ਸਿਰਫ਼ ਭੁੱਖ ਹੜਤਾਲ ਦਾ ਰਾਹ ਸਹੀ ਨਹੀਂ : ਇਰੋਮ ਸ਼ਰਮੀਲਾ

imagesਚੰਡੀਗੜ੍ਹ : ‘ਆਇਰਨ ਲੇਡੀ’ ਦੇ ਨਾਮ ਨਾਲ ਮਸ਼ਹੂਰ ਮਨੀਪੁਰ ਦੀ ਇਰੋਮ ਚਾਨੂ ਸ਼ਰਮੀਲਾ ਹੁਣ ਚੋਣ ਲੜਨਾ ਚਾਹੁੰਦੀ ਹੈ। ਅਗਲੇ ਸਾਲ ਉਹ ਮਨੀਪੁਰ ਵਿਧਾਨ ਸਭਾ ਚੋਣਾਂ ਵਿਚ ਹਿੱਸਾ ਲਵੇਗੀ। ਮਨੀਪੁਰ ‘ਚ ਹਥਿਆਰਬੰਦ ਫ਼ੌਜ ਵਿਸ਼ੇਸ਼ ਅਧਿਕਾਰ ਕਾਨੂੰਨ (ਅਫ਼ਸਪਾ) ਰੱਦ ਕਰਵਾਉਣ ਲਈ ਲਗਾਤਾਰ 16 ਸਾਲ ਹੜਤਾਲ ‘ਤੇ ਬੈਠੀ ਰਹੀ ਸ਼ਰਮੀਲਾ ਨੇ ਬੀਤੀ 9 ਅਗੱਸਤ ਨੂੰ ਹੜਤਾਲ ਤੋੜੀ ਸੀ। ਸ਼ਰਮੀਲਾ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ ਤੇ ਅਪਣੀ ਪਾਰਟੀ ਬਣਾਏਗੀ। ਉਂਜ ਪਿਛਲੇ ਦਿਨੀਂ ਉਸ ਨੇ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਸ਼ਰਮੀਲਾ ਨੇ ਕਿਹਾ ਕਿ ਅਪਣੇ ਅਧਿਕਾਰਾਂ ਲਈ ਕੇਵਲ ਭੁੱਖ ਹੜਤਾਲ ਦਾ ਰਸਤਾ ਅਪਣਾਉਣਾ ਸਹੀ ਨਹੀਂ। ਉਹ ਕਦੇ ਨਹੀਂ ਚਾਹੇਗੀ ਕਿ ਨੌਜਵਾਨ ਅਪਣੇ ਅਧਿਕਾਰਾਂ ਦੀ ਰਾਖੀ ਲਈ ਭੁੱਖ ਹੜਤਾਲ ‘ਤੇ ਬੈਠਣ। ਇਸ ਦੀ ਬਜਾਏ ਨੌਜਵਾਨ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਉਣ।

ਸ਼ਰਮੀਲਾ ਨੇ ਕਿਹਾ ਕਿ ਹਾਲੇ ਉਸ ਨੇ ਅਪਣੀ ਪਾਰਟੀ ਦੇ ਨਾਮ ਬਾਰੇ ਨਹੀਂ ਸੋਚਿਆ ਪਰ ਛੇਤੀ ਹੀ ਇਸ ਦਾ ਐਲਾਨ ਕਰ ਦਿਤਾ ਜਾਵੇਗਾ। ਸ਼ਰਮੀਲਾ ਨੇ ਕਿਹਾ, ”ਹੁਣ ਇਹ ਸੰਘਰਸ਼ ਕੇਵਲ ਮੇਰਾ ਨਹੀਂ ਰਿਹਾ, ਇਹ ਸਾਡਾ ਸੱਭ ਦਾ ਸੰਘਰਸ਼ ਬਣ ਚੁੱਕਾ ਹੈ। ਇਸ ਲਈ ਸਿਆਸਤ ਵਿਚ ਉਤਰਨਾ ਵੀ ਜ਼ਰੂਰੀ ਹੋ ਗਿਆ ਹੈ।” ਉਸ ਨੇ ਕਿਹਾ ਕਿ ਕੇਜਰੀਵਾਲ ਨਾਲ ਮੁਲਾਕਾਤ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਸੀ। ਸ਼ਰਮੀਲਾ ਨੇ ਕਿਹਾ ਕਿ ਉਹ ਕੇਜਰੀਵਾਲ ਤੋਂ ਕਾਫ਼ੀ ਪ੍ਰਭਾਵਤ ਹੈ। ਉਹ ਚੰਗੇ ਸਿਆਸਤਦਾਨ ਹੈ। ਜਦ ਉਸ ਨੂੰ ਪੁਛਿਆ ਗਿਆ ਕਿ ਕੀ ਉਹ ਮਨੀਪੁਰ ਚੋਣਾਂ ਵਿਚ ਕੇਜਰੀਵਾਲ ਨੂੰ ਪ੍ਰਚਾਰ ਲਈ ਸੱਦੇਗੀ ਤਾਂ ਉਸ ਨੇ ਕਿਹਾ ਕਿ ਉਹ ਚੋਣਾਂ ਵਿਚ ਕੇਜਰੀਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਸਹਾਇਤਾ ਜ਼ਰੂਰ ਲਵੇਗੀ। ਸ਼ਰਮੀਲਾ ਨੇ ਕਿਸੇ ਹੋਰ ਪਾਰਟੀ ਤੋਂ ਸਹਾਇਤਾ ਲੈਣ ਤੋਂ ਸਾਫ਼ ਇਨਕਾਰ ਕਰ ਦਿਤਾ। ਉੜੀ ਹਮਲੇ ਬਾਰੇ ਸ਼ਰਮੀਲਾ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਹੰਕਾਰ ਦੀ ਲੜਾਈ ਲੜ ਰਹੇ ਹਨ ਜਿਸ ਵਿਚ ਦੋਹਾਂ ਦੇਸ਼ਾਂ ਦੇ ਬੇਗੁਨਾਹ ਲੋਕ ਮਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਦਾ ਸਭਿਆਚਾਰ ਇਕੋ ਜਿਹਾ ਹੈ, ਇਸ ਲਈ ਹਰ ਮਸਲਾ ਸ਼ਾਂਤੀ ਨਾਲ ਨਜਿਠਿਆ ਜਾਣਾ ਚਾਹੀਦਾ ਹੈ। ਇਹ ਨਫ਼ਰਤ ਉਦੋਂ ਹੀ ਖ਼ਤਮ ਹੋ ਸਕਦੀ ਹੈ ਜਦ ਅਪਣੇ-ਆਪ ਦੀ ਪਛਾਣ ਹੋ ਜਾਵੇ, ਭਾਈਵਾਲੀ ਅਤੇ ਆਪਸੀ ਸਾਂਝ ਪੈਦਾ ਹੋਵੇ। ਭੁੱਖ ਹੜਤਾਲ ਦੀ ਬਜਾਏ ਅਪਣੇ ਅਧਿਕਾਰਾਂ ਲਈ ਹੋਰ ਰਸਤੇ ਦੀ ਭਾਲ ਕਰੋ।



from Punjab News – Latest news in Punjabi http://ift.tt/2dsO99s
thumbnail
About The Author

Web Blog Maintain By RkWebs. for more contact us on rk.rkwebs@gmail.com

0 comments