ਅਕਾਲੀ-ਭਾਜਪਾ ਉਮੀਦਵਾਰਾਂ ਦੀ ਲਿਸਟ ਤਿਆਰ, ਐਲਾਨ ਛੇਤੀ

full11868ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦਾ ਮੈਦਾਨ ਭਖ ਜਾਣ ਨਾਲ ਆਮ ਆਦਮੀ ਪਾਰਟੀ ‘ਚ ਤਿੰਨ ਗਰੁਪ ਬਣਦਿਆਂ ਸਾਰ ਅਕਾਲੀ-ਭਾਜਪਾ ਗਠਜੋੜ ਹੋਰ ਜੋਸ਼ ‘ਚ ਆ ਗਿਆ ਲਗਦਾ ਹੈ। ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੀ ਤਾਂਘ ‘ਚ ਗਠਜੋੜ ਪਾਰਟੀਆਂ ਦੇ ਲੀਡਰਾਂ ਨੇ ਵਿਸ਼ੇਸ਼ ਕਰ ਅਕਾਲੀ ਦਲ ਨੇ ਫਿਰ ਵੱਡੇ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਤਹਈਆ ਕਰ ਲਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਲ ਦੇ ਪ੍ਰਧਾਨ ਅਤੇ ਬਰੀਕੀ ਨਾਲ ਪਲਾਨਿੰਗ ਕਰਨ ਵਾਲੇ ਨੌਜਵਾਨ ਆਗੂ ਸੁਖਬੀਰ ਸਿੰਘ ਬਾਦਲ ਨੇ ਉਮੀਦਵਾਰਾਂ ਦੀ ਲਿਸਟ ਤੈਅ ਕਰ ਲਈ ਹੈ। ਸੂਤਰਾਂ ਨੇ ਦਸਿਆ ਕਿ 40 ਤੋਂ 50 ਨਵੇਂ ਚਿਹਰੇ ਮੈਦਾਨ ‘ਚ ਆਉਣਗੇ ਅਤੇ ਜਿੱਤ ਲੈਣਾ ਜਾਂ ਸੀਟ ‘ਤੇ ਕਬਜ਼ਾ ਕਰਨਾ ਹੀ ਮੁੱਖ ਮਨਸ਼ਾ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਕਈ ਤਜਬਰੇਕਾਰ ਤੇ ਪੁਰਾਣੇ ਲੀਡਰਾਂ ਦਾ ਕਹਿਣਾ ਹੈ ਕਿ ਅਸਲੀ ਤੌਰ ‘ਤੇ ਮੁਕਾਬਲਾ ਕਾਂਗਰਸ ਨਾਲ ਹੀ ਹੋਵੇਗਾ ਕਿਉਂਕਿ ‘ਆਪ’ ਦੇ ਲੀਡਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਬਾਹਰਲੇ ਆਗੂਆਂ ਦੇ ਹੱਥ ਵਾਗਡੋਰ ਸੰਭਾਲਣ ਦਾ ਮਨ ਬਣਾਈ ਬੈਠੇ ਹਨ, ਵੋਟਰ ਤੇ ਆਮ ਲੋਕ ਨਾਰਾਜ਼ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ‘ਆਪ’ ਖ਼ੁਦ ਬਗ਼ਾਵਤ ਦਾ ਸ਼ਿਕਾਰ ਹੋ ਰਹੀ ਹੈ, ਦਿੱਲੀ ‘ਚ ਕਥਿਤ ਮਾੜੀ ਸਰਕਾਰ ਦੇ ਰਹੀ ਹੈ, ਇਥੇ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਨਹੀਂ ਕਰ ਰਹੀ, ਓਨੀ ਦੇਰ ਤਕ ਪੰਜਾਬ ‘ਚ ਉਨ੍ਹਾਂ ਦੀ ਬਣੀ ਹਵਾ ਉਡ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉੱਚ ਪੱਧਰ ਤੇ ਆਗੂਆਂ ਨੇ 94-23 ਦੇ ਅਨੁਪਾਤ ਜਾਂ ਕੁੱਝ ਸੀਟਾਂ ‘ਤੇ ਅਦਲਾ-ਬਦਲੀ ਜਾਂ ਫਿਰ ਭਾਜਪਾ ਵਲੋਂ ਸਿੱਖ ਪੱਤਾ ਅਤੇ ਅਕਾਲੀ ਦਲ ਵਲੋਂ ਹਿੰਦੂ ਕਾਰਡ ਖੇਡਣ ਦਾ ਵੱਡਾ ਫ਼ੈਸਲਾ ਗੁਪਤ ਤੌਰ ‘ਤੇ ਕਰ ਲਿਆ ਹੈ। ਅਕਾਲੀ ਦਲ ਐਤਕੀਂ 10 ਤੋਂ ਵੱਧ ਹਿੰਦੂ ਉਮੀਦਵਾਰ ਅਤੇ ਭਾਜਪਾ 1 ਜਾਂ 2 ਸਿੱਖ ਚੋਣ ਮੈਦਾਨ ‘ਚ ਲਿਆ ਰਹੀ ਹੈ।

ਜ਼ਮੀਨ ‘ਤੇ ਪੂਰੀ ਤਿਆਰੀ ‘ਚ ਡਟੇ ਯੂਥ ਅਕਾਲੀ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਮਾਲਵੇ ਦੀਆਂ 68 ਸੀਟਾਂ ਤੋਂ ਇਲਾਵਾ ਮਾਝਾ ਤੇ ਦੋਆਬੇ ਦੇ ਹਲਕਿਆਂ ‘ਚ ਰਹਿੰਦੇ ਵੋਟਰ ਪਰਵਾਰਾਂ ‘ਤੇ ਅਸਰ ਪਾਉਣ ਲਈ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਦੋ ਵਫ਼ਦ ਅਮਰੀਕਾ ਜਾ ਰਹੇ ਹਨ। ਉਥੇ ਸੋਸ਼ਲ ਮੀਡੀਆ, ਰੇਡੀਉ, ਟੈਲੀਵਿਜ਼ਨ ‘ਤੇ ਗੱਲਬਾਤ, ਬਹਿਸ, ਚਰਚਾ ਤੋਂ ਇਲਾਵਾ ਹੋਰ ਛੋਟੀਆਂ ਬੈਠਕਾਂ ਕਰ ਕੇ ਉਥੇ ਵਸੇ ਲੱਖਾਂ ਪੰਜਾਬੀ ਲੋਕਾਂ ਨੂੰ ਪਿੱਛੇ ਰਹਿੰਦੇ ਪਰਵਾਰਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਜਾਵੇਗਾ। ਇਥੇ ਚੰਡੀਗੜ੍ਹ ‘ਚ ਦੋ ਥਾਵਾਂ ‘ਤੇ 200 ਵਰਕਰਾਂ ਦਾ ਇਲੈਕਟ੍ਰੋਨਿਕ ਜੱਥਾ ਕਈ ਦਿਨਾਂ ਤੋਂ ਹੋਂਦ ‘ਚ ਆ ਚੁੱਕਾ ਹੈ ਜੋ ਹਰ ਤਰ੍ਹਾਂ ਦੀ ਖ਼ਬਰ ਨੂੰ ਮਾਨੀਟਰ ਕਰ ਕੇ ਜਨਤਾ ‘ਚ ਅਪਣੇ ਢੰਗ ਨਾਲ ਅਕਾਲੀ ਦਲ ਦੇ ਹੱਕ ‘ਚ ਨਸ਼ਰ ਕਰ ਰਿਹਾ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਾਰਵੇ, ਨਿਊਜ਼ੀਲੈਂਡ, ਇਟਲੀ ਸਮੇਤ 10 ਮੁਲਕਾਂ ‘ਚ ਅਕਾਲੀ ਦਲ ਦੇ ਯੂਥ ਤੇ ਹੋਰ ਵਿੰਗ ਪਹਿਲਾਂ ਹੀ ਕਾਫ਼ੀ ਸਰਗਰਮ ਹਨ ਜੋ ਮਾਹੌਲ ਬਣਾਉਣ, ਪੰਜਾਬ ਸਰਕਾਰ ਦੀਆਂ ਖ਼ਾਮੀਆਂ ਦੱਸਣ ਅਤੇ ਅੱਗੋਂ ਸੁਧਾਰ ਕਰਨ ਦੀ ਗੁੰਜਾਇਸ਼ ‘ਤੇ ਦਿਨ-ਰਾਤ ਵਿਚਾਰ ਕਰਦੇ ਹਨ।

ਕਈ ਸੀਨੀਅਰ ਅਕਾਲੀ ਆਗੂ ਦਸਦੇ ਹਨ ਕਿ ਫ਼ਿਲਹਾਲ ਹਵਾ ਟਿਕੀ ਹੋਈ ਹੈ, ਸੱਤਾ ਧਿਰ ਵਿਰੁਧ ਮਾਹੌਲ ਨੂੰ ਮੋੜਾ ਪੈ ਗਿਆ ਹੈ ਅਤੇ ਹੁਣ ਆਮ ਵੋਟਰਾਂ ਨੇ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਹੈਟ੍ਰਿਕ ਲੱਗ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2007 ਤੇ 2012 ਚੋਣਾਂ ‘ਚ ਦੋ ਵਾਰ ਮਾਰ ਖਾਣ ਤੋਂ ਬਾਅਦ ਕਾਂਗਰਸ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ ਭਾਵੇਂ ਉਪਰੋਂ ਇਕਮੁਠਤਾ ਨਜ਼ਰ ਆ ਰਹੀ ਹੈ ਪਰ ਅੰਦਰੋਂ ਲੜਾਈ ਜਾਰੀ ਹੈ। ਕੇਂਦਰ ‘ਚ ਵੀ ਕਾਂਗਰਸੀ ਦਾ ਕਿਲਾ ਮਜ਼ਬੂਤ ਨਹੀਂ, ਪੰਜਾਬ ਦੀ ਵਾਗਡੋਰ ਕੈਪਟਨ ਦੇ ਹੱਥ ‘ਚ ਹੋਣ ਕਰ ਕੇ ਸੂਬੇ ਦਾ ਹਰ ਪਾਰਟੀ ਵਰਕਰ ਆਪੋ-ਅਪਣੇ ਖ਼ੇਮੇ ‘ਚ ਆ ਗਿਆ ਹੈ।

ਅਕਾਲੀ-ਭਾਜਪਾ ਗਠਜੋੜ ਦੇ ਆਗੂ ਹੁਣ ਤਾਂ ਇਹੀ ਦੁਆ ਕਰ ਰਹੇ ਹਨ ਕਿ ਆਉਂਦੇ ਦਿਨਾਂ ‘ਚ ਕੋਈ ਗ਼ਲਤੀ ਨਾ ਹੋ ਜਾਵੇ ਜਾਂ ਘਟਨਾ ਅਜਿਹੀ ਨਾ ਬਣ ਜਾਵੇ ਜਿਸ ਦਾ ਖ਼ਮਿਆਜ਼ਾ ਨਾ ਭੁਗਤਣਾ ਪੈ ਜਾਵੇ। ਸੂਤਰਾਂ ਦਾ ਕਹਿਣਾ ਹੈ ਕਿ ਉਮੀਦਵਾਰਾਂ ਦੀ ਲਿਸਟ ਤਿਆਰ ਹੈ। ਅਗਲੇ ਮਹੀਨੇ ਦੇ ਅਖ਼ੀਰ ‘ਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਰਸਮੀ ਐਲਾਨ ਹੋਣ ਦੀ ਉਮੀਦ ਹੈ। ਅਕਾਲੀ ਆਗੂ ਇਹ ਵੀ ਕਹਿ ਰਹੇ ਹਨ ਕਿ ਜਿਵੇਂ 2 ਲਿਸਟਾਂ ਜਾਰੀ ਹੋਣ ‘ਤੇ ‘ਆਪ’ ਵਿਚ ਟਕਰਾਅ ਵਧਿਆ, ਬਾਕੀ ਰਹਿੰਦੀਆਂ ਲਿਸਟਾਂ ਦੇ ਆਉਣ ‘ਤੇ ਹੋਰ ਬਗ਼ਾਵਤ ਹੋਵੇਗੀ ਅਤੇ ਮੁਕਾਬਲਾ ਸਿੱਧਾ ਅਕਾਲੀ ਦਲ ਤੇ ਕਾਂਗਰਸ ‘ਚ ਹੋਣ ਦੇ ਆਸਾਰ ਹੋ ਜਾਣਗੇ।



from Punjab News – Latest news in Punjabi http://ift.tt/2df7V9x
thumbnail
About The Author

Web Blog Maintain By RkWebs. for more contact us on rk.rkwebs@gmail.com

0 comments