ਸ੍ਰੀ ਮੁਕਤਸਰ ਸਾਹਿਬ/ਮਲੋਟ, 23 ਜੂਨ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਦੇ ਪਿੰਡ ਕੱਟਿਆਂਵਾਲੀ ਵਿੱਚੋਂ ਦੇਸੀ ਸ਼ਰਾਬ ਤਿਆਰ ਕਰਨ ਵਾਲੀਆਂ ਸੈਂਕੜੇ ਭੱਠੀਆਂ ਫੜੀਆਂ ਗਈਆਂ ਹਨ। ਸੂਤਰਾਂ ਅਨੁਸਾਰ ਪੁਲੀਸ ਵੱਲੋਂ ਇਹ ਕਾਰਵਾਈ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪਾਏ ਗਏ ਦਬਾਅ ਕਾਰਨ ਕੀਤੀ ਗਈ ਕਿਉਂਕਿ ਦੇਸੀ ਸ਼ਰਾਬ ਕਰਕੇ ਉਨ੍ਹਾਂ ਦੇ ਠੇਕਿਆਂ ਦੀ ਸ਼ਰਾਬ ਦੀ ਵਿਕਰੀ ਘਟੀ ਹੋਈ ਸੀ। ਇਸ ਕਾਰਵਾਈ ਦਾ ਨਾ ਤਾਂ ਸ਼ਰਾਬ ਤਸਕਰਾਂ ਵੱਲੋਂ ਕੋਈ ਵਿਰੋਧ ਕੀਤਾ ਗਿਆ ਅਤੇ ਨਾ ਹੀ ਪੁਲੀਸ ਨੇ ਹਾਲੇ ਤੱਕ ਕੋਈ ਕੇਸ ਹੀ ਦਰਜ ਕੀਤਾ ਹੈ।
ਪੁਲੀਸ, ਆਬਕਾਰੀ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਅੱਜ ਸਵੇਰੇ ਕੀਤੀ ਗਈ ਇਸ ਸਾਂਝੀ ਮਸ਼ਕ ਦੌਰਾਨ ਸਰਾਵਾਂ ਜੈਲ ਤੇ ਪਿੰਡ ਕੱਟਿਆਂ ਵਾਲੀ ਦੇ ਰਕਬੇ ਵਿੱਚੋਂ ਲੰਘਦੀ ਮਲੂਕਾ ਨਹਿਰ ਦੇ ਕਿਨਾਰਿਆਂ ਤੇ ਉੱਗੇ ਸਰਕੰਡੇ ਵਿੱਚੋਂ ਦੇਸੀ ਸ਼ਰਾਬ ਦੀਆਂ ਚੱਲਦੀਆਂ ਤੇ ਖਾਮੋਸ਼ ਭੱਠੀਆਂ ਤੋਂ ਇਲਾਵਾ ਦੱਬੀ ਹੋਈ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਭੱਠੀਆਂ ਪਿੰਡ ਦੇ ਨਾਲੋਂ ਲੰਘਦੀ ਨਹਿਰ ਦੇ ਕੰਢੇ ਸਰਕੰਡਿਆਂ ਵਿੱਚ ਬਣਾਈਆਂ ਸਨ। ਥਾਂ-ਥਾਂ ’ਤੇ ਟੋਏ ਪੁੱਟ ਕੇ ਪੌਲੀਥੀਨ ਦੀਆਂ ਤਰਪਾਲਾਂ ਵਿੱਚ ਦੱਬੀ ਕੱਚੀ ਸ਼ਰਾਬ ਫੜਨ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਪੁਲੀਸ ਨੇ ਨਹਿਰ ਦੇ ਦੋਵੇਂ ਪਾਸਿਆਂ ’ਤੇ ਕਰੀਬ ਦੋ ਕਿਲੋਮੀਟਰ ਖੇਤਰ ਵਿੱਚ ਦੱਬੀ ਹੋਈ ਲਾਹਣ ਅਤੇ ਤਿਆਰ ਕੀਤੀ ਦੇਸੀ ਸ਼ਰਾਬ ਬਰਾਮਦ ਕਰਕੇ ਸਰਕਾਨਿਆਂ ਤੇ ਨਹਿਰ ਵਿੱਚ ਡੋਲ੍ਹ ਦਿੱਤੀ।
ਪੁਲੀਸ ਰਿਕਾਰਡ ਵਿੱਚ ਕੋਈ ਕਾਰਵਾਈ ਨਹੀਂ
ਥਾਣਾ ਕਬਰਵਾਲਾ ਦੇ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਕਬਰਵਾਲਾ ਪੁਲੀਸ ਨੂੰ ਇਸ ਮਾਮਲੇ ਦਾ ਕੋਈ ਪਤਾ ਨਹੀਂ ਹੈ। ਸਾਰਾ ਸਟਾਫ ਬਾਹਰੋਂ ਆਇਆ ਸੀ, ਇਸ ਲਈ ਉਨ੍ਹਾਂ ਵੱਲੋਂ ਹਾਲ ਦੀ ਘੜੀ ਕੋਈ ਕਾਰਵਾਈ ਨਹੀਂ ਕੀਤੀ ਜਾ ਗਈ ਅਤੇ ਜਦੋਂ ਕੋਈ ਆਦੇਸ਼ ਆਏਗਾ ਤਾਂ ਉਹ ਕਾਰਵਾਈ ਕਰਨਗੇ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਇੰਦਰਮੋਹਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
from Punjab News – Latest news in Punjabi http://ift.tt/28RcMdm
0 comments