ਕਾਰੋਬਾਰੀ ਨੇ ਪਤਨੀ, ਪੁੱਤਰ ਅਤੇ ਧੀ ਸਮੇਤ ਸਲਫ਼ਾਸ ਖਾ ਕੇ ਜਾਨ ਦਿਤੀ

ਜਲੰਧਰ/ਕਿਸ਼ਨਗੜ੍ਹ  : ਇਥੇ ਰਹਿੰਦੇ ਪਠਾਨਕੋਟ ਦੇ ਕਾਰੋਬਾਰੀ ਨੇ ਫ਼ਾਇਨਾਂਸਰਾਂ ਦੀਆਂ ਕਥਿਤ ਧਮਕੀਆਂ ਕਾਰਨ ਅਪਣੀ ਪਤਨੀ, ਪੁੱਤਰ ਅਤੇ ਧੀ ਸਮੇਤ ਸਲਫ਼ਾਸ ਖਾ ਕੇ ਜਾਨ ਦੇ ਦਿਤੀ।
ਅੱਜ ਸਵੇਰੇ ਚਾਰਾਂ ਦੀਆਂ ਲਾਸ਼ਾਂ ਜਲੰਧਰ ਪਠਾਨਕੋਟ ਕੌਮੀ ਰਾਜ ਮਾਰਗ ‘ਤੇ ਪੈਂਦੇ ਕਸਬਾ ਕਿਸ਼ਨਗੜ੍ਹ•ਲਾਗਿਉਂ ਸੜਕ ਕਿਨਾਰੇ ਮਿਲੀਆਂ। ਲਾਸ਼ਾਂ ਨੇੜਿਉਂ ਵਪਾਰੀ ਦੀ ਲਿਖੀ ਇਕ ਚਿੱਠੀ, ਸਲਫ਼ਾਸ ਦੀਆਂ ਗੋਲੀਆਂ ਦੀ ਖ਼ਾਲੀ ਡੱਬੀ, ਪਾਣੀ ਦੀ ਬੋਤਲ ਅਤੇ ਮੋਬਾਈਲ ਫ਼ੋਨ ਮਿਲੇ ਹਨ। ਚਿੱਠੀ ਵਿਚ ਕਾਰੋਬਾਰੀ ਨੇ ਲਿਖਿਆ ਹੈ ਕਿ ਉਹ ਪੈਸੇ ਵਿਆਜ ‘ਤੇ ਦੇਣ ਵਾਲੇ ਕੁੱਝ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਧਮਕਾਏ ਅਤੇ ਜ਼ਲੀਲ ਕੀਤੇ ਜਾਣ ਤੋਂ ਤੰਗ ਹੋ ਕੇ ਅਪਣੇ ਪਰਵਾਰ ਸਮੇਤ ਜਾਨ ਦੇ ਰਿਹਾ ਹੈ।

ਉਸ ਨੇ ਲਿਖਿਆ ਹੈ ਕਿ ਫ਼ਾਇਨਾਂਸਰਾਂ ਕੋਲੋਂ ਉਸ ਨੇ ਕਰਜ਼ਾ ਲਿਆ ਸੀ ਜੋ ਮੋੜ ਦਿਤਾ। ਮੂਲ ਰਕਮ ਨਾਲ ਵਿਆਜ ਦੇਣ ਦੇ ਬਾਵਜੂਦ ਫ਼ਾਇਨਾਂਸਰ ਉਸ ਨੂੰ ਧਮਕੀਆਂ ਦੇ ਰਹੇ ਸਨ। ਚਿੱਠੀ ‘ਤੇ ਚਾਰਾਂ ਦੇ ਦਸਤਖ਼ਤ ਹਨ। ਚਾਰਾਂ ਦੀ ਪਛਾਣ ਅਨਿਲ ਅਗਰਵਾਲ, ਉਸ ਦੀ ਪਤਨੀ ਰਜਨੀ ਅਗਰਵਾਲ, ਧੀ ਰਸ਼ਮੀ ਅਗਰਵਾਲ (17) ਅਤੇ ਪੁੱਤਰ ਅਵਿਸ਼ੇਕ ਅਗਰਵਾਲ (23) ਵਜੋਂ ਹੋਈ ਹੈ।ਉਹ ਕਰੀਬ 6 ਮਹੀਨਿਆਂ ਤੋਂ ਪਠਾਨਕੋਟ ਚੌਕ ਨਾਲ ਪੈਂਦੇ ਬੀਡੀਏ ਇਨਕਲੇਵ ਦੇ ਫ਼ਲੈਟ ‘ਚ ਕਿਰਾਏ ‘ਤੇ ਰਹਿ ਰਹੇ ਸਨ।

ਦੋ ਲਾਸ਼ਾਂ ਸੜਕ ਕਿਨਾਰਿਉਂ ਮਿਲੀਆਂ ਹਨ ਜਦਕਿ ਦੋ ਲਾਸ਼ਾਂ ਭਗਵੰਤ ਸਿੰਘ ਨਾਮਕ ਕਿਸਾਨ ਦੇ ਖੇਤਾਂ ਕੋਲੋਂ ਮਿਲੀਆਂ ਹਨ। ਹਿੰਦੀ ‘ਚ ਲਿਖੇ ਖ਼ੁਦੁਕਸ਼ੀ ਨੋਟ ‘ਚ ਅਨਿਲ ਅਗਰਵਾਲ ਨੇ ਲਿਖਿਆ ਹੈ ਕਿ ਫ਼ਾਇਨਾਂਸਰ ਕਹਿ ਰਹੇ ਸਨ ਕਿ ਜੇ ਪੈਸੇ ਨਾ ਦਿਤੇ ਤਾਂ ਤੇਰੀ ਘਰਵਾਲੀ ਅਤੇ ਕੁੜੀ ਨੂੰ ਚੁੱਕ ਕੇ ਲੈ ਜਾਵਾਂਗੇ। ਉਸ ਨੇ ਚਿੱਠੀ ਵਿਚ ਇਕ ਔਰਤ ਸਮੇਤ 8 ਵਿਅਕਤੀਆਂ ਦੇ ਨਾਂਅ ਲਿਖ ਕੇ ਉਨ੍ਹਾਂ ਨੂੰ ਅਪਣੀ ਮੌਤ ਲਈ ਜ਼ਿੰਮੇਵਾਰ ਦਸਿਆ ਹੈ। ਬੀਤੀ ਰਾਤ ਕਰੀਬ ਅੱਠ ਵਜੇ ਉਹ ਚਾਰੇ ਅੱਡੇ ‘ਤੇ ਆਏ ਸਨ ਅਤੇ ਪਾਣੀ ਦੀ ਬੋਤਲ ਖ਼ਰੀਦ ਕੇ ਉਥੇ ਘੁੰਮਦੇ ਵੇਖੇ ਗਏ। ਉਹ ਚਾਰੇ ਘਰੋਂ ਦੋ ਐਕਟਿਵਾ ਮੋਟਰਸਾਈਕਲਾਂ ‘ਤੇ ਅੱਡਾ ਕਿਸ਼ਨਗੜ੍ਹ ਗਏ ਸਨ। ਅੱਜ ਉਨ੍ਹਾਂ ਦੇ ਫ਼ਲੈਟ ਨੂੰ ਤਾਲੇ ਲੱਗੇ ਹੋਏ ਸਨ। ਇਹ ਕਾਰੋਬਾਰੀ ਪੁਰਾਣੇ ਸਮਾਨ ਦੀ ਖ਼ਰੀਦ-ਵੇਚ ਦਾ ਕੰਮ ਕਰਦਾ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਦਿਹਾਤੀ ਦੇ ਥਾਣਾ ਭੋਗਪੁਰ ਦੇ ਮੁਖੀ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਨਿਲ ਦੀ ਭੈਣ ਨੀਲਮ ਗੁਪਤਾ ਦੇ ਬਿਆਨਾਂ ‘ਤੇ ਕਥਿਤ ਦੋਸ਼ੀਆਂ ਵਿਰੁਧ ਧਾਰਾ 306 ਤਹਿਤ ਮਾਮਲਾ ਦਰਜ ਕੀਤਾ। ਪਤਾ ਲੱਗਾ ਹੈ ਕਿ ਅਨਿਲ ਨੇ ਜ਼ਹਿਰ ਖਾਣ ਤੋਂ ਪਹਿਲਾਂ ਕਿਸੇ ਨੂੰ ਵਾਟਸਐਪ ਮੈਸੇਜ ਵੀ ਕੀਤਾ ਸੀ ਜਿਸ ਵਿਚ ਉਸ ਨੇ ਕਿਹਾ ਸੀ ਕਿ ਤਿੰਨਾਂ ਨੂੰ ਜ਼ਹਿਰ ਦੇਣ ਮਗਰੋਂ ਮੈਂ ਵੀ ਜ਼ਹਿਰ ਖਾਣ ਲੱਗਾ ਹਾਂ।



from Punjab News – Latest news in Punjabi http://ift.tt/2d2qRI8
thumbnail
About The Author

Web Blog Maintain By RkWebs. for more contact us on rk.rkwebs@gmail.com

0 comments