ਬੀਸੀਸੀਆਈ ਨੇ ਐਮਐਸਕੇ ਪ੍ਰਸਾਦ ਨੂੰ ਥਾਪਿਆ ਚੋਣ ਕਮੇਟੀ ਦਾ ਮੁਖੀ

ਮੁੰਬਈ, 21 ਸਤੰਬਰ : ਭਾਰਤੀ ਕ੍ਰਿਕਟ ਬੋਰਡ ਦੀ 87ਵੀਂ ਸਾਲਾਨਾ ਆਮ ਮੀਟਿੰਗ ਵਿੱਚ ਅੱਜ ਸਾਬਕਾ ਵਿਕਟਕੀਪਰ-ਬੱਲੇਬਾਜ਼ ਐਮਐਸਕੇ ਪ੍ਰਸਾਦ ਨੂੰ ਚੋਣ ਕਮੇਟੀ ਦਾ ਪ੍ਰਧਾਨ ਅਤੇ ਅਜੈ ਸ਼ਿਕਰੇ ਨੂੰ ਮੁੜ ਤੋਂ ਸਕੱਤਰ ਚੁਣ ਲਿਆ ਗਿਆ ਹੈ ਜਦਕਿ ਬੀਸੀਸੀਆਈ ਨੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ ’ਤੇ ਵਿਚਾਰ ਕਰਨ ਲਈ 30 ਸਤੰਬਰ ਨੂੰ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਹੈ। ਲੋਢਾ ਕਮੇਟੀ ਨੇ ਬੋਰਡ ਦੀ ਕਾਰਜਪ੍ਰਣਾਲੀ ਵਿੱਚ ਤਬਦੀਲੀਆਂ ਦੀਆਂ ਸਿਫਾਰਸ਼ਾਂ ਕੀਤੀਆਂ ਹਨ, ਜਿਨ੍ਹਾਂ ਦਾ ਬੀਸੀਸੀਆਈ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

ਬੋਰਡ ਨੇ ਬਿਆਨ ਵਿੱਚ ਕਿਹਾ ਕਿ ਬੀਸੀਸੀਆਈ ਦੀ ਹੰਗਾਮੀ ਮੀਟਿੰਗ 30 ਸਤੰਬਰ ਨੂੰ 11 ਵਜੇ ਮੁੰਬਈ ਦੇ ਬੀਸੀਸੀਆਈ ਦੇ ਮੁੱਖ ਦਫ਼ਤਰ ਵਿੱਚ ਹੋਵੇਗੀ, ਜਿਸ ਦੌਰਾਨ ਨਿਯਮਾਂ ਵਿੱਚ ਸੋਧ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ ਜੋ ਜਸਟਿਸ ਲੋਢਾ ਦੀ ਕਮੇਟੀ ਨੇ ਸਿਫਾਰਸ਼ ਕੀਤੀਆਂ ਹਨ। ਅੱਜ ਬੋਰਡ ਨੇ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਅਣਦੇਖਿਆਂ ਕਰਦਿਆਂ ਚੋਣ ਕਮੇਟੀ ਨਿਯੁਕਤ ਕੀਤੀ ਹੈ। ਲੋਢਾ ਕਮੇਟੀ ਨੇ ਚੋਣ ਕਮੇਟੀ ਵਿੱਚ ਪੰਜ ਦੀ ਥਾਂ ਤਿੰਨ ਮੈਂਬਰ ਰੱਖਣ ਲਈ ਕਿਹਾ ਸੀ। ਕਮੇਟੀ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਸਾਰਿਆਂ ਨੂੰ ਟੈਸਟ ਦਾ ਤਜਰਬਾ ਹੋਣਾ ਜ਼ਰੂਰੀ ਹੈ, ਪਰ ਚੋਣ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਕੁੱਲ ਮਿਲਾ ਕੇ 13 ਟੈਸਟ ਅਤੇ 31 ਇੱਕ ਰੋਜ਼ਾ ਮੈਚਾਂ ਦਾ ਹੀ ਤਜਰਬਾ ਹੈ। ਬੀਸੀਸੀਆਈ ਨੇ ਐਮਐਸਕੇ ਪ੍ਰਸਾਦ ਨੂੰ ਸੰਦੀਪ ਪਾਟਿਲ ਦੀ ਥਾਂ ਚੋਣ ਕਮੇਟੀ ਦਾ ਪ੍ਰਧਾਨ ਚੁਣਿਆ ਹੈ। ਆਂਧਰਾ ਪ੍ਰਦੇਸ਼ ਦੇ 41 ਸਾਲਾ ਪ੍ਰਸਾਦ ਨੇ ਕੌਮਾਂਤਰੀ ਜੀਵਨ ਦੌਰਾਨ ਭਾਰਤ ਵੱਲੋਂ ਛੇ ਟੈਸਟ ਤੇ 17 ਇੱਕ ਰੋਜ਼ਾ ਮੈਚ ਖੇਡੇ ਹਨ। ਭਾਰਤ ਵੱਲੋਂ ਕੋਈ ਟੈਸਟ ਮੈਚ ਨਾ ਖੇਡਣ ਵਾਲੇ ਗਗਨ ਖੇੜਾ ਨੂੰ ਮੱਧ ਖੇਤਰ ਦੀ ਅਗਵਾਈ ਦੇ ਰੂਪ ਵਿੱਚ ਬਰਕਰਾਰ ਰੱਖਿਆ ਗਿਆ ਹੈ। ਦੇਵਾਂਗ ਗਾਂਧੀ, ਜਤਿਨ ਪਰਾਂਜਪੇ ਤੇ ਸਰਨਦੀਪ ਸਿੰਘ ਚੋਣ ਪੈਨਲ ਦੇ ਨਵੇਂ ਮੈਂਬਰ ਹੋਣਗੇ। ਇਨ੍ਹਾਂ ਤਿੰਨਾਂ ’ਚੋਂ ਪਰਾਂਜਪੇ ਨੂੰ ਟੈਸਟ ਦਾ ਤਜਰਬਾ ਨਹੀਂ ਹੈ। ਉਸ ਨੇ ਸਿਰਫ਼ ਇੱਕ ਰੋਜ਼ਾ ਕੌਮਾਂਤਰੀ ਮੈਚ ਖੇਡੇ ਹਨ। ਵੈਂਕਟੇਸ਼ ਪ੍ਰਸਾਦ ਨੂੰ ਜੂਨੀਅਰ ਚੋਣ ਕਮੇਟੀ ਦਾ ਪ੍ਰਧਾਨ ਬਰਕਰਾਰ ਰੱਖਿਆ ਗਿਆ ਹੈ, ਹਾਲਾਂਕਿ ਉਸ ਨੂੰ ਸੀਨੀਅਰ ਚੋਣ ਕਮੇਟੀ ਦੇ ਪ੍ਰਧਾਨ ਤੋਂ ਵੱਧ ਤਜਰਬਾ ਹੈ। ਬੋਰਡ ਨੇ ਕਿਹਾ ਕਿ ਅੱਜ ਜੋ ਮਹੱਤਵਪੂਰਨ ਫ਼ੈਸਲੇ ਲਏ ਗਏ ਹਨ ਉਨ੍ਹਾਂ ਵਿੱਚ ਸ਼ਿਕਰੇ ਨੂੰ ਮੁੜ ਤੋਂ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕਰਨਾ ਸੀ। ਇਸ ਅਹੁਦੇ ਲਈ ਸਿਰਫ਼ ਉਨ੍ਹਾਂ ਹੀ ਨਾਮਜ਼ਦਗੀ ਭਰੀ ਸੀ। ਇਸ ਤੋਂ ਬਿਨਾਂ 31 ਮਾਰਚ 2016 ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੇ ਖਾਤਿਆਂ ਦਾ ਲੇਖਾ ਕੀਤਾ ਗਿਆ ਅਤੇ ਸਾਲ 2016-17 ਲਈ ਬਜਟ ਨੂੰ ਮਨਜ਼ੂਰੀ ਦਿੱਤੀ ਗਈ।



from Punjab News – Latest news in Punjabi http://ift.tt/2cX8BOH
thumbnail
About The Author

Web Blog Maintain By RkWebs. for more contact us on rk.rkwebs@gmail.com

0 comments