾਂ ਵਿਚ ਰਿਡੋਮਿਲ ਐਮ-ਜੈਡ ਜਾਂ ਕਰਜਟ ਐਮ 8 ਜਾਂ ਸੈਕਟਿਨ ਜਾਂ ਈਕੂਏਸ਼ਨ ਪ੍ਰੋ ਜਾਂ ਰੀਵਸ ਦਾ ਛਿੜਕਾਅ ਕਰੋ।ਪਿਛੇਤੇ ਝੁਲਸ ਰੋਗ ਦੀ ਰੋਕਥਾਮ ਕਨਟੈਕਟ ਉਲੀਨਾਸ਼ਕ ਜਿਵੇਂ ਕਿ ਇੰਡੋਫਿਲ ਐਮ-45/ ਐਨਟਰਾਕੋਲ/ ਕਵਚ/ ਮਾਸ ਐਮ-45/ ਮਾਰਕਜੈਬ 700 ਗ੍ਰਾਮ ਪ੍ਰਤੀ ਏਕੜ ਨਾਲ ਵੀ ਕੀਤੀ ਜਾ ਸਕਦੀ ਹੈ। ਲੋੜ ਅਨੁਸਾਰ ਉਲੀਨਾਸ਼ਕਾਂ ਦੀ ਵਰਤੋਂ ਲਈ ਵੈਬ ਅਧਾਰਿਤ ਪ੍ਰਣਾਲੀ ਦੀ ਵਰਤੋ ਕਰੋ।

ਇਸ ਮਹੀਨੇ ਦੇ ਪਹਿਲੇ ਪੰਦਰਵਾੜੇ ਵਿ¤ਚ ਟਮਾਟਰਾਂ ਦੀ ਪਨੀਰੀ ਲਗਾ ਦਿਉ। ਸ਼ਲਗਮ ਅਤੇ ਗਾਜਰ ਦਾ ਵਧੀਆ ਬੀਜ ਬਣਾਉਣ ਲਈ ਡੱਕ ਲਗਾ ਦਿਉ।ਮਟਰਾਂ ਦੀ ਕੁੰਗੀ ਦੀ ਰੋਕਥਾਮ ਲਈ ਇੰਡੋਫਿਲ ਐਮ-45 400 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।  ਮਟਰਾਂ ਦੀ ਚਿਟੋਂ ਦੀ ਰੋਕਥਾਮ ਲਈ 80 ਮਿ ਲੀ ਕੈਰਾਥੇਨ ਜਾਂ 600 ਗ੍ਰਾਮ ਸਲਫੈਕਸ 200 ਲੀਟਰ ਪਾਣੀ ਵਿਚ ਪਾ ਕੇ ਛਿੜਕਾਅ ਕਰੋ।ਲੋੜ ਪੈਣ ਤੇ ਛਿੜਕਾਅ 10 ਦਿਨਾਂ ਬਾਅਦ ਦੁਹਰਾਉ।

ਪਤਝੜੀ ਕਿਸਮ ਦੇ ਨਵੇਂ ਫਲਦਾਰ ਬੂਟੇ ਜਿਵੇਂ ਕਿ ਅੰਗੂਰ ਅਤੇ ਨਾਸ਼ਪਾਤੀ ਦੇ ਬੂਟੇ ਲਾਉਣ ਦਾ ਕੰਮ ਫੋਟ ਆਉਣ ਤੋਂ ਪਹਿਲਾਂ ਨਿਪਟਾ ਲਵੋ। ਬੇਰ, ਅਮਰੂਦ ਅਤੇ ਲੁਕਾਂਠ ਤੋਂ ਬਿਨਾਂ ਫਲਦਾਰ ਬੂਟਿਆਂ ਨੂੰ ਸਿਫਾਰਸ਼ਾਂ ਅਨੁਸਾਰ ਰਸਾਇਣਿਕ ਖਾਦਾਂ ਪਾਉ ।ਛੋਟੇ ਬੂਟਿਆ ਨੂੰ ਦੇਰੀ ਨਾਲ ਪਈ ਠੰਢ/ ਕੋਰੇ ਤੋਂ ਬਚਾਉਣ ਲਈ ਸਰਕੰਡੇ/ ਪੋਲੀਥੀਨ ਨਾਲ ਢਕ ਦਿਉ।ਨਵੇਂ ਲਾਏ ਬੂਟਿਆਂ ਨੂੰ ਲਗਾਤਾਰ ਹਲਕੀਆਂ ਸਿੰਚਾਈਆ ਕਰਦੇ ਰਹੋ।

ਆਪਣੇ ਪਸ਼ੂਆਂ ਨੂੰ ਸੁੱਕੀ ਥਾਂ ਤੇ ਬੰਨ੍ਹੋ। ਉਨ੍ਹਾਂ ਥੱਲੇ ਵਿਛਾਈ ਸੁੱਕ ਗਿੱਲੀ ਹੋ ਜਾਵੇ ਤਾਂ ਜਲਦ ਬਦਲ ਦਿਓ। ਨਵਜੰਮ/ਕੱਟੜੂ-ਵੱਛੜੂ ਠੰਡ ਵਿੱਚ ਜਲਦੀ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ਼-ਸੁਥਰੀ ਸੁੱਕੀ ਜਗ੍ਹਾ ਉਤੇ ਰੱਖੋ। ਪਸ਼ੂਆਂ ਦਾ ਦੁਧ ਚੋਣ ਤੋਂ ਬਾਅਦ ਥਣਾਂ ਉਪਰ ਦੁਧ ਨਾ ਲਗਾਊ। ਫਟੇ ਹੋਏ ਜਾਂ ਜਖਮੀ ਥਣਾਂ ਨੂੰ ਗਲਿਸਰੀਨ ਅਤੇ ਬੀਟਾਡੀਨ (1: 4) ਦੇ ਘੋਲ ਵਿੱਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ।ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਵਾਉ। ਜਾਨਵਰਾਂ ਖਾਸ ਕਰਕੇ ਕਟੜੂਆਂ – ਵਛੜੂਆਂ ਨੂੰ ਮਲੱਪ ਰਹਿਤ ਕਰੋ।



from Punjab News - Quami Ekta Punjabi Newspaper (ਕੌਮੀ ਏਕਤਾ) http://ift.tt/1LhXx9G
thumbnail
About The Author

Web Blog Maintain By RkWebs. for more contact us on rk.rkwebs@gmail.com

0 comments