ਸ਼ਿਖਰ ਅਤੇ ਵਿਰਾਟ ਦੀ ਭਾਈਵਾਲੀ ਨੇ ਟੀਮ ਇੰਡੀਆ ਨੂੰ ਬਣਾਇਆ ਜੇਤੂ
ਟੀ-20 ਏਸ਼ੀਆ-ਕੱਪ
ਢਾਕਾ ਵਿੱਚ ਫਾਈਨਲ ਮੁਕਾਬਲੇ ਦੌਰਾਨ ਦੌਡ਼ਾਂ ਲੈਂਦੇ ਹੋਏ ਭਾਰਤੀ ਬੱਲੇਬਾਜ਼ ਸ਼ਿਖ਼ਰ ਧਵਨ ਤੇ ਵਿਰਾਟ ਕੋਹਲੀ।
ਮੀਰਪੁਰ, 6 ਮਾਰਚ : ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਦੇ ਫਰਕ ਨਾਲ ਹਰਾ ਕੇ ਏਸ਼ੀਆ ਕੱਪ ਟੀ-20 ਦਾ ਛੇਵੀਂ ਵਾਰ ਖ਼ਿਤਾਬ ਜਿੱਤ ਲਿਆ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਸ਼ਾਨਦਾਰ ਅਰਧ ਸੈਂਕਡ਼ੇ (60 ਦੌਡ਼ਾਂ) ਅਤੇ ਵਿਰਾਟ ਕੋਹਲੀ (ਨਾਬਾਦ 41) ਦੇ ਲਗਾਤਾਰ ਚੰਗੇ ਪ੍ਰਦਰਸ਼ਨ ਨੇ ਟੀਮ ਇੰਡੀਆ ਨੂੰ ਜਿੱਤ ਦਿਵਾਈ। ਭਾਰਤ ਨੇ 15 ਓਵਰਾਂ ’ਚ ਜਿੱਤ ਲਈ ਰੱਖੇ 121 ਦੌਡ਼ਾਂ ਦੇ ਟੀਚੇ ਨੂੰ 13.5 ਓਵਰਾਂ ’ਚ ਅਸਾਨੀ ਨਾਲ ਪਾਰ ਕਰ ਲਿਆ। ਰੋਹਿਤ ਸ਼ਰਮਾ ਸਿਰਫ਼ ਇਕ ਦੌਡ਼ ਬਣਾ ਕੇ ਪੈਵੇਲੀਅਨ ਪਰਤ ਗਏ ਸਨ। ਧਵਨ ਦੇ ਆੳੂਟ ਹੋਣ ਤੋਂ ਬਾਅਦ ਮੈਦਾਨ ’ਚ ਉਤਰੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 6 ਗੇਂਦਾਂ ’ਚ 20 ਦੌਡ਼ਾਂ ਬਣਾ ਕੇ ਮੈਚ ਭਾਰਤ ਦੇ ਪੱਖ ’ਚ ਕਰ ਦਿੱਤਾ। ਸ਼ਿਖਰ ਧਵਨ ਨੂੰ ਪਲੇਅਰ ਆਫ਼ ਦਿ ਮੈਚ ਦਾ ਖ਼ਿਤਾਬ ਮਿਲਿਆ ਜਦਕਿ ਬੰਗਲਾਦੇਸ਼ ਦੇ ਸ਼ਬੀਰ ਰਹਿਮਾਨ ਨੂੰ ਪਲੇਅਰ ਆਫ਼ ਦਿ ਸੀਰੀਜ਼ ਐਲਾਨਿਆ ਗਿਆ। ਇਸ ਤੋਂ ਪਹਿਲਾਂ ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਮੁਕਾਬਲੇ ਨੂੰ 15-15 ਓਵਰਾਂ ਦਾ ਕਰ ਦਿੱਤਾ ਗਿਆ ਸੀ।
ਭਾਰਤ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਲਈ ਮੈਦਾਨ ’ਚ ਉਤਾਰਿਆ। ਬੰਗਲਾਦੇਸ਼ ਨੇ 15 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ 120 ਦੌਡ਼ਾਂ ਬਣਾਈਆਂ। ਬੰਗਲਾਦੇਸ਼ ਦੀ ਤਰਫੋਂ ਮਹਿਮੂਦਉਲਾ ਨੇ ਨਾਬਾਦ 33 ਅਤੇ ਸ਼ਬੀਰ ਰਹਿਮਾਨ ਨੇ ਨਾਬਾਦ 32 ਦੌਡ਼ਾਂ ਬਣਾਈਆਂ। ਭਾਰਤ ਵੱਲੋਂ ਆਸ਼ੀਸ਼ ਨਹਿਰਾ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਮੀਂਹ ਤੋਂ ਪ੍ਰਭਾਵਿਤ ਮੈਚ ਵਿੱਚ ਮਹਿਮੂਦਉਲਾ ਅਤੇ ਸ਼ਬੀਰ ਨੇ 45 ਦੌਡ਼ਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਮਹਿਮੂਦਉਲਾ ਨੇ 13 ਗੇਂਦਾਂ ਦੀ ਆਪਣੀ ਪਾਰੀ ਵਿੱਚ ਦੋ ਚੌਕੇ ਅਤੇ ਦੋ ਛੱਕੇ ਮਾਰੇ। ਸ਼ਬੀਰ ਦੀ 29 ਗੇਂਦਾਂ ਦੀ ਪਾਰੀ ਵਿੱਚ ਦੋ ਚੌਕੇ ਸ਼ਾਮਲ ਰਹੇ।
from Punjab News – Latest news in Punjabi http://ift.tt/1TYzrbS
0 comments