ਵਲਟੋਹਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

full11376ਜਲੰਧਰ, 17 ਸਤੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਸੀਨੀਅਰ ਦਲਿਤ ਲੀਡਰ ਤੇ ਵਿਧਾਇਕ ਤਰਲੋਚਨ ਸਿੰਘ ਸੂੰਢ ਖਿਲਾਫ਼ ਪੰਜਾਬ ਵਿਧਾਨ ਸਭਾ ਅੰਦਰ ਜਾਤੀ ‘ਤੇ ਗਲਤ ਟਿੱਪਣੀ ਕਰਨ ਵਾਲੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਕਤ ਘਟਨਾ ਖਿਲਾਫ਼ ਰੋਸ ਪ੍ਰਗਟਾਉਂਦਿਆਂ ਤੇ ਇਸ ਮੰਗ ‘ਤੇ ਜ਼ੋਰ ਦਿੰਦਿਆਂ ਪਾਰਟੀ ਵੱਲੋਂ ਕੱਲ੍ਹ ਬਲਾਕ ਪੱਧਰ ‘ਤੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਕੈਪਟਨ ਨੇ ਕਿਹਾ ਕਿ ਘੁੱਗੀ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਘੁੱਗੀ ਧਰਮ ਵਿਰੋਧੀ ਹੈ ਅਤੇ ਵਲਟੋਹਾ ਦਲਿਤਾਂ ਦਾ ਵਿਰੋਧੀ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਇਹ ਲੋਕ ਕਰ ਰਹੇ ਹਨ ਉਨ੍ਹਾਂ ਤੋਂ ਇਹ ਸਾਬਤ ਹੁੰਦਾ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸੂਬੇ ‘ਚ ਚੋਣਾਂ ਹਿੰਸਕ ਬਣਨ ਦਾ ਖਦਸ਼ਾ ਜ਼ਾਹਰ ਕੀਤਾ, ਕਿਉਂਕਿ ਕਈ ਅਪਰਾਧਿਕ ਗੈਂਗ

ਇਸ ਵੇਲੇ ਸਰਗਰਮ ਹਨ ਅਤੇ ਸਰਕਾਰ ਅਪਰਾਧੀਆਂ ਵਾਸਤੇ ਪੇਰੈਲ ਦੇ ਨਿਯਮ ਅਸਾਨ ਬਣਾ ਰਹੀ ਹੈ।
ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਸਿੰਘ ਸਮੇਤ ਏ.ਆਈ.ਸੀ.ਸੀ ਪੰਜਾਬ ਮਾਮਲਿਆਂ ਲਈ ਇੰਚਾਰਜ਼ ਆਸ਼ਾ ਕੁਮਾਰੀ, ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਤਰਲੋਚਨ ਸੂੰਢ ਤੇ ਹੋਰਨਾ ਨੇ ਅਫਸੋਸ ਪ੍ਰਗਟਾਇਆ ਕਿ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਖੁਦ ਦਲਿਤ ਹੋਣ ਦੇ ਬਾਵਜੂਦ ਤੇ ਵਿਧਾਨ ਸਭਾ ਵਿਚ ਹਾਜ਼ਰ ਹੋਰ ਸਾਰੇ ਦਲਿਤ ਅਕਾਲੀ ਤੇ ਭਾਜਪਾ ਵਿਧਾਇਕ ਉਕਤ ਘਟਨਾ ਨੂੰ ਲੈ ਕੇ ਸਿਰਫ ਇਸ ਲਈ ਚੁੱਪ ਰਹੇ ਕਿ ਕਿਤੇ ਅਕਾਲੀ ਤੇ ਭਾਜਪਾ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਦੀਆਂ ਟਿਕਟਾਂ ਕੈਂਸਲ ਨਾ ਹੋ ਜਾਣ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਵਲਟੋਹਾ ਪੁਰਾਣੇ ਅਪਰਾਧੀ ਅਤੇ ਮਾਨਸਿਕ ਰੋਗੀ ਹਨ ਜਿਨ੍ਹਾਂ ਨੇ ਅਤਿਵਾਦ ਦੌਰਾਨ ਸੱਤ ਮਾਸੂਮ ਲੋਕਾਂ ਦਾ ਕਤਲ ਕੀਤਾ ਸੀ ਅਤੇ ਇਨ੍ਹਾਂ ਨੂੰ ਪਾਗਲਖਾਨੇ ਭੇਜ ਕੇ ਇਲਾਜ਼ ਕੀਤੇ ਜਾਣ ਦੀ ਲੋੜ ਹੈ।
ਸਾਬਕਾ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟਾਈ ਕਿ ਕਿਵੇਂ ਸਪੀਕਰ ਨੇ ਵੀ ਜਾਂਚ ਦੇ ਆਦੇਸ਼ ਦਿੱਤੇ ਬਗੈਰ ਸੂੰਢ ਦੀ ਸ਼ਿਕਾਇਤ ਨੁੰ ਰੱਦ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਕੋਈ ਵੀ ਕਿਸੇ ਖਿਲਾਫ਼ ਜੁੱਤੀ ਉਛਾਲੇ ਜਾਣ ਨੂੰ ਸਹੀ ਨਹੀਂ ਕਰਾਰ ਦੇਵੇਗਾ, ਲੇਕਿਨ ਵਿਧਾਨ ਸਭਾ ‘ਚ ਜੋ ਹੋਇਆ, ਉਹ ਵਲਟੋਹਾ ਵਰਗੇ ਲੋਕਾਂ ਵੱਲੋਂ ਸਮਾਜ ਖਿਲਾਫ਼ ਜਾਤੀਵਾਦ ‘ਤੇ ਅਪਰਾਧਿਕ ਟਿੱਪਣੀ ਖਿਲਾਫ ਉਸਦਾ ਗੁੱਸਾ ਤੇ ਭੜਕਾਹਟ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਲਟੋਹਾ ਵਰਗੇ ਲੋਕ ਬਾਦਲ ਵੱਲੋਂ ਜਾਣ ਬੁਝ ਕੇ ਦਲਿਤਾਂ ਤੇ ਹੋਰਨਾਂ ਘੱਟ ਗਿਣਤੀਆਂ ਨੂੰ ਡਰਾਉਣ ਵਾਸਤੇ ਖੜ੍ਹੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, 50 ਤੋਂ ਵੱਧ ਸੰਗਠਿਤ ਗੈਂਗਾਂ ਦੀ ਮੌਜ਼ੂਦਗੀ ਤੇ ਸਰਕਾਰ ਵੱਲੋਂ ਪੇਰੋਲ ਨੂੰ ਅਸਾਨ ਬਣਾਉਣ ਸਬੰਧੀ ਲਿਆ ਗਿਆ ਫੈਸਲਾ, ਚੋਣਾਂ ਤੋਂ ਪਹਿਲਾਂ ਖਤਰੇ ਦੀ ਸੂਚਨਾ ਦੇ ਰਹੇ ਹਨ।
ਟਿਕਟਾਂ ਦੀ ਵੰਡ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਅਰਜ਼ੀਆਂ ਦੀ ਪੜਤਾਲ ਕਰਨ ਦੀ ਪ੍ਰੀਕ੍ਰਿਆ ਚੱਲ ਰਹੀ ਹੈ। ਏ.ਆਈ.ਸੀ.ਸੀ ਵੱਲੋਂ ਮੰਗੀ ਵਿਸ਼ੇਸ਼ ਜਾਣਕਾਰੀ ਹਾਲੇ ਇਕੱਠੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਜ਼ਲਦੀ ਹੀ ਏ.ਆਈ.ਸੀ.ਸੀ ਨੂੰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਦੀਆਂ ਟਿਕਟਾਂ ਪੂਰੀ ਪ੍ਰੀਕ੍ਰਿਆ ਦੀ ਪਾਲਣਾ ਕਰਦਿਆਂ ਤੈਅ ਕੀਤੀਆਂ ਜਾਂਦੀਆਂ ਹਨ ਅਤੇ ਆਖਰੀ ਫੈਸਲਾ ਹਮੇਸ਼ਾ ਤੋਂ ਕਾਂਗਰਸ ਪ੍ਰਧਾਨ ਦਾ ਹੁੰਦਾ ਹੈ।
ਚੰਡੀਗੜ੍ਹ ਏਅਰਪੋਰਟ ਦੇ ਨਾਮਕਰਨ ਨੂੰ ਲੈ ਕੇ ਵਿਵਾਦ ਬਾਰੇ ਕੈਪਟਨ ਨੇ ਖੁਲਾਸਾ ਕੀਤਾ ਕਿ ਦੋਵੇਂ ਸੂਬੇ ਪਹਿਲਾਂ ਹੀ ਰਜ਼ਾਮੰਦ ਹੋ ਚੁੱਕੇ ਹਨ ਕਿ ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਉਪਰ ਰੱਖਿਆ ਜਾਵੇਗਾ ਤਾਂ ਇਸ ਲੜੀ ਹੇਠ ਚੰਡੀਗੜ੍ਹ ਜਾਂ ਮੋਹਾਲੀ ਦਾ ਮਹੱਤਵ ਨਹੀਂ ਹੈ, ਏਅਰਪੋਰਟ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ ਉਪਰ ਹੋਣਾ ਚਾਹੀਦਾ ਹੈ ਅਤੇ ਹਰ ਕਿਸੇ ਨੇ ਇਸ ‘ਤੇ ਹਾਮੀ ਭਰੀ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਮੋਹਿੰਦਰ ਸਿੰਘ ਕੇਪੀ, ਅਵਤਾਰ ਹੈਨਰੀ, ਅਮਰਜੀਤ ਸਿੰਘ ਸਮਰਾ, ਤਜਿੰਦਰ ਬਿੱਟੂ, ਸਤਨਾਮ ਕੈਂਥ, ਵਿਕਰਮ ਚੌਧਰੀ ਵੀ ਹਾਜ਼ਰ ਰਹੇ।



from Punjab News – Latest news in Punjabi http://ift.tt/2cSyu4z
thumbnail
About The Author

Web Blog Maintain By RkWebs. for more contact us on rk.rkwebs@gmail.com

0 comments