ਖਾੜਕੂਆਂ ਦਾ ਨਹੀਂ ਮਿਲਿਆ ਕੋਈ ਸੁਰਾਗ਼

ਸੂਰਤ ਵਿੱਚ ਹਾਈ ਅਲਰਟ ਬਾਅਦ ਸੋਮਵਾਰ ਨੂੰ ਮਹਾਸ਼ਿਵਰਾਤਰੀ ਮੌਕੇ ਇਕ ਮੰਦਰ ਬਾਅਦ ਚੌਕਸੀ ਨਾਲ ਪਹਿਰਾ ਦਿੰਦੀ ਹੋਈ ਪੁਲੀਸ।

ਸੂਰਤ ਵਿੱਚ ਹਾਈ ਅਲਰਟ ਬਾਅਦ ਸੋਮਵਾਰ ਨੂੰ ਮਹਾਸ਼ਿਵਰਾਤਰੀ ਮੌਕੇ ਇਕ ਮੰਦਰ ਬਾਅਦ ਚੌਕਸੀ ਨਾਲ ਪਹਿਰਾ ਦਿੰਦੀ ਹੋਈ ਪੁਲੀਸ।

ਨਵੀਂ ਦਿੱਲੀ/ਅਹਿਮਦਾਬਾਦ, 7 ਮਾਰਚ : ‘ਮਹਾ ਸ਼ਿਵਰਾਤਰੀ’ ਦਾ ਪਵਿੱਤਰ ਤਿਉਹਾਰ ਅੱਜ ਸੁੱਖੀ ਸਾਂਦੀਂ ਮਨਾਏ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ ਪਰ ਚੰਡੀਗਡ਼੍ਹ, ਦਿੱਲੀ, ਗੁਜਰਾਤ ਸਮੇਤ ਹੋਰ ਸੂਬਿਆਂ ’ਚ ਅਜੇ ਵੀ ਹਾਈ ਅਲਰਟ ਜਾਰੀ ਹੈ। ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 10 ਦਹਿਸ਼ਤਗਰਦਾਂ ਦੇ ਪਾਕਿਸਤਾਨ ਤੋਂ ਗੁਜਰਾਤ ਰਾਹੀਂ ਭਾਰਤ ’ਚ ਦਾਖ਼ਲ ਹੋਣ ਦੀ ਸੂਹ ਮਿਲਣ ਮਗਰੋਂ ਚੱਪੇ ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਂਜ ਸ਼ੱਕੀ ਦਹਿਸ਼ਤਗਰਦਾਂ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ’ਚ ਸੁਰੱਖਿਆ ਦੇ ਹਾਲਾਤ ਬਾਰੇ ਨਜ਼ਰਸਾਨੀ ਕਰਨ ਲਈ ਉੱਚ ਪੱਧਰੀ ਬੈਠਕ ਕੀਤੀ ਜਿਸ ’ਚ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਅਤੇ ਖ਼ੁਫ਼ੀਆ ਬਿਊਰੋ ਦੇ ਡਾਇਰੈਕਟਰ ਦਿਨੇਸ਼ਵਰ ਸ਼ਰਮਾ ਸਮੇਤ ਹੋਰ ਸੁਰੱਖਿਆ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਸੰਭਾਵਿਤ ਦਹਿਸ਼ਤੀ ਹਮਲਿਆਂ ਨਾਲ ਸਿੱਝਣ ਲਈ ਚੁੱਕੇ ਗਏ ਕਦਮਾਂ ਦੀ ਵੀ ਜਾਣਕਾਰੀ ਹਾਸਲ ਕੀਤੀ। ਬੈਠਕ ਤੋਂ ਬਾਅਦ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਖ਼ੁਫ਼ੀਆ ਸੂਹ ਮਿਲਣ ਤੋਂ ਬਾਅਦ ਚੌਕਸੀ ਰੱਖੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਸਾਨੂੰ ਕੁਝ ਜਾਣਕਾਰੀ ਮਿਲੀ ਸੀ ਅਤੇ ਜੋ ਵੀ ਲੋਡ਼ੀਂਦੀ ਹਦਾਇਤ ਚਾਹੀਦੀ ਸੀ, ਉਹ ਜਾਰੀ ਕੀਤੀ ਗਈ ਹੈ।’’ ਸਰਕਾਰੀ ਸੂਤਰਾਂ ਨੇ ਕਿਹਾ ਕਿ ਧਮਕੀ ਨੂੰ ਦੇਖਦਿਆਂ ਉਨ੍ਹਾਂ ਗੁਜਰਾਤ ਅਤੇ ਹੋਰ ਮਹਾ ਨਗਰਾਂ ’ਚ ਅਹਿਮ ਟਿਕਾਣਿਆਂ, ਧਾਰਮਿਕ ਅਸਥਾਨਾਂ ਅਤੇ ਸਨਅਤੀ ਅਦਾਰਿਆਂ ਦੀ ਸੁਰੱਖਿਆ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਵੀ ਜਾਣਕਾਰੀ ਲਈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਖ਼ੁਫ਼ੀਆ ਸੂਹ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਲੋਡ਼ੀਂਦੇ ਕਦਮ ਚੁੱਕੇ ਗਏ ਹਨ।
ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ ’ਤੇ ਇਸ ਸਾਲ ਦੇ ਸ਼ੁਰੂ ’ਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਕੋਈ ਵੀ ਜੋਖਿਮ ਨਹੀਂ ਲੈ ਰਹੀਆਂ।
ਕੌਮੀ ਰਾਜਧਾਨੀ ਦੇ ਮੰਦਰਾਂ, ਬਾਜ਼ਾਰਾਂ, ਪੁਰਾਤਨ ਇਮਾਰਤਾਂ, ਮੈਟਰੋ, ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਪੁਲੀਸ ਗਸ਼ਤ ਕਰਦੀ ਦੇਖੀ ਗਈ। ਗੁਜਰਾਤ ’ਚ ਐਨਐਸਜੀ ਦੀਆਂ ਚਾਰ ਟੀਮਾਂ ਤਾਇਨਾਤ ਹਨ ਅਤੇ ਪੁਲੀਸ ਵੱਲੋਂ ਇਹਤਿਆਤ ਵਜੋਂ ਕੁਝ ਥਾਵਾਂ ’ਤੇ ਛਾਪਾਮਾਰੀ ਵੀ ਕੀਤੀ ਗਈ।
ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ ਉੱਚ ਪੱਧਰੀ ਸੁਰੱਖਿਆ ਬੈਠਕ ਕਰ ਕੇ ਸੂਬੇ ’ਚ ਚੌਕਸੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦਹਿਸ਼ਤਗਰਦਾਂ ਵੱਲੋਂ ਦਿੱਲੀ ਜਾਂ ਹੋਰ ਥਾਵਾਂ ’ਤੇ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਗੁਜਰਾਤ ਪੁਲੀਸ ਨੇ ਚੌਕਸੀ ਘਟਾਉਣ ਦਾ ਕੋਈ ਫ਼ੈਸਲਾ ਨਹੀਂ ਕੀਤਾ ਹੈ। ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਗੁਜਰਾਤ 100 ਫ਼ੀਸਦੀ ਸੁਰੱਖਿਅਤ ਹੈ। ਗੁਜਰਾਤ ਦੇ ਡੀਜੀਪੀ ਪੀ ਸੀ ਠਾਕੁਰ ਨੇ ਕਿਹਾ ਕਿ ਰਾਜ ’ਚ ਕਿਸੇ ਵੀ ਹਮਲੇ ਨੂੰ ਨਾਕਾਮ ਕਰਨ ਲਈ ਪੁਲੀਸ ਵੱਲੋਂ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦਿੱਤੀ ਗਈ। ਉਨ੍ਹਾਂ ਪਾਕਿਸਤਾਨ ਦਾ ਨਾਮ ਲਏ ਬਿਨਾਂ ਕਿਹਾ ਕਿ ਜਿਥੋਂ ਦਹਿਸ਼ਤਗਰਦਾਂ ਦੇ ਦੇਸ਼ ’ਚ ਦਾਖ਼ਲ ਹੋਣ ਬਾਰੇ ਸੂਹ ਮਿਲੀ ਹੈ, ਉਸ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋਡ਼ ਹੈ। ਗਿਰ-ਸੋਮਨਾਥ ਜ਼ਿਲ੍ਹੇ ’ਚ ਪੈਂਦੇ ਸੋਮਨਾਥ ਮੰਦਰ ਦੇ ਦਹਿਸ਼ਤਗਰਦਾਂ ਦੇ ਨਿਸ਼ਾਨੇ ’ਤੇ ਰਹਿਣ ਕਰ ਕੇ ਉਥੇ ਐਨਐਸਜੀ ਕਮਾਂਡੋਜ਼ ਸਮੇਤ 250 ਪੁਲੀਸ ਮੁਲਾਜ਼ਮ ਅਤੇ ਰਿਜ਼ਰਵ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਸੀਨੀਅਰ ਫ਼ੌਜੀ ਕਮਾਂਡਰ ਵੱਲੋਂ ਗਡ਼ਬਡ਼ੀ ਵਾਲੀ ਸੂਹ ਅਤੇ ਜੰਮੂ ਖ਼ਿੱਤੇ ’ਚ ਕੌਮਾਂਤਰੀ ਸਰਹੱਦ ’ਤੇ ਸੁਰੰਗ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ’ਚ ਵੀ ਸੁਰੱਖਿਆ ਵਧਾਈ ਗਈ ਹੈ।
ਪਾਕਿਸਤਾਨ ਦੀ ਦੋ ਮੈਂਬਰੀ ਟੀਮ ਭਾਰਤ ਪੁੱਜੀ
ਅਟਾਰੀ: ਭਾਰਤ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈੈਣ ਲਈ ਪਾਕਿਸਤਾਨ ਦੀ ਦੋ ਮੈਂਬਰੀ ਟੀਮ ਅੱਜ ਅਟਾਰੀ ਸਰਹੱਦ ਰਸਤੇ ਭਾਰਤ ਪੁੱਜ ਗਈ। ਇਸ ਟੀਮ ਵਿੱਚ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ(ਐਫਆਈਏ) ਦੇ ਨਿਰਦੇਸ਼ਕ ਡਾ. ਉਸਮਾਨ ਅਨਵਰ ਤੇ ਪਾਕਿਸਤਾਨ ਕ੍ਰਿਕਟ ਬੋਰਡ ਦਾ ਸੁਰੱਖਿਆ ਅਧਿਕਾਰੀ ਆਜ਼ਮ ਖ਼ਾਨ ਸ਼ਾਮਲ ਹਨ। ਭਾਰਤ ਵਿੱਚ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਉਬੇਦ ਨਜਮਾਨੀ ਤੀਜੇ ਮੈਂਬਰ ਵਜੋਂ ਇਸ ਟੀਮ ਨਾਲ ਜੁਡ਼ਨਗੇ।



from Punjab News – Latest news in Punjabi http://ift.tt/1QHsl5X
thumbnail
About The Author

Web Blog Maintain By RkWebs. for more contact us on rk.rkwebs@gmail.com

0 comments