ਚੰਡੀਗੜ੍ਹ, 18 ਸਤੰਬਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਸਨਮੁਖ ਸੂਬੇ ਦੀ ਵਿਰੋਧੀ ਧਿਰ ਕਾਂਗਰਸ ਦੇ ਆਗੂਆਂ ਨੇ ਵਰਕਰਾਂ ਨੂੰ ਹੋਰ ਜੋਸ਼ ‘ਚ ਲਿਆਉਣ ਲਈ ਪ੍ਰਚਾਰ ਦਾ ਦੂਜਾ ਗੇੜ 24 ਸਤੰਬਰ ਤੋਂ ਸ਼ੁਰੂ ਕਰਨ ਦਾ ਪ੍ਰਬੰਧ ਕੀਤਾ ਹੈ। ਇਸ ਪ੍ਰੋਗਰਾਮ ਤਹਿਤ 13 ਸਜਾਵਟੀ ਬਸਾਂ ਨੂੰ ਕਾਂਗਰਸ ਭਵਨ ਤੋਂ ਸਵੇਰੇ 11 ਵਜੇ ਹਰੀ ਝੰਡੀ ਵਿਖਾਉਣ ਲਈ ਹਾਈ ਕਮਾਂਡ ਤੋਂ ਇੰਚਾਰਜ ਆਸ਼ਾ ਕੁਮਾਰੀ, ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਹਰੀਸ਼ ਚੌਧਰੀ ਅਤੇ ਅੰਮ੍ਰਿਤਸਰ ਐਮ.ਪੀ. ਤੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਹੇ ਹਨ।
ਸੰਸਦ ਦੀਆਂ ਪੰਜਾਬ ਅੰਦਰਲੀਆਂ 13 ਸੀਟਾਂ ਦੀ ਲਿਸਟ ਅਨੁਸਾਰ 100 ਤੋਂ ਵੱਧ ਪਾਰਟੀ ਆਗੂਆਂ ਜਿਨ੍ਹਾਂ ‘ਚ ਐਮ.ਪੀ., ਮੌਜੂਦਾ ਵਿਧਾਇਕ, ਸਾਬਕਾ ਵਿਧਾਇਕ, ਸਾਰੇ ਤਜ਼ਰਬੇਕਾਰ ਤੇ ਨੌਜਵਾਨ ਲੀਡਰ ਸ਼ਾਮਲ ਹਨ, ਸਮੇਤ ਜ਼ਿਲ੍ਹਾ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੂੰ ਇਸ ਜੰਗ ‘ਚ ਝੋਕਿਆ ਗਿਆ ਹੈ।
ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਲਾਲ ਸਿੰਘ ਨੇ ਵਿਸ਼ੇਸ਼ ਗੱਲਬਾਤ ਰਾਹੀਂ ਦਸਿਆ ਕਿ ਹਰ ਸੰਸਦੀ ਸੀਟ ‘ਚ 9-9 ਅਸੈਂਬਲੀ ਹਲਕਿਆਂ ਦੇ ਕਸਬਿਆਂ ਅਤੇ ਵੱਡੇ ਪਿੰਡਾਂ ‘ਚ 12-12 ਵਰਕਰਾਂ ਨੇ ਪਬਲਿਕ ਮੀਟਿੰਗਾਂ ਕਰਨੀਆਂ ਹਨ। ਜਿਸ ਅਨੁਸਾਰ ਹਫ਼ਤੇ ‘ਚ 5 ਦਿਨਾਂ ਦੌਰਾਨ 108 ਬੈਠਕਾਂ ਹੋਣਗੀਆਂ। ਕੁਲ 37 ਦਿਨ ਦਾ ਪ੍ਰੋਗਰਾਮ ਹੈ ਅਤੇ ਲੋੜ ਮੁਤਾਬਕ ਹਾਈਕਮਾਂਡ ਤੋਂ ਵੀ ਲੀਡਰ ਆ ਸਕਦੇ ਹਨ।
13 ਬਸਾਂ ਵਾਲੀਆਂ ਟੀਮਾਂ ‘ਚ ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ, ਉਸ ਇਲਾਕੇ ਦਾ ਕੋਆਰਡੀਨੇਟਰ, ਇਕ ਪ੍ਰਬੰਧਕ ਅਤੇ ਹੋਰ ਲੋਕਲ ਲੀਡਰ ਹੋਣਗੇ ਜੋ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੇ ਆਗੂਆਂ ਦੀਆਂ ਕਰਤੂਤਾਂ ‘ਤੇ ਚਾਨਣਾ ਪਾਉਣਗੇ ਅਤੇ ਵੋਟਰਾਂ ਨੂੰ ਕਾਂਗਰਸ ਦੇ ਹੱਕ ‘ਚ ਭੁਗਤਣ ਲਈ ਤਿਆਰ ਕਰਨਗੇ।
ਇਸ ਜੋਸ਼ ਭਰੇ ਪ੍ਰਚਾਰ ਦੌਰਾਨ ਸਨਿਚਰਵਾਰ ਤੇ ਐਤਵਾਰ ਛੁੱਟੀ ਰਹੇਗੀ ਅਤੇ ਬਾਕੀ ਪੰਜ ਦਿਨ ਲਾ ਕੇ 37 ਦਿਨਾਂ ‘ਚ 13 ਟੀਮਾਂ ਨੇ 1404 ਬੈਠਕਾਂ ਕਰਨੀਆਂ ਹਨ ਜਿਸ ਨਾਲ ਇਕ ਯੋਜਨਾਬੱਧ ਤਰੀਕੇ ਦਾ ਪ੍ਰੋਗਰਾਮ ਹੋਵੇਗਾ।
ਸ. ਲਾਲ ਸਿੰਘ ਨੇ ਕਿਹਾ ਕਿ ਇਸ ਵੇਲੇ ਪਾਰਟੀ ਲੀਡਰ ਇਕਜੁਟ ਹਨ। ਕੋਈ ਗੁੱਟਬੰਦੀ ਨਹੀਂ ਅਤੇ ਥਾਉਂ-ਥਾਈਂ ਹਰ ਹਲਕੇ ‘ਚ ਟਿਕਟ ਦਾ ਉਮੀਦਵਾਰ ਤੇ ਉਸ ਦੇ ਸਾਥੀ ਪਾਰਟੀ ਦੀ ਮਜ਼ਬੂਤੀ ‘ਚ ਲੱਗੇ ਹਨ।
ਉਨ੍ਹਾਂ ਦਸਿਆ ਕਿ ਜਲੰਧਰ ਸੀਟ ‘ਤੇ ਮੌਜੂਦਾ ਐਮ.ਪੀ. ਚੌਧਰੀ ਸੰਤੋਖ ਸਿੰਘ, ਲੁਧਿਆਣਾ ‘ਚ ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ‘ਚ ਓਮ ਪ੍ਰਕਾਸ਼ ਸੋਨੀ ਜਦਕਿ ਗੁਰਦਾਸਪੁਰ ਸੀਟ ‘ਤੇ ਅਸ਼ਵਨੀ ਸੇਖੜੀ ਅਤੇ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਤੇ ਹੁਸ਼ਿਆਰਪੁਰ ਦੀ ਕਮਾਨ ਮਹਿੰਦਰ ਕੇ.ਪੀ. ਨੂੰ ਸੌਂਪੀ ਹੈ। ਇਸੇ ਤਰ੍ਹਾਂ ਅਨੰਦਪੁਰ ਸਾਹਿਬ ਲਈ ਵਿਰੋਧੀ ਧਿਰ ਦੇ ਆਗੂ ਚਰਨਜੀਤ ਚੰਨੀ ਨੂੰ ਲਾਇਆ ਹੈ ਜਦਕਿ ਪਟਿਆਲਾ ਲੋਕ ਸਭਾ ਸੀਟ ਹੇਠ ਪੈਂਦੇ 9 ਹਲਕਿਆਂ ਦੀ ਮੀਟਿੰਗਾਂ ਕਰਾਉਣ ਦੀ ਜ਼ੁੰਮੇਵਾਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਸੌਂਪੀ ਹੈ ਅਤੇ ਨੌਜਵਾਨ ਆਗੂ ਕੁਲਜੀਤ ਨਾਗਰਾ ਨੂੰ ਫ਼ਤਿਹਗੜ੍ਹ ਸਾਹਿਬ ਦਾ ਚਾਰਜ ਦਿਤਾ ਹੈ। ਬਾਕੀ ਰਹਿੰਦੀਆਂ ਚਾਰ ਲੋਕ ਸਭਾ ਸੀਟਾਂ ਸੰਗਰੂਰ, ਬਠਿੰਡਾ, ਫ਼ਰੀਦਕੋਟ ਤੇ ਫ਼ਿਰੋਜਪੁਰ ਲਈ ਕ੍ਰਮਵਾਰ ਬੀਬੀ ਭੱਠਲ, ਮਨਪ੍ਰੀਤ ਬਾਦਲ, ਵਿਜੇ ਇੰਦਰ ਸਿੰਗਲਾ ਅਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਨੂੰ ਫ਼ਿਟ ਕੀਤਾ ਹੈ। ਜਾਖੜ ਨਾਲ ਤੇਜ਼-ਤਰਾਰ ਨੇਤਾ ਯੂਥ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਰਖਿਆ ਹੈ।
ਸ. ਲਾਲ ਸਿੰਘ ਨੇ ਦਸਿਆ ਕਿ ਇਸ ਵਿਸ਼ੇਸ਼ ਪ੍ਰਚਾਰ ਮੁਹਿੰਮ ਨੂੰ ਨਾਮ ਇਹ ਦਿਤਾ ਹੈ ”ਕਾਂਗਰਸ ਲਿਆਉ – ਪੰਜਾਬ ਬਚਾਉ’ ਅਤੇ ਇਹ ਨਾਹਰਾ ਸਪੈਸ਼ਲ ਤਿਆਰ ਕੀਤੀਆਂ ਬਸਾਂ ਦੇ ਬਾਹਰ ਵੀ ਲਿਖਿਆ ਗਿਆ ਹੈ ਜਿਨ੍ਹਾਂ ‘ਤੇ ਕੈਪਟਨ ਅਮਰਿੰਦਰ ਸਿੰਘ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।
ਬੁਲਾਰਿਆਂ ਦੀ ਲਿਸਟ ਵੀ ਤਿਆਰ ਕਰ ਲਈ ਗਈ ਹੈ ਜਿਨ੍ਹਾਂ ‘ਚ ਸੂਬਾ ਪੱਧਰ ਦੇ ਆਗੂ, ਸਾਬਕਾ ਤੇ ਮੌਜੂਦਾ ਵਿਧਾਇਕ ਰੱਖੇ ਹਨ। ਬੁਲਾਰਿਆਂ ‘ਚ ਹੋਰਨਾਂ ਤੋਂ ਇਲਾਵਾ ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਰਾਜ ਕੁਮਾਰ ਵੇਰਕਾ, ਸੁੱਖ ਸਰਕਾਰੀਆ, ਹੰਸ ਰਾਜ ਹੰਸ, ਹਰਮਿੰਦਰ ਗਿੱਲ, ਸੰਗਤ ਸਿੰਘ ਗਿਲਜੀਆਂ, ਸ਼ਾਮ ਸੁੰਦਰ ਅਰੋੜਾ, ਡਾ. ਅਮਰ ਸਿੰਘ, ਭਾਰਤ ਭੂਸ਼ਣ ਆਸ਼ੂ, ਸਤਨਾਮ ਕੈਂਥ, ਰਾਣਾ ਕੇ.ਪੀ., ਰਣਦੀਪ ਨਾਭਾ, ਸਾਧੂ ਸਿੰਘ ਧਰਮਸੋਤ, ਸੁਰਿੰਦਰ ਪਾਲ ਸੀਬੀਆ, ਅਜੀਤ ਇੰਦਰ ਮੋਫ਼ਰ, ਅਜੈਬ ਭੱਟੀ, ਗੁਰਪ੍ਰੀਤ ਕਾਂਗੜ, ਇੰਦਰਜੀਤ ਸਿੰਘ ਜ਼ੀਰਾ, ਹੰਸਰਾਜ ਜੋਸ਼ਨ ਅਤੇ ਕੁਸ਼ਲਦੀਪ ਢਿੱਲੋਂ ਸ਼ਾਮਲ ਹਨ।
from Punjab News – Latest news in Punjabi http://ift.tt/2dbTdlT

0 comments