ਮੌੜ ਮੰਡੀ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ‘ਚ ਬੁਰੀ ਤਰ੍ਹਾਂ ਗਲਤਾਨ ਹਨ ਅਤੇ ਉਹ ਲੋਕਾਂ ਨੂੰ ਸਿਆਸੀ ਸਬਜ਼ਬਾਗ ਦਿਖਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ।
ਸਥਾਨਕ ਬਚਨੀ ਦੇਵੀ ਧਰਮਸ਼ਾਲਾ ਵਿਚ ਨੰਨ੍ਹੀ ਛਾਂ ਮੁਹਿੰਮ ਤਹਿਤ 12 ਪਿੰਡਾਂ ਦੀਆਂ 440 ਔਰਤਾਂ/ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਤੋਂ ਪਹਿਲਾਂ ਇੱਕਠ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਆਮ ਲੋਕਾਂ ਦੀ ਲੁੱਟ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਲੱਗ ਰਹੇ ਸ਼ੋਸ਼ਣ ਅਤੇ ਲੋਕਾਂ ਤੋਂ ਪੈਸੇ ਲੈਣ ਦੇ ਦੋਸ਼ਾਂ ਤੋਂ ਇਹ ਸਾਬਤ ਹੋ ਚੁੱਕਾ ਹੈ ਕਿ ਇਹ ਨੈਤਿਕ ਅਤੇ ਆਰਥਿਕ ਭ੍ਰਿਸ਼ਟਾਚਾਰ ਵਿਚ ਗਲਤਾਨ ਹਨ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਲੋਕ ਇਨ੍ਹਾਂ ਨੂੰ 2017 ਵਿਚ ਸਬਕ ਸਿਖਾਉਣਗੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਬਾਦਲ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਕੋਈ ਆਮ ਲੋਕਾਂ ਦੀ ਸਰਕਾਰ ਨਹੀਂ ਸਗੋਂ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਥਿਆਉਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਡੇਂਗੂ ਅਤੇ ਚਿਕਨਗੁਨੀਆ ਕਾਰਨ ਸਕੰਟ ਦਾ ਸਾਹਮਣਾ ਕਰ ਰਹੀ ਹੈ ਜਦਕਿ ਦੂਜੇ ਪਾਸੇ ਸ਼੍ਰੀ ਕੇਜਰੀਵਾਲ ਬੰਗਲੌਰ ‘ਚ ਇਲਾਜ ਕਰਾ ਰਹੇ ਹਨ, ਉਪ ਮੁੱਖ ਮੰਤਰੀ ਸ਼੍ਰੀ ਮਨੀਸ਼ ਸਿਸੋਦੀਆ ਫਿਨਲੈਂਡ ਦੇ ਦੌਰੇ ‘ਤੇ ਹਨ ।
ਅਰੁਣਾਚਲ ਪ੍ਰਦੇਸ਼ ‘ਚ ਕਾਂਗਰਸ ਪਾਰਟੀ ਨੂੰ ਲੱਗੇ ਝਟਕੇ ਸੰਬੰਧੀ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਸ ਗੱਲ ਤੋਂ ਇਹ ਪ੍ਰਤੱਖ ਲੱਗ ਰਿਹਾ ਹੈ ਕਿ ਆਉਂਦੇ ਸਮੇਂ ਵਿਚ ਦੇਸ਼ ਦੇ ਸਿਆਸੀ ਨਕਸ਼ੇ ਤੋਂ ਕਾਂਗਰਸ ਦਾ ਸਫ਼ਾਇਆ ਯਕੀਨੀ ਹੈ।
ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਗਠਜੋੜ ਸਰਕਾਰ ਨੇ ਰਾਜ ਨੂੰ ਵਿਕਾਸ ਦੇ ਖੇਤਰ ਵਿਚ ਮੋਹਰੀ ਸੂਬਿਆਂ ਵਿਚ ਲਿਆ ਕੇ ਖੜਾ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ । ਬਠਿੰਡਾ ਏਅਰਪੋਰਟ ਦੇ ਉਦਘਾਟਨ ਸਬੰਧੀ ਪੁੱਛੇ ਜਾਣ ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਮੁਹਾਲੀ ਏਅਰਪੋਰਟ ਤੋਂ ਬਾਅਦ ਹੁਣ ਬਠਿੰਡਾ ਏਅਰਪੋਰਟ ਨੂੰ ਵੀ ਜਲਦ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਵੀ ਸੰਬੋਧਨ ਕੀਤਾ ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਗਿਆਨ ਸਿੰਘ, ਕਰਨੈਲ ਸਿੰਘ ਸਾਬਕਾ ਪ੍ਰਧਾਨ , ਤੇਜਿੰਦਰ ਬਾਂਸਲ, ਕ੍ਰਿਸ਼ਨ ਕੁਮਾਰ ਤਾਇਲ , ਕੰਵਰਜੀਤ ਸਿੰਘ ਬੰਟੀ , ਸੰਦੀਪ ਕੁਮਾਰ ਗੱਬਰ , ਹਰਬੰਸ ਸਿੰਘ ਨੰਬਰਦਾਰ , ਵਿਜੈ ਕੁਮਾਰ ਭੋਲਾ , ਰਾਜੇਸ਼ ਕੁਮਾਰ ਰਾਜੂ , ਬਲਵੀਰ ਸਿੰਘ ਪ੍ਰਧਾਨ ਚਾਓਕੇ , ਗੁਰਵਿੰਦਰ ਸਿੰਘ ਸਰਪੰਚ ਤੋ ਇਲਾਵਾ ਭਾਰੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।
from Punjab News – Latest news in Punjabi http://ift.tt/2cSzRAd

0 comments