ਬਠਿੰਡਾ, 7 ਮਾਰਚ : ਬਠਿੰਡਾ ਰੇਂਜ ਦੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਹਾਈ ਅਲਰਟ ਮਗਰੋਂ ਪੁਲੀਸ ਥਾਣੇਦਾਰਾਂ ਦੀ ਜਨਤਕ ਤੌਰ ’ਤੇ ਝਾੜ ਝੰਬ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਹਾਈ ਅਲਰਟ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀਆਈਜੀ ਖੱਟੜਾ ਨੇ ਬਠਿੰਡਾ ਸ਼ਹਿਰ ਦੇ ਸਾਰੇ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਨੂੰ ਫਾਈਰ ਬ੍ਰਿਗੇਡ ਚੌਕ ਵਿੱਚ ਤਲਬ ਕੀਤਾ। ਡੀਆਈਜੀ ਖੱਟੜਾ ਕਰੀਬ 10 ਵਜੇ ਜਦੋਂ ਫਾਈਰ ਬ੍ਰੀਗੇਡ ਚੌਕ ਵਿੱਚ ਪੁੱਜੇ ਤਾਂ ਬਹੁਤੇ ਥਾਣੇਦਾਰ ਪੁੱਜੇ ਹੀ ਨਹੀਂ ਸਨ। ਜਦੋਂ ਇਹ ਥਾਣੇਦਾਰ ਲੇਟ ਆਏ ਤਾਂ ਡੀਆਈਜੀ ਨੇ ਉਨ੍ਹਾਂ ਦੀ ਸੜਕ ’ਤੇ ਖੜ੍ਹਾ ਕੇ ਇਕੱਲੇ ਇਕੱਲੇ ਦੀ ਲਾਹ ਪਾਹ ਕੀਤੀ। ਉਸ ਤੋਂ ਪਹਿਲਾਂ ਉਨ੍ਹਾਂ ਅਚਨਚੇਤ ਸ਼ਹਿਰ ਵਿੱਚ ਕਈ ਮਹੱਤਵਪੂਰਨ ਥਾਵਾਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਦੇਖੇ।
ਡੀਆਈਜੀ ਨੂੰ ਸ਼ਹਿਰੀ ਵਾਸੀਆਂ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਗਿਆ ਹੈ। ਸ਼ਹਿਰੀ ਪੁਲੀਸ ਇੰਨੀ ਢਿੱਲੀ ਹੈ ਕਿ ਵਾਰਦਾਤ ਮਗਰੋਂ ਵੀ ਸਮੇਂ ਸਿਰ ਨਹੀਂ ਪੁੱਜਦੀ। ਸ਼ਹਿਰੀ ਪੁਲੀਸ ਨੂੰ ਮੁਸਤੈਦ ਕਰਨ ਵਾਸਤੇ ਡੀਆਈਜੀ ਨੇ ਪੁਲੀਸ ਅਫਸਰਾਂ ਨਾਲ ਮਸ਼ਵਰਾ ਵੀ ਕੀਤਾ। ਡੀਆਈਜੀ ਇਸ ਗੱਲੋਂ ਔਖੇ ਸਨ ਕਿ ਪਠਾਨਕੋਟ ਵਰਗੀ ਘਟਨਾ ਤੋਂ ਵੀ ਸ਼ਹਿਰੀ ਪੁਲੀਸ ਨੇ ਸਬਕ ਨਹੀਂ ਸਿੱਖਿਆ। ਐਸਐਸਪੀ ਸਵੱਪਨ ਸ਼ਰਮਾ ਵੀ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਖੁਦ ਵੀ ਥਾਣੇਦਾਰਾਂ ਨਾਲ ਗੱਲਬਾਤ ਕੀਤੀ। ਸ਼ਹਿਰ ਦੇ ਸਾਰੇ ਥਾਣਿਆਂ ਦੇ ਮੁੱਖ ਥਾਣਾ ਅਫਸਰਾਂ ਨੂੰ ਤਲਬ ਕੀਤਾ ਹੋਇਆ ਸੀ ਜਿਨ੍ਹਾਂ ਤੋਂ ਉਨ੍ਹਾਂ ਵੱਲੋਂ ਲਗਾਏ ਨਾਕਿਆਂ ਬਾਰੇ ਪੁੱਛਗਿੱਛ ਕੀਤੀ। ਡੀਆਈਜੀ ਨੇ ਇਸ ਮੌਕੇ ਪੀਸੀਆਰ ਨੂੰ ਵੀ ਬੁਲਾਇਆ ਹੋਇਆ ਸੀ।
ਮਹਾਂਸ਼ਿਵਰਾਤਰੀ ਮੌਕੇ ਡੀਆਈਜੀ ਨੇ ਅੱਜ ਆਪ ਇਲਾਕੇ ਦੇ ਕਈ ਮੰਦਰਾਂ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ੲਿਸ ਦੌਰਾਨ ਕਈ ਥਾਣਾ ਮੁਖੀ ਗ਼ੈਰ ਹਾਜ਼ਰ ਪਾਏ ਗਏ। ਉਨ੍ਹਾਂ ਗ਼ੈਰ ਹਾਜ਼ਰ ਥਾਣਾ ਮੁਖੀਆਂ ਦੀ ਵੀ ਜਵਾਬ ਤਲਬੀ ਕੀਤੀ ਹੈ।
from Punjab News – Latest news in Punjabi http://ift.tt/1UOCnr8
0 comments