ਸ੍ਰੀਨਗਰ, 18 ਸਤੰਬਰ : ਉੱਤਰੀ ਕਸ਼ਮੀਰ ਦੇ ਉੜੀ ਸ਼ਹਿਰ ਵਿਚ ਅੱਜ ਸਵੇਰੇ ਚਾਰ ਅਤਿਵਾਦੀਆਂ ਨੇ ਫ਼ੌਜ ਦੇ ਮੁੱਖ ਦਫ਼ਤਰ ‘ਤੇ ਹਮਲਾ ਕਰ ਦਿਤਾ ਜਿਸ ਵਿਚ 17 ਜਵਾਨ ਮਾਰੇ ਗਏ ਅਤੇ 19 ਜ਼ਖ਼ਮੀ ਹੋ ਗਏ। ਚਾਰੇ ਹਮਲਾਵਰ ਵੀ ਮਾਰ ਦਿਤੇ ਗਏ ਹਨ। ਅੱਜ ਦਾ ਹਮਲਾ ਪਿਛਲੇ 26 ਸਾਲਾਂ ਵਿਚ ਫ਼ੌਜੀ ਕੈਂਪ ‘ਤੇ ਕੀਤੇ ਗਏ ਸੱਭ ਤੋਂ ਵੱਡੇ ਹਮਲਿਆਂ ਵਿਚੋਂ ਇਕ ਹੈ। ਫ਼ੌਜ ਮੁਤਾਬਕ ਹਮਲਾਵਾਰ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਸਨ।
ਮੁਕਾਬਲਾ ਕਰੀਬ ਛੇ ਘੰਟੇ ਚਲਿਆ। ਅਤਿਵਾਦੀਆਂ ਨੇ ਦੋ ਪਾਸਿਆਂ ਤੋਂ ਹਮਲਾ ਕੀਤਾ। ਹਮਲੇ ਦੀ ਮਾਰ ਵਿਚ ਆਈ ਜਗ੍ਹਾ ਇਥੋਂ 102 ਕਿਲੋਮੀਟਰ ਅਤੇ ਫ਼ੌਜ ਦੇ ਬ੍ਰਿਗੇਡ ਮੁੱਖ ਦਫ਼ਤਰ ਤੋਂ ਕੁੱਝ ਹੀ ਮੀਟਰ ਦੀ ਦੂਰੀ ‘ਤੇ ਸਥਿਤ ਹੈ।
ਹਮਲੇ ਸਮੇਂ ਡੋਗਰਾ ਰੈਜੀਮੈਂਟ ਦੇ ਜਵਾਨ ਇਕ ਤੰਬੂ ਵਿਚ ਸੁੱਤੇ ਪਏ ਸਨ ਜਿਸ ਵਿਚ ਧਮਾਕਾ ਹੋਣ ਨਾਲ ਅੱਗ ਲੱਗ ਗਈ ਤੇ ਨਾਲ ਦੀਆਂ ਬੈਰਕਾਂ ਤਕ ਵੀ ਫੈਲ ਗਈ। ਬਹੁਤੇ ਜਵਾਨ ਅੱਗ ‘ਚ ਜ਼ਿੰਦਾ ਝੁਲਸ ਗਏ। ਮੰਨਿਆ ਜਾ ਰਿਹਾ ਹੈ ਕਿ ਸਲਮਾਬਾਦ ਨਾਲੇ ਲਾਗਿਉਂ ਇਸ ਖੇਤਰ ‘ਚ ਦਾਖ਼ਲ ਹੋਏ ਅਤਿਵਾਦੀਆਂ ਨੇ ਇਹ ਹਮਲਾ ਕੀਤਾ ਹੈ।
ਫ਼ੌਜ ਦੇ ਬਿਆਨ ਮੁਤਾਬਕ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਉੜੀ ਦੀ ਇਕ ਯੂਨਿਟ ਦੇ ਪ੍ਰਸ਼ਾਸਨਿਕ ਬੇਸ ਦੇ ਪਿਛਲੇ ਹਿੱਸੇ ਨੂੰ ਨਿਸ਼ਾਨਾ ਬਣਾਇਆ। ਹਮਲੇ ਸਮੇਂ ਫ਼ੌਜੀਆਂ ਦੀ ਵਾਰੀ ਬਦਲੀ ਜਾਣੀ ਸੀ। ਜਵਾਬੀ ਕਾਰਵਾਈ ਵਿਚ ਚਾਰ ਅਤਿਵਾਦੀ ਮਾਰੇ ਜਾ ਚੁੱਕੇ ਹਨ ਅਤੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਸੂਤਰਾਂ ਨੇ ਦਸਿਆ ਬਾਰਾਮੂਲਾ ਸਥਿਤ ਫ਼ੌਜ ਨੇ 19ਵੇਂ ਡਵੀਜ਼ਨਲ ਦਫ਼ਤਰ ਦੇ ਹੈਲੀਕਾਪਟਰਾਂ ਨੂੰ ਕੰਮ ‘ਤੇ ਲਾਇਆ ਹੈ ਅਤੇ ਜ਼ਖ਼ਮੀ ਜਵਾਨਾਂ ਨੂੰ ਮੁਕਾਬਲੇ ਵਾਲੀ ਥਾਂ ਤੋਂ ਕੱਢ ਲਿਆ ਗਿਆ ਹੈ।
ਰਖਿਆ ਮੰਤਰੀ ਮਨੋਹਰ ਪਰੀਕਰ ਅਤੇ ਫ਼ੌਜ ਮੁਖੀ ਦਲਬੀਰ ਸਿੰਘ ਸੁਹਾਗ ਕਸ਼ਮੀਰ ਲਈ ਰਵਾਨਾ ਹੋ ਰਹੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਤਿਵਾਦੀ ਹਮਲੇ ਤੋਂ ਪੈਦਾ ਹੋਏ ਹਾਲਾਤ ਦੀ ਸਮੀਖਿਆ ਲਈ ਹੰਗਾਮੀ ਮੀਟਿੰਗ ਸੱਦੀ ਅਤੇ ਵਿਚਾਰ ਚਰਚਾ ਕੀਤੀ। ਅਤਿਵਾਦੀਆਂ ਨੇ ਦੋ ਸਾਲ ਪਹਿਲਾਂ ਵੀ ਇਸੇ ਖੇਤਰ ਦੇ ਮੋਹਰਾ ਵਿਚ ਇਸੇ ਤਰ੍ਹਾਂ ਦਾ ਹਮਲਾ ਕੀਤਾ ਸੀ।
ਪੰਜ ਦਸੰਬਰ 2014 ਨੂੰ ਹੋਏ ਉਸ ਅਤਿਵਾਦੀ ਹਮਲੇ ਵਿਚ 10 ਜਵਾਨ ਮਾਰੇ ਗਏ ਸਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰੂਸ ਅਤੇ ਅਮਰੀਕਾ ਦਾ ਦੌਰਾ ਰੱਦ ਕਰ ਦਿਤਾ ਹੈ। ਰਾਜਨਾਥ ਨੇ ਜੰਮੂ-ਕਸ਼ਮੀਰ ਦੇ ਰਾਜਪਾਲ ਐਨ.ਐਨ. ਵੋਹਰਾ ਅਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਵੀ ਗੱਲ ਕੀਤੀ। ਉਨ੍ਹਾਂ ਦਾ ਅੱਜ ਰਾਤ ਚਾਰ ਦਿਨ ਲਈ ਰੂਸ ਅਤੇ ਅਮਰੀਕਾ ਜਾਣ ਦਾ ਪ੍ਰੋਗਰਾਮ ਸੀ।
from Punjab News – Latest news in Punjabi http://ift.tt/2cRE6xe

0 comments