ਚੰਡੀਗੜ੍ਹ, 8 ਮਾਰਚ : ਹਾਲ ਹੀ ਦੇ ਮੀਂਹ ਕਾਰਨ ਇਸ ਖਿੱਤੇ ਵਿਚ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਭਾਵਤ ਕਿਸਾਨਾਂ ਨੂੰ ਪ੍ਰਤੀ ਏਕੜ 10,000 ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਲਈ ਨਿਯਮਾਂ ਵਿਚ ਸੋਧ ਕਰਨ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਨਿਜੀ ਦਖ਼ਲ ਦੀ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ੍ਰੀ ਰਾਧਾ ਮੋਹਣ ਸਿੰਘ ਨੂੰ ਲਿਖੇ ਵਖਰੇ ਵਖਰੇ ਪੱਤਰਾਂ ਵਿਚ ਸ. ਬਾਦਲ ਨੇ ਮੌਸਮ ਵਿਚ ਤਬਦੀਲੀ ਦੇ ਕਾਰਨ ਪਏ ਮੀਂਹ ਦੇ ਨਾਲ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਕਾਰਨ ਕਿਸਾਨਾਂ ‘ਤੇ ਟੁੱਟੇ ਮੁਸੀਬਤਾਂ ਦੇ ਪਹਾੜ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਗੁਵਾਂਢੀ ਰਾਜਾਂ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਭਾਰੀ ਮੀਂਹ ਪਿਆ ਹੈ। ਪਹਿਲੀ ਅਤੇ ਦੋ ਮਾਰਚ ਨੂੰ ਔਸਤਨ ਤਕਰੀਬਨ 42 ਸੈਂਟੀਮੀਟਰ ਮੀਂਹ ਪਿਆ। ਸ. ਬਾਦਲ ਨੇ ਕਿਹਾ ਕਿ ਭਾਵੇਂ ਇਸ ਮੌਕੇ ਖੜੀ ਕਣਕ ਦੀ ਫ਼ਸਲ ਅਤੇ ਹਾੜੀ ਦੀਆਂ ਹੋਰ ਫ਼ਸਲਾਂ ਦੇ ਲਈ ਮੀਂਹ ਚੰਗਾ ਹੈ ਪਰ ਤੇਜ਼ ਹਵਾਵਾਂ, ਗੜ੍ਹੇਮਾਰੀ ਅਤੇ ਮੀਂਹ ਦੀ ਤੇਜ਼ ਰਫ਼ਤਾਰ ਨੇ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ ਅਤੇ ਕਿਸਾਨਾਂ ਦੇ ਅਨਾਜ ਨੂੰ ਤਬਾਹ ਕਰ ਦਿਤਾ ਹੈ।
ਮੁੱਖ ਮੰਤਰੀ ਨੇ ਦੋਵਾਂ ਆਗੂਆਂ ਨੂੰ ਦਸਿਆ ਕਿ ਮੁਢਲੀਆਂ ਰਿਪੋਰਟਾਂ ਦੇ ਅਨੁਸਾਰ ਤਕਰੀਬਨ 7 ਲੱਖ ਏਕੜ ਫ਼ਸਲ ਨੂੰ ਨੁਕਸਾਨ ਹੋਇਆ ਹੈ ਜਦਕਿ ਸਬਜ਼ੀਆਂ ਅਤੇ ਬਾਗ਼ਬਾਨੀ ਨੂੰ ਕਿੱਤੇ ਜ਼ਿਆਦਾ ਨੁਕਸਾਨ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ 2014-15 ਦੀ ਹਾੜੀ ਦੀ ਫ਼ਸਲ ਤਕਰੀਬਨ ਪੱਕਣ ਦੇ ਨੇੜੇ ਹੈ ਅਤੇ ਕਿਸਾਨਾਂ ਨੇ ਅਪਣੀ ਫ਼ਸਲ ਲਈ ਲਗਭਗ ਪੂਰਾ ਖ਼ਰਚਾ ਕਰ ਦਿਤਾ ਹੈ। ਸ. ਬਾਦਲ ਨੇ ਇਹ ਵੀ ਲਿਖਿਆ ਕਿ ਜਿਹੜੇ ਕਿਸਾਨ ਅਪਣੀ ਫ਼ਸਲ ਦੀ ਕਟਾਈ ਕਰਨ ਦੇ ਯੋਗ ਨਹੀਂ ਹੋਣਗੇ ਜਾਂ ਫ਼ਸਲ ਦਾ ਝਾੜ ਘਟ ਗਿਆ ਹੈ, ਉਨ੍ਹਾਂ ਦਾ ਤਕਰੀਬਨ ਪੂਰੇ ਸੀਜ਼ਨ ਦਾ ਨੁਕਸਾਨ ਹੋ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਭਾਰੀ ਹਾਨੀ ਹੋਈ ਹੈ।
ਕਿਸਾਨਾ ਨੂੰ ਬਣਦਾ ਮੁਆਵਜ਼ਾ ਦੇਣ ਦਾ ਮੁੱਦੇ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਨਾ ਕੇਵਲ ਬਿਜਾਈ ਦਾ ਸਗੋਂ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਦੀ ਲੋੜ ‘ਤੇ ਜ਼ੋਰ ਦਿਤਾ ਹੈ ਤਾਂ ਜੋ ਕਿਸਾਨ ਸਾਉਣੀ ਦੀ ਅਗਲੀ ਫ਼ਸਲ ਦੀ ਬਿਜਾਈ ਕਰਨ ਦੇ ਸਮਰਥ ਹੋ ਸਕਣ। ਮੁੱਖ ਮੰਤਰੀ ਨੇ ਸ੍ਰੀ ਮੋਦੀ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਨੁਕਸਾਨੀ ਗਈ ਹੈ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿਤਾ ਜਾਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਭਾਰਤ ਸਰਕਾਰ ਦੇ ਖੇਤੀ ਮੰਤਰਾਲੇ ਨੂੰ ਮੁਆਵਜ਼ੇ ਦੇ ਨਿਯਮਾਂ ਵਿਚ ਸੋਧ ਕਰ ਕੇ ਇਸ ਨੂੰ ਪ੍ਰਤੀ ਏਕੜ ਘੱਟੋ ਘੱਟ 10000 ਰੁਪਏ ਕਰਨ ਲਈ ਕਹਿਣ।
from Punjab News - Latest news in Punjabi http://ift.tt/1AUabVz

0 comments