ਪੰਜਾਬ ਵਿੱਚੋਂ ਅਲੋਪ ਹੋ ਰਹੀਆਂ ਲੋਕ ਖੇਡਾਂ

gulli-danda (ਦਰਬਾਰਾ ਸਿੰਘ ਢੀਂਡਸਾ)


ਖੇਡਾਂ ਦਾ ਮਨੁੱਖੀ ਜੀਵਨ ਨਾਲ ਗਹਿਰਾ ਸਬੰਧ ਹੈ। ਹਰ ਵਰਗ ਅਤੇ ਉਮਰ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਲੋਕ ਖੇਡਾਂ ਲੋਕ ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਜੋ ਸਹਿਜ ਰੂਪ ਵਿੱਚ ਬਣਦੀਆਂ ਅਤੇ ਵਿਗਸਦੀਆਂ ਰਹਿੰਦੀਆਂ ਹਨ। ਹਰੇਕ ਜਾਤੀ ਦੀਆਂ ਖੇਡਾਂ ਵਿੱਚ ਬਹੁਤਾ ਭਾਗ ਲੋਕ ਖੇਡਾਂ ਦਾ ਹੁੰਦਾ ਹੈ। ਜ਼ਿਆਦਾਤਰ ਖੇਡਾਂ ਵਿੱਚ ਸਰੀਰਕ ਹਰਕਤਾਂ, ਭੱਜ-ਦੌੜ, ਉਛਲ-ਕੁੱਦ ਤੇ ਸਮੇਂ ਮੁਤਾਬਕ ਦਾਅ-ਪੇਚ ਹੁੰਦੇ ਹਨ। ਇਨ੍ਹਾਂ ਖੇਡਾਂ ਦੇ ਖੇਡਣ ਲਈ ਕੋਈ ਸਮਾਂ ਜਾਂ ਸਥਾਨ ਵੀ ਨਿਯਤ ਨਹੀਂ ਹੁੰਦਾ। ਇਹ ਸਵੇਰੇ, ਦੁਪਹਿਰੇ, ਲੌਢੇ ਵੇਲੇ, ਤ੍ਰਿਕਾਲਾਂ ਸਮੇਂ ਅਤੇ ਚਾਨਣੀਆਂ ਰਾਤਾਂ ਵਿੱਚ ਜਦੋਂ ਵੀ ਮੁੰਡੇ-ਕੁੜੀਆਂ ਨੂੰ ਵਿਹਲ ਮਿਲ ਜਾਵੇ ਅਤੇ ਰਲ ਕੇ ਇਕੱਠੇ ਹੋ ਜਾਣ, ਉਦੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਖੇਡਣ ਲਈ ਘਰ, ਚੁਰਸਤਾ, ਕੱਚਾ ਵਿਹੜਾ, ਖੁੱਲ੍ਹਾ ਮੈਦਾਨ ਜਾਂ ਸੱਥ ਆਦਿ ਸਭ ਥਾਵਾਂ ਹੀ ਫਿਰ ਖੇਡ ਮੈਦਾਨ ਬਣ ਜਾਂਦੀਆਂ ਹਨ। ਲੋਕ ਖੇਡਾਂ ਲਈ ਸਮਗਰੀ ਸੌਖੀ ਤਰ੍ਹਾਂ ਹੀ ਪ੍ਰਾਪਤ ਹੋ ਜਾਂਦੀ ਹੈ ਅਤੇ ਇਸ ਉੱਤੇ ਖ਼ਰਚਾ ਵੀ ਨਹੀਂ ਹੁੰਦਾ, ਜਿਵੇਂ:ਪੁਰਾਣੇ ਕੱਪੜਿਆਂ ਜਾਂ ਲੀਰਾਂ ਦੀ ਖਿੱਦੋ, ਇੱਟਾਂ ਦੇ ਰੋੜੇ, ਗੀਟੇ, ਗੀਟੀਆਂ, ਠੀਕਰਾਂ, ਕੌਡੀਆਂ, ਲੱਕੜੀ, ਕੋਲਾ, ਡੰਡਾ, ਗੁੱਲੀ, ਖੂੰਡੀਆਂ, ਰੱਸੀਆਂ, ਰੱਸੇ ਆਦਿ ਹੁੰਦੇ ਹਨ। ਲੋਕ ਖੇਡਾਂ ਵੀ ਕੁਝ ਤੈਅ ਕੀਤੇ ਨਿਯਮਾਂ ਅਨੁਸਾਰ ਹੀ ਖੇਡੀਆਂ ਜਾਂਦੀਆਂ ਹਨ, ਪਰ ਇਨ੍ਹਾਂ ਬਾਰੇ ਕਿਸੇ ਨੇ ਕੋਈ ਖ਼ਾਸ ਸਿਖਲਾਈ ਪ੍ਰਾਪਤ ਨਹੀਂ ਕੀਤੀ ਹੁੰਦੀ। ਬਸ, ਇਹ ਖੇਡਾਂ ਕਿਵੇਂ ਖੇਡਣੀਆਂ ਹਨ, ਇਹ ਸਭ ਵਿਰਸੇ ‘ਚੋਂ ਮਿਲਦਾ ਹੈ ਭਾਵ ਆਪਣੇ ਆਪ ਹੋਰਾਂ ਨੂੰ ਦੇਖ ਕੇ ਬੱਚੇ ਇਹ ਖੇਡਾਂ ਖੇਡਣੀਆਂ ਸਿੱਖ ਜਾਂਦੇ ਹਨ।


ਨਿੱਕੇ ਬੱਚਿਆਂ ਦੀ ਆਕੜਾ-ਬਾਕੜਾ, ਲਾਟੂ, ਭੰਬੀਰੀਆਂ ਚਲਾਉਣਾ, ਗੁਲੇਲ ਨਾਲ ਨਿਸ਼ਾਨਾ ਬੰਨ੍ਹਣਾ,ਗੁੱਲੀ ਡੰਡਾ, ਪੈਰਾਂ ਨਾਲ ਮਿੱਟੀ ਦੀਆਂ ਘੋੜੀਆਂ ਬਣਾਉਣਾ ਆਦਿ ਹਰਮਨਪਿਆਰੀਆਂ ਲੋਕ ਖੇਡਾਂ ਹਨ। ਖੇਡ ਇੱਕ ਨਿਯਮਪੂਰਵਕ ਪ੍ਰਤੀਯੋਗਤਾ ਹੁੰਦੀ ਹੈ ਜਿਸ ਵਿੱਚ ਇੱਕ ਤੋਂ ਵੱਧ ਵਿਅਕਤੀ ਭਾਗ ਲੈਂਦੇ ਹਨ। ਕੁਝ ਖੇਡਾਂ ਵਿੱਚ ਦੋ ਟੋਲੀਆਂ ਜਾਂ ਟੀਮਾਂ ਇੱਕ-ਦੂਜੇ ਦੇ ਮੁਕਾਬਲੇ ਵਿੱਚ ਖੇਡਦੀਆਂ ਹਨ ਅਤੇ ਕਈ ਖੇਡਾਂ ਵਿੱਚ ਇੱਕ ਖਿਡਾਰੀ ਸਮੁੱਚੀ ਟੋਲੀ ਨਾਲ ਖੇਡਦਾ ਹੈ, ਜਿਵੇਂ ਲੋਕ ਖੇਡਾਂ ਛੂਹਣ-ਛਪਾਈ ਅਤੇ ਲੁਕਣ-ਮਚਾਈ ਆਦਿ। ਪੰਜਾਬ ਦੀਆਂ ਕਈ ਲੋਕ ਖੇਡਾਂ ਪੱਛਮ ਦੀਆਂ ਪ੍ਰਚਲਤ ਖੇਡਾਂ ਦਾ ਹੀ ਰੂਪ ਹਨ, ਜਿਵੇਂ ਕ੍ਰਿਕਟ, ਟੇਬਲ ਟੈਨਿਸ, ਬੈਡਮਿੰਟਨ, ਬਾਸਕਟਬਾਲ, ਵਾਲੀਬਾਲ, ਫੁੱਟਬਾਲ ਆਦਿ ਖੇਡਾਂ ਦੀ ਸਥਾਪਨਾ ਭਾਰਤ ਦੀਆਂ ਪ੍ਰਸਿੱਧ ਖੇਡਾਂ ਦੇ ਰੂਪ ਵਿੱਚ ਹੋ ਚੁੱਕੀ ਹੈ। ਪੰਜਾਬ ਦੀ ਖੇਡ ਖਿੱਦੋ-ਖੂੰਡੀ ਦਾ ਵਿਕਸਤ ਰੂਪ ਹਾਕੀ ਬਣ ਜਾਣ ‘ਤੇ ਹੁਣ ਇਹ ਸਾਰੇ ਸੰਸਾਰ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਜ਼ਿਆਦਾਤਰ ਗੱਭਰੂਆਂ ਵਿੱਚ ਸਰੀਰਕ ਤਾਕਤ ‘ਚ ਵਾਧਾ ਕਰਨ ਵਾਲੀਆਂ ਖੇਡਾਂ ਖੇਡਣ ਦੀ ਰੁਚੀ ਰਹੀ ਹੈ। ਪੰਜਾਬ ਵਿੱਚ ਬੱਚਿਆਂ ਤੋਂ ਲੈ ਕੇ ਅੱਧਖੜ ਉਮਰ ਦੇ ਮਰਦਾਂ ਵੱਲੋਂ ਬੜੇ ਸ਼ੌਕ ਨਾਲ ‘ਖਿੱਦੋ-ਖੂੰਡੀ’, ‘ਕੁਸ਼ਤੀ’ ਅਤੇ ‘ਕਬੱਡੀ’ ਲੋਕ ਖੇਡਾਂ ਖੇਡੀਆਂ ਅਤੇ ਦੇਖੀਆਂ ਜਾਂਦੀਆਂ ਹਨ। ਕਈ ਖੇਡਾਂ ਵੱਡੀ ਉਮਰ ਦੇ ਮਰਦਾਂ ਵੱਲੋਂ ਖੇਡੀਆਂ ਜਾਂਦੀਆਂ ਹਨ, ਜਿਵੇਂ ‘ਸ਼ਤਰੰਜ’, ‘ਚੌਪੜ’, ‘ਬਾਰਾਂ ਟਹਿਣੇ’ ਅਤੇ ‘ਖੱਡਾ’ ਆਦਿ ਜੋ ਕਿਸੇ ਵੀ ਸਾਂਝੀ ਥਾਂ, ਸੱਥ ਜਾਂ ਕਿਸੇ ਛਾਂ ਵਾਲੇ ਰੁੱਖ ਹੇਠ ਖੇਡੀਆਂ ਜਾਂਦੀਆਂ ਹਨ।

ਪੰਜਾਬੀ ਲੋਕ ਖੇਡਾਂ ਵਿੱਚ ਮਾਨਸਿਕ ਅਤੇ ਸਰੀਰਕ ਕਸਰਤ, ਦੋਵੇਂ ਸ਼ਾਮਲ ਹਨ। ਹਰੇਕ ਖੇਡ ਵਿੱਚ ਮਾਨਸਿਕ ਅਤੇ ਸਰੀਰਕ ਦੋਵੇਂ ਕਾਰਜ ਭਾਵ ਦਾਅ-ਪੇਚ ਅਤੇ ਸਰੀਰਕ ਸ਼ਕਤੀ ਸ਼ਾਮਲ ਹੁੰਦੇ ਹਨ। ਪੰਜਾਬ ਦੀਆਂ ਮੁੱਖ ਸਰੀਰਕ ਖੇਡਾਂ ‘ਕਬੱਡੀ’, ‘ਕੁਸ਼ਤੀ’, ‘ਮੂੰਗਲੀਆਂ ਫੇਰਨੀਆਂ’, ‘ਬੋਰੀ ਜਾਂ ਮੁਗਦਰ ਚੁੱਕਣੇ ਅਤੇ ‘ਛਾਲਾਂ ਮਾਰਨੀਆਂ’ ਹਨ। ਕੁਸ਼ਤੀ ਹਰੇਕ ਮੇਲੇ ਦਾ ਲਾਜ਼ਮੀ ਅੰਗ ਹੁੰਦੀ ਹੈ। ਕੁਸ਼ਤੀ ਜਾਂ ਘੋਲ ਲਈ ਅਖਾੜੇ ਬੱਝਦੇ ਹਨ। ਪਿੰਡਾਂ ਵਿੱਚ ਛਿੰਝਾਂ ਤੇ ਕੁਸ਼ਤੀਆਂ ਦੇ ਅਖਾੜੇ ਲੱਗਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਪਿੰਡ ਦੇ ਮੱਲ੍ਹ ਜਾਂ ਪਹਿਲਵਾਨ ਦੀ ਪਾਲਣਾ ਪਿੰਡ ਵੱਲੋਂ ਸਾਂਝੇ ਤੌਰ ‘ਤੇ ਕਰਨ ਦੀ ਪਰੰਪਰਾ ਰਹੀ ਹੈ। ‘ਰੱਸਾਕਸ਼ੀ’ ਦੀ ਖੇਡ ਵੀ ਜ਼ੋਰ-ਅਜ਼ਮਾਈ ਦੀ ਖੇਡ ਹੈ ਜੋ ਪਿੰਡਾਂ ਦੇ ਮੇਲਿਆਂ ਵਿੱਚ ਖੇਡਾਂ ਦਾ ਸ਼ਿੰਗਾਰ ਚੱਲੀ ਆ ਰਹੀ ਹੈ। ਪੰਜਾਬੀਆਂ ਦੀ ਹਰਮਨਪਿਆਰੀ ਖੇਡ ‘ਕਬੱਡੀ’ ਹੈ ਜੋ ਹੁਣ ਹੋਰ ਮੁਲਕਾਂ ਵਿੱਚ ਵੀ ਹਰਮਨਪਿਆਰੀ ਹੁੰਦੀ ਜਾ ਰਹੀ ਹੈ। ਇਸ ਖੇਡ ਵਿੱਚ ਭੱਜ-ਦੌੜ, ਦਾਅ-ਪੇਚ, ਸਾਹ ਬਣਾਈ ਰੱਖਣ ਅਤੇ ਜ਼ੋਰ-ਅਜ਼ਮਾਈ ਜਿਹੇ ਸਾਰੇ ਲੱਛਣ ਮੌਜੂਦ ਹਨ।

ਪੰਜਾਬ ਦੀਆਂ ਲੋਕ ਖੇਡਾਂ, ਜਿਨ੍ਹਾਂ ਵਿੱਚ ਨਿਸ਼ਾਨੇ ਦਾ ਅਭਿਆਸ ਹੁੰਦਾ ਹੈ- ‘ਗੁੱਲੀ ਡੰਡਾ’, ‘ਖਿੰਦੋ ਖੂੰਡੀ’, ‘ਲੂਣ ਤੇਲ ਲਲ੍ਹੇ’ (ਖੁੱਤੀਆਂ), ‘ਪਿੱਠੂ’, ‘ਗੋਲੀਆਂ ਜਾਂ ਬੰਟੇ’, ‘ਕੌਡੀਆਂ’ ਆਦਿ ਹਨ। ਇਹ ਪੰਜਾਬੀਆਂ ਨੂੰ ਨਿਸ਼ਾਨਚੀ ਬਣਾਉਣ ਵਿੱਚ ਪੂਰੀ ਤਰ੍ਹਾਂ ਸਹਾਈ ਹੁੰਦੀਆਂ ਹਨ। ‘ਬਾਂਦਰ ਕਿੱਲਾ’ ਖੇਡਣ ਸਮੇਂ ਖਿਡਾਰੀ ਕਿੱਲੇ ਕੋਲ ਪਈਆਂ ਜੁੱਤੀਆਂ ਦੀ ਰਾਖੀ ਕਿੱਲੇ ਨਾਲ ਬੱਧੀ ਰੱਸੀ ਨੂੰ ਫੜ ਕੇ ਟੱਪਦਾ ਹੋਇਆ ਕਰਦਾ ਹੈ। ਦੂਜੇ ਖਿਡਾਰੀ ਜੁੱਤੀਆਂ ਚੁੱਕਣ ਲਈ ਝਕਾਨੀਆਂ ਦਿੰਦੇ ਹਨ। ਇਲਾਕਿਆਂ ਦੇ ਭੇਦ ਹੋਣ ਕਾਰਨ ਇਨ੍ਹਾਂ ਖੇਡਾਂ ਨੂੰ ਕੁਝ ਹਿੱਸਿਆਂ ਵਿੱਚ ਵੱਖਰੇ ਰੂਪ ਜਾਂ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਵੇਂ ‘ਡੰਡਾ-ਡੁੱਕ’, ‘ਡੰਡ-ਪੜਾਂਗੜ’, ‘ਪੀਲ-ਪਲੀਂਘਣ’ ਅਤੇ ‘ਕੀੜ-ਕੜਾਗਾ’ ਆਦਿ। ‘ਡੰਡਾ-ਡੁੱਕ’ ਖੇਡਣ ਸਮੇਂ ਖਿਡਾਰੀ ਬਹੁਤ ਹੀ ਫੁਰਤੀ ਤੇ ਚਲਾਕੀ ਨਾਲ ਦਰੱਖਤ ਤੋਂ ਹੇਠਾਂ ਟਾਹਣੀਆਂ ਨਾਲ ਲਮਕਦੇ ਹੋਏ ਛਾਲਾਂ ਮਾਰਦੇ ਹਨ ਅਤੇ ਦਰੱਖਤ ਤੋਂ ਹੇਠਲੇ ਖਿਡਾਰੀ ਭਾਵ ਦਾਹੀ ਵਾਲੇ ਖਿਡਾਰੀ ਕੋਲ ਪਏ ਡੰਡੇ ਨੂੰ ਡੁੱਕਦੇ ਹਨ। ਦਾਹੀ ਵਾਲਾ ਖਿਡਾਰੀ ਬੜੀ ਹੁਸ਼ਿਆਰੀ ਅਤੇ ਦਾਅ ਨਾਲ ਉਨ੍ਹਾਂ ਨੂੰ ਛੂਹਣ ਦਾ ਯਤਨ ਕਰਦਾ ਹੈ। ਪੰਜਾਬੀ ਗੱਭਰੂਆਂ ਦੀ ਖੇਡ ‘ਕਾਨਾ ਘੋੜੀ’ ਜਾਂ ‘ਕਾਵਾਂ ਘੋੜੀ’ ਨੂੰ ਕੁਝ ਇਲਾਕਿਆਂ ਵਿੱਚ ‘ਘੜਮੱਸ ਘੋੜੀ’ ਜਾਂ ‘ਸ਼ਕਰ ਭਿੱਜੀ’ ਵੀ ਕਿਹਾ ਜਾਂਦਾ ਹੈ। ਇਸ ਖੇਡ ਵਿੱਚ ਘੋੜੀਆਂ ਬਣੇ ਖਿਡਾਰੀਆਂ ਉੱਤੇ ਦੂਜੇ ਖਿਡਾਰੀਆਂ ਨੇ ਦੂਰੋਂ ਦੌੜ ਕੇ ਛੜੱਪਾ ਮਾਰ ਕੇ ਸਵਾਰ ਹੋਣਾ ਹੁੰਦਾ ਹੈ। ਇਸ ਖੇਡ ਵਿੱਚ ਸਰੀਰਕ ਖੇਡ ਦੇ ਨਾਲ ਸਵਾਰਾਂ ਨੂੰ ਡੇਗਣ ਅਤੇ ਜ਼ਮੀਨ ਉੱਤੇ ਲਾਉਣ ਵਿੱਚ ਸਫ਼ਲਤਾ ਪ੍ਰਾਪਤ ਨਾ ਕਰਨ ਦੇਣ ਲਈ ਮਾਨਸਿਕ ਚੇਤੰਨਤਾ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਪੋਠੋਹਾਰ ਵਿੱਚ ਪ੍ਰਚਲਤ ਖੇਡ ‘ਆਂਟੜੇ ਮਨ ਮਾਂਟੜੇ’ ਦਾ ‘ਈਚਣਾ ਪਰ ਮੀਚਣਾ’ ਖੇਤਰੀ ਰੂਪ ਹੀ ਹੈ।


from Punjab News - Latest news in Punjabi http://ift.tt/19dd8el
thumbnail
About The Author

Web Blog Maintain By RkWebs. for more contact us on rk.rkwebs@gmail.com

0 comments