ਯੂਨਾਈਟਡ ਸਪੋਰਟਸ ਕਲੱਬ ਨੇ ਸਿਰਜਿਆ ਕਬੱਡੀ ਦਾ ਨਵਾਂ ਇਤਿਹਾਸ

4s7a4240 4s7a39274s7a2929

ਬੇ-ਏਰੀਆ ਸਪੋਰਟਸ ਕਲੱਬ ਨੇ ਜਿੱਤਿਆ 12ਵਾਂ ਵਿਸ਼ਵ ਕਬੱਡੀ ਕੱਪ

ਯੂਨੀਅਨ ਸਿਟੀ (ਐੱਸ ਅਸ਼ੋਕ ਭੌਰਾ) : ਲੰਘੇ ਐਤਵਾਰ ਨੂੰ ਪੰਜਾਬੀਆਂ ਦੀ ਬਹੁਗਿਣਤੀ ਵਾਲੇ ਬੇ-ਏਰੀਆ ਦੇ ਯੂਨੀਅਨ ਸਿਟੀ ਸ਼ਹਿਰ ਵਿਚ ਕਬੱਡੀ ਖੇਡ ਪ੍ਰੇਮੀਆਂ ਲਈ ਸੂਰਜ ਇੱਕ ਨਵੇਂ ਹੀ ਢੰਗ ਨਾਲ ਚੜ੍ਹਿਆ। ਭਰ ਗਰਮੀ ਵਿਚ ਵੀ ਕਬੱਡੀ ਦੇ ਫਸਵੇਂ ਮੁਕਾਬਲਿਆਂ ਨੇ ਲੋਕਾਂ ਨੂੰ ਕਬੱਡੀ ਖੇਡ ਪ੍ਰਤੀ ਸਰੂਰ ਕਰਕੇ ਤਪਸ਼ ਮਹਿਸੂਸ ਹੀ ਨਹੀਂ ਹੋਣ ਦਿੱਤੀ। ਯੂਨਾਈਟਡ ਸਪੋਰਟਸ ਕਲੱਬ ਕੈਲੀਫੋਰਨੀਆ ਵੱਲੋਂ ਕਬੱਡੀ ਫੈਡਰੇਸ਼ਨ ਆਫ਼ ਕੈਲੀਫੋਰਨੀਆ ਦੇ ਸਹਿਯੋਗ ਨਾਲ ਕਰਵਾਏ ਗਏ 12ਵੇਂ ਵਿਸ਼ਵ ਕਬੱਡੀ ਕੱਪ ਵਿਚ ਜਿਸ ਤਰ੍ਹਾਂ ਦੀ ਖੇਡ ਇਸ ਵਾਰ ਪੰਜਾਬੀਆਂ ਲਈ ਲੋਗਨ ਹਾਈ ਸਕੂਲ ਦੀਆਂ ਗਰਾਊਂਡਾਂ ਵਿਚ ਵਿਖਾਉਣ ਦਾ ਸਫਲ ਯਤਨ ਕੀਤਾ ਸ਼ਾਇਦ ਉਹ ਉੱਤਰੀ ਅਮਰੀਕਾ ਦੇ ਕਬੱਡੀ ਇਤਿਹਾਸ ਵਿਚ ਹੀ ਨਹੀਂ ਸਗੋਂ ਪੰਜਾਬ ਵਿਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਤੋਂ ਵੀ ਗੱਲ ਦੋ ਕਦਮ ਅੱਗੇ ਦੀ ਸੀ। ਕਲੱਬ ਦੇ ਮੁੱਖ ਪ੍ਰਬੰਧਕ ਸ. ਅਮੋਲਕ ਸਿੰਘ ਗਾਖਲ ਨੇ ਪ੍ਰਸੰਨ ਮੁਦਰਾ ਵਿਚ ਬਾਗੋ-ਬਾਗ਼ ਹੁੰਦਿਆਂ ਜਿੱਥੇ ਫੈਡਰੇਸ਼ਨ, ਕਬੱਡੀ ਖਿਡਾਰੀਆਂ, ਕਲੱਬਾਂ ਦਾ ਧੰਨਵਾਦ ਕੀਤਾ ਉੱਥੇ ਵੱਡੀ ਗਿਣਤੀ ਵਿਚ ਆਏ ਖੇਡ ਪ੍ਰੇਮੀਆਂ ਨੂੰ ਵੀ ਇਸ ਖੇਡ ਪ੍ਰਤੀ ਦਿਖਾਏ ਉਤਸ਼ਾਹ ਲਈ ਇੱਕ ਤਰ੍ਹਾਂ ਨਾਲ ਝੁਕ ਕੇ ਸਲਾਮ ਹੀ ਕਰ ਦਿੱਤੀ। ਸਿਖਰ ਦੁਪਹਿਰ ਸ਼ੁਰੂ ਹੋਏ ਇਸ ਖੇਡ ਮੇਲੇ ਵਿਚ ਚਾਰ ਪ੍ਰਮੁੱਖ ਕਲੱਬਾਂ ਬੇ-ਏਰੀਆ ਸਪੋਰਟਸ ਕਲੱਬ, ਸੈਂਟਰਲ ਵੈਲੀ ਸਪੋਰਟਸ ਕਲੱਬ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ, ਫ਼ਤਿਹ ਸਪੋਰਟਸ ਕਲੱਬ ਵੱਲੋਂ ਕੌਮਾਂਤਰੀ ਪੱਧਰ ਦੇ ਕਬੱਡੀ ਖਿਡਾਰੀਆਂ ਦਾ ਭਰਵੇਂ ਅਤੇ ਜੋਸ਼ ਭਰੇ ਪ੍ਰਦਰਸ਼ਨ ਨੇ ਸਿੱਧ ਕਰ ਦਿੱਤਾ ਕਿ ਪੰਜਾਬੀ ਲੜੀ ਜਾਣ, ਭਿੜੀ ਜਾਣ, ਰਾਜਨੀਤਕ ਤੌਰ ‘ਤੇ ਉਲਝੀ ਜਾਣ, ਗਿਲੇ ਸ਼ਿਕਵੇ ਕਰੀ ਜਾਣ ਪਰ ਆਪਣੀ ਵਿਰਾਸਤੀ ਖੇਡ ਕਬੱਡੀ ਨੂੰ ਰੱਜ ਕੇ ਦਿਲੋਂ ਪਿਆਰ ਕਰਨੋਂ ਹਟ ਨਹੀਂ ਸਕਦੇ। ਸਰਦ ਰੁੱਤ ਦੇ ਇਸ ਪਹਿਲੇ ਵੱਡੇ ਕਬੱਡੀ ਕੱਪ ਦੀ ਖ਼ਾਸ ਅਤੇ ਮਹੱਤਵਪੂਰਨ ਗੱਲ ਇਹ ਸੀ ਕਿ ਵੱਡੀ ਗਿਣਤੀ ਵਿਚ ਆਏ ਦਰਸ਼ਕਾਂ ਨੇ ਸਾਹ ਰੋਕ ਕੇ ਹੀ ਕਬੱਡੀ ਦੇ ਫਸਵੇਂ ਮੁਕਾਬਲਿਆਂ ਨੂੰ ਨਹੀਂ ਵੇਖਿਆ ਸਗੋਂ ਹੋਰ ਕਿਸੇ ਕਾਰਵਾਈ ਨਾਪਸੰਦ ਕਰਨ ਵਾਲਾ ਇਸ਼ਾਰਾ ਦਿੰਦੇ ਸਨ।

ਬੇ-ਏਰੀਆ ਸਪੋਰਟਸ ਕਲੱਬ ਨੇ ਸੈਂਟਰਲ ਵੈਲੀ ਸਪੋਰਟਸ ਕਲੱਬ ਨੂੰ ਫਾਈਨਲ ਭੇੜ ਵਿਚ ਕੁੱਝ ਹੀ ਅੰਕਾਂ ਨਾਲ ਸ਼ਿਕਸਤ ਦਿੱਤੀ ਪਰ ਇਹ ਮੈਚ ਜਿੱਤ ਵਾਂਗ ਇਸ ਕਰਕੇ ਵੀ ਖ਼ਾਸ ਰਿਹਾ ਕਿ ਦੋਹਾਂ ਹੀ ਟੀਮਾਂ ਦੇ ਨਾਮੀ ਕਬੱਡੀ ਖਿਡਾਰੀਆਂ ਨੇ ਹਰ ਪਲ ਨੂੰ ਯਾਦਗਾਰੀ ਬਣਾ ਦਿੱਤਾ। ਇਸ ਕੱਪ ਦਾ ਪਹਿਲਾ ਇਨਾਮ ਡਾਇਮੰਡ ਟਰਾਂਸਪੋਰਟ ਦੇ ਗੁਲਵਿੰਦਰ ਸਿੰਘ ਗਾਖਲ, ਨੇਕੀ ਅਟਵਾਲ ਅਤੇ ਪਿੰਕੀ ਵੱਲੋਂ 14000 ਡਾਲਰ ਦਾ ਦਿੱਤਾ ਗਿਆ ਜਦੋਂ ਕਿ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਵੱਲੋਂ ਆਪਣੇ ਸਵ. ਪਿਤਾ ਕਸ਼ਮੀਰ ਸਿੰਘ ਸਹੋਤਾ ਦੀ ਯਾਦ ਵਿਚ 13000 ਡਾਲਰ ਦਾ ਦੂਜਾ ਵੱਡਾ ਇਨਾਮ ਦਿੱਤਾ ਗਿਆ।
ਅੰਡਰ-21 ਦੇ ਮੁਕਾਬਲਿਆਂ ਵਿਚ ਨੌਰਥ ਵੈਸਟ ਕਲੱਬ ਯੂਬਾਸਿਟੀ ਦੀ ਟੀਮ ਨੇ ਫ਼ਤਿਹ ਸਪੋਰਟਸ ਕਲੱਬ ਨੂੰ ਮਾਤ ਦੇ ਕੇ ਆਪਣੀ ਜਿੱਤ ਦਾ ਰਿਕਾਰਡ ਦਰਜ ਕਰਵਾਇਆ। ਜਿੱਥੇ ਇਸ ਖੇਡ ਮੇਲੇ ਵਿਚ ਇੰਗਲੈਂਡ, ਕੈਨੇਡਾ ਤੋਂ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਆਏ ਹੋਏ ਸਨ ਉੱਥੇ ਕਬੱਡੀ ਦੇ ਸਾਬਕਾ ਅਤੇ ਧੜੱਲੇਦਾਰ ਜਾਫੀ ਰਾਣਾ ਵੰਝ ਨੂੰ ਗੋਲਡ ਮੈਡਲ ਨਾਲ ਸਨਮਾਨ ਦਿੱਤਾ ਗਿਆ। ਪੰਜਾਬੀਆਂ ਦਾ ਖੇਡ ਕਬੱਡੀ ਪ੍ਰਤੀ ਉਤਸ਼ਾਹ ਉਦੋਂ ਵੀ ਵੇਖਣ ਨੂੰ ਮਿਲ਼ਿਆ ਜਦੋਂ ਕਬੱਡੀ ਦੇ ਅਖਾੜੇ ਵਿਚ ਰਾਣਾ ਵੰਝ ਨੇ ਫੇਰੀ ਲਾਈ ਤਾਂ ਪੰਜਾਬੀਆਂ ਨੇ ਡਾਲਰਾਂ ਨਾਲ ਉਸਦੀਆਂ ਜੇਬਾਂ ਭਰ ਦਿੱਤੀਆਂ। ਗੋਲਡ ਮੈਡਲ ਪ੍ਰਾਪਤ ਕਰਨ ਵਾਲੀਆਂ ਕਬੱਡੀ ਨੂੰ ਸਮਰਪਿਤ ਹੋਰ ਸਖਸ਼ੀਅਤਾਂ ਵਿਚ ਮੇਜਰ ਸਿੰਘ ਗਾਖਲ, ਬੇ-ਏਰੀਆ ਸਪੋਰਟਸ ਕਲੱਬ ਦੇ ਮੁਖੀ ਬਲਜੀਤ ਸਿੰਘ ਸੰਧੂ, ਸਾਬਕਾ ਕਬੱਡੀ ਖਿਡਾਰੀ ਦੀਪਾ ਮੁਠੱਡਾ ਅਤੇ ਸੰਦੀਪ ਲੁੱਧੜ ਦੇ ਨਾਲ ਨਾਲ ਗਾਖਲ ਪਰਿਵਾਰ ਦੇ ਸਰਗਰਮ ਅਤੇ ਖੇਡਾਂ ਲਈ ਜਿੰਦ ਜਾਨ ਲੁਟਾਉਣ ਵਾਲੇ ਮੈਂਬਰ ਨੱਥਾ ਸਿੰਘ ਗਾਖਲ ਨੂੰ ਵੀ ਬੇ-ਏਰੀਆ ਸਪੋਰਟਸ ਕਲੱਬ ਦੇ ਗਾਖਲ ਭਰਾਵਾਂ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਵੱਲੋਂ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਇੱਥੇ ਇਸ ਗੱਲ ਦਾ ਜ਼ਿਕਰ ਵੀ ਉਚੇਚੇ ਤੌਰ ‘ਤੇ ਕਰਨਾ ਬਣਦਾ ਹੈ ਕਿ ਰੂਬੀ ਹਰਖੋਵਾਲ, ਸੰਦੀਪ ਲੁੱਧੜ, ਸੰਦੀਪ ਸੁਰਖਪੁਰ, ਸੋਹਣ ਸਿੰਘ ਰੁੜਕੀ, ਸੰਦੀਪ ਨੰਗਲ ਅੰਬੀਆਂ, ਗੁਰਲਾਲ ਘਨੌਰ, ਹੈਰੋ ਅਤੇ ਦੁੱਲਾ ਬੱਗਾ ਪਿੰਡ ਦੀ ਕਬੱਡੀ ਖੇਡ ਨੇ ਅਮਰੀਕਾ ਦੀ ਧਰਤੀ ਤੇ ਪ੍ਰਸ਼ਾਸ਼ਨਿਕ ਅਤੇ ਵੱਡੀ ਗਿਣਤੀ ਵਿਚ ਆਏ ਗੋਰਿਆਂ ਨੂੰ ਵੀ ਦੱਸ ਦਿੱਤਾ ਕਿ ‘ਆਹ ਹੈ ਪੰਜਾਬੀਆਂ ਦੀ ਪਛਾਣ’।

ਆਸ਼ਾ ਸ਼ਰਮਾ ਨੇ ਸਟੇਜ ਚਲਾਈ। ਰਾਜਵਿੰਦਰ ਰੰਡਿਆਲਾ, ਇਕਬਾਲ ਗਾਲਿਬ, ਕਾਲਾ ਰਛੀਨ ਅਤੇ ਲੱਖਾ ਸਿੱਧਵਾਂ ਦੀ ਕਬੱਡੀ ਕੁਮੈਂਟਰੀ ਦੇ ਨਾਲ ਨਾਲ ਵਰਤੀ ਗਈ ਲੋਕ ਸ਼ਾਇਰੀ ਅਤੇ ਲੱਛੇਦਾਰ ਭਾਸ਼ਾ ਦਰਸ਼ਕਾਂ ਦੇ ਚੇਤਿਆਂ ਵਿਚ ਚਿਰਾਂ ਤੱਕ ਵਸੀ ਰਹੇਗੀ।

12ਵੇਂ ਵਿਸ਼ਵ ਕਬੱਡੀ ਕੱਪ ਵਿਚ ਸਭ ਤੋਂ ਖ਼ਾਸ ਗੱਲ ਇਹ ਵੀ ਸੀ ਕਿ ਯੂਨਾਈਟਡ ਸਪੋਰਟਸ ਕਲੱਬ ਅਤੇ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਨੇ ਅਨੁਸਾਸ਼ਨ ਦਾ ਨਵਾਂ ਇਤਿਹਾਸ ਸਿਰਜਿਆ ਅਤੇ ਕਬੱਡੀ ਨੂੰ ਇੱਕ ਸਾਫ ਸੁਥਰਾ ਪ੍ਰਸ਼ਾਸ਼ਨ ਵੀ ਦਿੱਤਾ। ਲੱਗਦਾ ਹੀ ਨਹੀਂ ਕਿ ਕੋਈ ਕਬੱਡੀ ਖਿਡਾਰੀ ਨਰਾਜ ਗਿਆ ਹੋਵੇ, ਕੋਈ ਦਰਸ਼ਕ ਕੋਈ ਪ੍ਰਬੰਧਕ ਨਰਾਜ਼ ਹੋਇਆ ਹੋਵੇ, ਸੱਤਾਂ ਘੰਟਿਆਂ ਵਿਚ ਜਿੰਨੇ ਮੈਚ ਹੋਏ ਕੋਈ ਉਤਰਦਾ ਹੈ ਹੀ ਨਹੀਂ ਸੀ ਸਭ ਚੜਦੇ ਤੋਂ ਚੜਦੇ ਸਨ।

ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਮੈਂ ਤੁਹਾਡਾ ਸਾਰਿਆਂ ਦਾ ਰਿਣੀ ਹਾਂ, ਤੁਹਾਡੇ ਸਹਿਯੋਗ ਲਈ ਧੰਨਵਾਦੀ ਹਾਂ, ਜਿਨ੍ਹਾਂ ਸਪਾਂਸਰਾਂ ਨੇ ਇਸ ਖੇਡ ਮੇਲੇ ਨੂੰ ਸਫਲ ਕਰਨ ਲਈ ਮਾਇਆ ਦਿੱਤੀ ਹੈ ਅਸੀਂ ਉਨ੍ਹਾਂ ਦੇ ਦੇਣਦਾਰ ਰਹਾਂਗੇ ਅਤੇ ਮੈਂ ਵਾਅਦਾ ਕਰਦਾ ਹਾਂ ਕਿ ਇਸ ਕਬੱਡੀ ਕੱਪ ਨੂੰ ਜੇ ਤੁਹਾਡਾ ਸਹਿਯੋਗ ਏਦਾਂ ਹੀ ਰਿਹਾ ਤਾਂ ਇਹੋ ਜਿਹਾ ਇਤਿਹਾਸਕ ਕਬੱਡੀ ਕੱਪ ਅਸੀਂ ਆਏ ਵਰ੍ਹੇ ਕਰਵਾਉਣ ਦਾ ਯਤਨ ਕਰਾਂਗੇ। ਯੂਨਾਈਟਡ ਸਪੋਰਟਸ ਕਲੱਬ ਦੇ ਚੇਅਰਮੈਨ ਮੱਖਣ ਸਿੰਘ ਬੈਂਸ, ਉਪ ਚੇਅਰਮੈਨ ਇਕਬਾਲ ਸਿੰਘ ਗਾਖਲ, ਪ੍ਰਧਾਨ ਬਲਵੀਰ ਸਿੰਘ ਭਾਟੀਆ, ਡਾਇਰੈਕਟਰ ਪਲਵਿੰਦਰ ਸਿੰਘ ਗਾਖਲ, ਸਾਧੂ ਸਿੰਘ ਖਿਲੌਰ, ਦੇਬੀ ਸੋਹਲ, ਬਖਤਾਵਰ ਸਿੰਘ, ਜਸਵੀਰ ਸਿੰਘ ਗਾਖਲ, ਗੁਰਪ੍ਰੀਤ ਸਿੰਘ ਗਾਖਲ, ਪਿੰਕੀ ਅਟਵਾਲ ਦੀ ਟੀਮ ਨੇ ਵਿਸ਼ਵ ਕਬੱਡੀ ਪ੍ਰੇਮੀਆਂ ਅਤੇ ਪ੍ਰਬੰਧਕਾਂ ਨੂੰ ਜਿਸ ਅਨੁਸਾਸ਼ਨ ਵਿਚ ਇਹ 12ਵਾਂ ਵਿਸ਼ਵ ਕਬੱਡੀ ਕੱਪ ਕਰਵਾ ਕੇ ਵਿਖਾਇਆ ਹੈ ਉਸ ਨਾਲ ਲੱਗਦਾ ਹੈ ਕਿ ਕਬੱਡੀ ਨਾਲ ਉੱਠਦੇ ਨਿੱਕੇ ਮੋਟੇ ਉਲਾਂਭੇ ਹੁਣ ਮੁੱਕ ਹੀ ਜਾਣਗੇ।

ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਅਟਵਾਲ ਬੱਤੀਆਂ ਜਗਣ ਤੋਂ ਬਾਅਦ ਘਰਾਂ ਨੂੰ ਗਏ ਅਤੇ ਨਿਊਯਾਰਕ ਤੋਂ ਖੇਡ ਲੇਖਕ ਇਕਬਾਲ ਜੱਬੋਵਾਲੀਆ ਵੀ ਪਹੁੰਚੇ। ਕਬੱਡੀ ਖੇਡ ਨਾਲ ਜੁੜੀਆਂ ਕਲੱਬਾਂ, ਸਖਸ਼ੀਅਤਾਂ, ਪ੍ਰਬੰਧਕ, ਕਬੱਡੀ ਦੇ ਸ਼ੌਕੀਨ, ਕਬੱਡੀ ਵਾਲੇ ਦਿਨ ਪੈੱਗ ਲਾਉਣ ਵਾਲੇ ਅਤੇ ਇੱਕ ਦਿਨ ਸਹੇ ਦੇ ਕੰਨ ਵਰਗੇ ਸੌ ਸੌ ਡਾਲਰ ਦੇ ਨੋਟ ਖੜੇ ਕਰਨ ਵਾਲੇ ਪ੍ਰੇਮੀ ਇਸ ਖੇਡ ਮੇਲੇ ਦੀ ਰੌਣਕ ਬਣੇ ਰਹੇ।
ਯੂਨਾਈਟਡ ਸਪੋਰਟਸ ਕਲੱਬ ਦੇ ਨਾਲ ਨਾਲ ਇਹ ਗੱਲ ਕਹਿਣ ਵਿਚ ਕਈ ਹਰਜ ਨਹੀਂ ਅਤੇ ਨਾ ਹੀ ਕੋਈ ਪੱਖਪਾਤੀ ਹੋਵੇਗੀ ਕਿ ਗਾਖਲ ਭਰਾ ਪੰਜਾਬੀ ਸਮਾਜ ਦਾ ਹਰ ਪੱਖ ਤੋਂ ਕੀਮਤੀ ਸਰਮਾਇਆ ਨੇ, ਅਮੋਲਕ ਸਿੰਘ ਗਾਖਲ ਹੋਵੇ, ਪਲਵਿੰਦਰ ਸਿੰਘ ਗਾਖਲ ਹੋਵੇ ਜਾਂ ਇਕਬਾਲ ਸਿੰਘ ਗਾਖਲ ਤਿੰਨਾਂ ਭਰਾਵਾਂ ਨੇ ਕਮਿਊਨਿਟੀ ਦੇ ਕਿਸੇ ਕਾਰਜ ਲਈ ਵੀ ਕਦੇ ਮੱਥੇ ਵੱਟ ਨਹੀਂ ਪਾਇਆ ਅਤੇ ‘ਜੋ ਆਵੇ ਸੋ ਰਾਜੀ ਜਾਵੇ’ ਵਾਲੀ ਸ਼ਰਧਾ ਉਨ੍ਹਾਂ ਵਿਚ ਵੇਖਣ ਨੂੰ ਮਿਲਦੀ ਹੈ। ਦੋ ਭਰਾਵਾਂ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਦੀ ਲਗਨ ਵੀ ਇਸ ਖੇਡ ਮੇਲੇ ਦਾ ਧੰਨਭਾਗ ਬਣੀ ਰਹੀ। ਉੱਤਰੀ ਅਮਰੀਕਾ ਦਾ ਨਹੀਂ ਸਗੋਂ ਵਿਸ਼ਵ ਭਰ ਦੇ ਖੇਡ ਪ੍ਰੇਮੀਆਂ ਲਈ ਇਹ 12ਵਾਂ ਵਿਸ਼ਵ ਕਬੱਡੀ ਕੱਪ ਚਿਰਾਂ ਤੱਕ ਚੇਤਿਆਂ ‘ਚ ਵਸਿਆ ਰਹੇਗਾ ਅਤੇ ਕਬੱਡੀ ਜ਼ਿੰਦਾਬਾਦ ਕਹਿਣ ਲਈ ਚਿੱਤ ਕਾਹਲਾ ਰਹੇਗਾ।

ਕਬੱਡੀ ਕੱਪ ਦੀਆਂ ਝਲਕੀਆਂ

* ਪੰਜ ਸੈਕੰਡ ਵਿਚ ਜੱਫਾ, ਬੱਲੇ ਬੱਲ ਬਣ ਗਿਆ 12ਵੇਂ ਵਿਸ਼ਵ ਕਬੱਡੀ ਕੱਪ ਦਾ ਰਿਕਾਰਡ’
* ਅਮੋਲਕ ਸਿੰਘ ਗਾਖਲ ਨੇ ਬਣਾ ਤੇ ਰਿਕਾਰਡ, ਪਾਤੀਆਂ ਪੈੜਾਂ, ਪੱਟ ਤੀਆਂ ਧੂੜਾਂ …ਤਾਂ ਹੀ ਮੰਨਦੀ ਆ ਦੁਨੀਆਂ ਗਾਖਲ ਭਰਾਵਾਂ ਨੂੰ
* ਜੱਗਾ ਜੰਮਿਆਂ ਤੇ ਮਿਲਣ ਵਧਾਈਆਂ ਕਬੱਡੀ ਨੂੰ ਭਾਗ ਲੱਗ ਗਏ
* ਬਈ ਆ ਲੈ ਗਿਆ ਸੰਦੀਪ ਲੁੱਧੜ ਧੂਹ ਕੇ
* ਆਏਂ ਲੱਗਦਾ ਜਿਵੇਂ ਭਗਵੰਤ ਮਾਨ ਸੁਖਬੀਰ ਬਾਦਲ ਤੋਂ ਪੰਜਾਹ ਹਜ਼ਾਰ ਵੋਟਾਂ ਨਾਲ ਲੀਡ ਲੈ ਰਿਹਾ ਹੋਵੇ
* ਅਰਸ਼ੀ ਪ੍ਰੀਤਮ ਕਬੱਡੀ ਪਾ ਰਿਹਾ ਜਿਵੇਂ ਮੋਰ ਪੈਲਾਂ ਪਾ ਰਿਹਾ ਹੋਵੇ।
* ਗੁਰਲਾਲ ਘਨੌਰੀਆ ਯਾਦ ਕਰਵਾ ਰਿਹੈ ਹਰਜੀਤ ਬਾਜਾਖਾਨਾ ਵਾਲੀ ਕਬੱਡੀ।
* ਆ ਹੈਰੋ ਤੇ ਜੈਰੋ ਦੋ ਮੈਕਸੀਕੇ ਇਹਨਾਂ ਨੇ ਫੌਰਕ ਲਿਫਟਾਂ ਖਿੱਚਦੇ ਹੋਣਾ ਸੀ, ਕਬੱਡੀ ਸਿਰੋਂ ਵੱਡੇ ਘਰ ਲਈ ਫਿਰਦੇ ਆ। ਇਹ ਗਾਉਂਦੇ ਆ ਸਵੇਰੇ ਸ਼ਾਮ ਪੰਜਾਬੀਆਂ ਦੇ ਗੁਣ।
*ਸੰਦੀਪ ਨੰਗਲ ਅੰਬੀਆਂ ਬਣਾਈ ਜਾਂਦਾ ਮਾਲਵਾ ਐਕਸਪ੍ਰੈਸ, ਪਾ ਲਿਆ ਟੋਚਨ ਸੋਹਣ ਰੁੜਕੀ ਵਾਲੇ ਨੇ, ਜੁੜ ਗਈਆਂ ਲੋਹੇ ਨਾਲ ਬਿਜਲੀ ਨਾਲ ਤਾਰਾਂ, ਪੈ ਗਿਆ 440 ਵੋਲਟ ਦਾ ਕਰੰਟ, ਨਹੀਂ ਰੀਸਾਂ ਬਈ ਗਾਖਲ ਭਰਾਵੋ ਤੁਹਾਡੀਆਂ, ਬੰਬੇ ਫਿਲਮਾਂ ਵਿਚ ਵੀ ਪੈੜਾਂ ਪਾਈ ਜਾਂਦੇ ਹੋ, ਟਰੱਕਾਂ ਦਾ ਵੀ ਜਵਾਬ ਨਹੀਂ ਅਤੇ ਖੇਡ ਮੈਦਾਨਾਂ ਵਿਚ ਵੀ ਬੱਲੇ ਬੱਲੇ ਕਰਵਾਈ ਜਾਂਦੇ ਹੋ।

* ਬੋਲ ਨਹੀਂ ਹੁੰਦਾ ਅਮੋਲਕ ਸਿੰਘ ਤੋਂ ਬਹਿ ਗਈਆਂ ਰਗਾਂ, ਇਹਨੂੰ ਕਹਿੰਦੇ ਆ ਮਹੀਨੇ ਦੀ ਮਿਹਨਤ, ਤਾਂ ਹੀ ਫਿਰ ਗਾਖਲ, ਗਾਖਲ ਹੋਈ ਫਿਰਦੀ ਆ।
* ਹਰਭਜਨ ਸਿੰਘ ਥਿਆੜਾ ਨੂੰ ਵੀ ਜੀ ਆਇਆਂ ਨੂੰ, ਸੇਵਾ ਸਿੰਘ ਰੰਧਾਵੇ ਨੂੰ ਵੀ, ਰਾਜ ਭਨੋਟ ਵੀ ਆ ਗਿਆ, ਕੁਲਵੰਤ ਸਿੰਘ ਨਿੱਝਰ ਹੁਰੀਂ ਵੀ ਚਿੱਟੇ ਕੁਰਤੇ ਪਜਾਮਿਆਂ ‘ਚ ਖ਼ੂਬ ਜਚਦੇ ਆ, ਬਈ ਚੇਅਰਮੈਨ ਮੱਖਣ ਬੈਂਸ ਦੀਆਂ ਨਹੀਂ ਰੀਸਾਂ, ਚੱਕ ਲਓ, ਰੱਖ ਲਓ, ਖਿੱਚ ਲਓ, ਪਾ ਦਿਓ, ਫੜ ਲਓ, ਲੈ ਗਿਆ ਬਈ ਗਿਆ… ਹੁਣ ਹੰਦੇ ਦੂਰ ਨਹੀਂ ਸ਼ਸ਼. ਬੋਲ ਗਈ ਕੁਕੜੂੰ ਘੜੂੰ…ਕਿੱਥੇ ਹਟਦੇ ਆ ਪੰਜਾਬੀ ਆ ਗਏ ਲਾ ਕੇ ਪੈੱਗ… ਬਚਕੇ ਬਈ ਪੁਲਸ ਆਲੇ ਵੀ ਬਹੁਤ ਆ… ਮਾਰੇ ਨਾ ਜਾਇਓ। ਮੈਕਸੀਕੇ ਨ੍ਹੀਂ ਰੁਕਦੇ, ਮੈਕਸੀਨੇ ਨ੍ਹੀਂ ਰੁਕਦੇ। ਆਪ ਆਲਿਆਂ ਨੂੰ ਵੀ ਦੇ ਦਿਓ ਟਰਾਫੀ, ਅਖਬਾਰਾਂ ਵਾਲਿਆਂ ਨੂੰ ਵੀ, ਰੇਡੀਓ ਵਾਲਿਆਂ ਨੂੰ ਵੀ… ਤੇ ਇਓਂ ਸਾਰਾ ਦਿਨ ਕਬੱਡੀ ਦਾ ਧੂਤਕੜਾ ਪੈਂਦਾ ਰਿਹਾ।



from Punjab News – Latest news in Punjabi http://ift.tt/2dcnvq4
thumbnail
About The Author

Web Blog Maintain By RkWebs. for more contact us on rk.rkwebs@gmail.com

0 comments