ਪੱਟੀ, 31 ਮਾਰਚ (ਅਵਤਾਰ ਸਿੰਘ ਢਿੱਲੋ,ਰਣਜੀਤ ਮਾਹਲਾ)- ਬੀਤੀ ਦੇਰ ਰਾਤ ਸਥਾਨਕ ਸ਼ਹੀਦ ਭਗਤ ਸਿੰਘ ਪੋਲਟੈਕਨਿਕ ਕਾਲਜ ਪੱਟੀ ਦੀ ਇੱਕ ਵਿਦਿਆਰਥਣ ਜੋ ਕਿ ਮੂਲ ਰੂਪ ਵਿੱਚ ਬਿਹਾਰ ਦੀ ਰਹਿਣ ਵਾਲੀ ਸੀ, ਨੇ ਕਾਲਜ ਦੇ ਹੋਸਟਲ ਵਿੱਚ ਭੇਦ ਭਰੇ ਹਲਾਤਾਂ ਵਿੱਚ ਫਾਹ ਲੈ ਕੇ ਆਤਮ ਹੱਤਿਆ ਕਰ ਲਈ। ਪੁਲਿਸ ਵੱਲੋਂ ਉਸ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰੀਤਿਕਾ ਪੁੱਤਰੀ ਜੈ ਸ਼ੰਕਰ ਵਾਸੀ ਸਹਾਰਨਾ ਜ਼ਿਲ੍ਹਾ ਪਟਨਾ ਬਿਹਾਰ ਦੀ ਰਹਿਣ ਵਾਲੀ ਸੀ ਅਤੇ ਉਕਤ ਕਾਲਜ ਵਿਖੇ ਤਿੰਨ ਸਾਲਾ ਇਲੈਕਟ੍ਰੋਨਿਕਸ ਦਾ ਡਿਪਲੋਮਾ ਕਰ ਰਹੀ ਸੀ ਅਤੇ ਇਹ ਉਸ ਦਾ ਆਖਰੀ ਸਾਲ ਸੀ। ਉਸ ਦੇ ਨਾਲ ਹੀ ਉਸ ਦੀ ਭੈਣ ਸ਼ਾਲਿਨੀ ਜੋ ਕਿ ਇਸੇ ਕਾਲਜ ਵਿਖੇ ਹੀ ਬੀ.ਟੈੱਕ ਇੰਜੀਨੀਅਰਿੰਗ ਕਰ ਰਹੀ ਸੀ। ਦੋਵੇਂ ਭੈਣਾਂ ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦੀਆਂ ਸਨ। ਬੀਤੀ ਦੇਰ ਰਾਤ ਰੀਤਿਕਾ ਨੇ ਆਪਣੀ ਚੁੰਨੀ ਗਲ ਵਿੱਚ ਪਾ ਕੇ ਛੱਤ ਦੇ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ ਜਿਸ ਦੌਰਾਨ ਉਸਦੀ ਮੌਤ ਹੋ ਗਈ।
ਪੁਲਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੀ ਭੈਣ ਸ਼ਾਲਿਨੀ ਨੇ ਦੱਸਿਆ ਕਿ ਰੀਤਿਕਾ ਦਾ ਮੋਬਾਇਲ ਫੋਨ ਕੁਝ ਦਿਨ ਪਹਿਲਾਂ ਗੁੰਮ ਹੋਇਆ ਸੀ ਜਿਸ ਕਾਰਨ ਉਹ ਪ੍ਰੇਸ਼ਾਨੀ ਵਿੱਚ ਸੀ ਅਤੇ ਮੈਂ ਕੱਲ ਮੰਦਿਰ ਵਿਖੇ ਮੱਥਾ ਟੇਕਣ ਲਈ ਗਈ ਸੀ ਜਦੋਂ ਆ ਕੇ ਦੇਖਿਆ ਤਾਂ ਉਹ ਪੱਖੇ ਨਾਲ ਗਲ ਵਿੱਚ ਚੁੰਨੀ ਪਾ ਕੇ ਲਟਕ ਰਹੀ ਸੀ। ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਦਵਿੰਦਰ ਸਿੰਘ ਡੀ.ਐਸ.ਪੀ. ਪੱਟੀ ਅਤੇ ਗੁਰਵਿੰਦਰ ਸਿੰਘ ਥਾਣਾ ਮੁਖੀ ਪੱਟੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ।ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਫੋਨ ਜੋ ਗੁੰਮ ਹੋਇਆ ਸੀ ਦੀਆਂ ਕਾਲਾਂ ਟ੍ਰੇਸ ਕੀਤੀਆਂ ਜਾ ਰਹੀਆਂ ਹਨ।ਇਸ ਘਟਨਾ ਸਬੰਧੀ ਉਸ ਦੇ ਮਾਤਾ ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਾਂਚ ਪੂਰੀ ਹੋਣ ‘ਤੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ‘ਤੇ ਕਾਰਵਾਈ ਕੀਤੀ ਜਾਵੇਗੀ।
from Punjab Post http://ift.tt/19GiP4j
0 comments