ਰੂਪਨਗਰ : ਰੂਪਨਗਰ ਸ਼ਹਿਰ ਦੀ ਹਸਪਤਾਲ ਰੋਡ ‘ਤੇ ਪੈਂਦੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐਮ ਵਿਚੋਂ ਦਿਨ ਦਿਹਾੜੇ ਲੁਟੇਰੇ ਰਿਵਾਲਵਰ ਦੀ ਨੋਕ ‘ਤੇ 17 ਲੱਖ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਬਾਅਦ ਵਿਚ ਉਹ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਫ਼ਰਾਰ ਹੋ ਗਏ। ਲੁਟੇਰਿਆਂ ਦੀ ਗਿਣਤੀ ਪੰਜ ਸੀ ਅਤੇ ਉਹ ਆਈ 20 ਕਾਰ ‘ਚ ਆਏ ਸਨ। ਜਦ ਇਹ ਵਾਰਦਾਤ ਹੋਈ ਤਾਂ ਉਸ ਸਮੇਂ ਬੈਂਕ ਦੇ ਏਟੀਐਮ ਕੈਸ਼ ਵੈਨ ਦੇ ਮੁਲਾਜ਼ਮਾਂ ਦੁਆਰਾ ਏਟੀਐਮ ਵਿਚ ਪੈਸੇ ਪਾਏ ਜਾ ਰਹੇ ਸਨ।
ਮੁਲਾਜ਼ਮਾਂ ਨੇ ਏਟੀਐਮ ਦਾ ਸ਼ਟਰ ਬੰਦ ਕੀਤਾ ਹੋਇਆ ਸੀ ਅਤੇ ਕੈਸ਼ ਵੈਨ ਦੇ ਸਕਿਉਰਟੀ ਗਾਰਡ ਬਾਹਰ ਖੜੇ ਸਨ। ਪੰਜ ਲੁਟੇਰਿਆਂ ਵਿਚੋਂ ਇਕ ਥੋੜੀ ਦੂਰ ਖੜੀ ਕੀਤੀ ਕਾਰ ਵਿਚ ਬੈਠਾ ਰਿਹਾ ਜਦਕਿ ਚਾਰ ਲੁਟੇਰੇ ਜਿਹੜੇ ਮੋਨੇ ਸਨ, ਨੇ ਇਕਦਮ ਬਾਹਰ ਖੜੇ ਸਕਿਉਰਟੀ ਗਾਰਡਾਂ ਨੂੰ ਜੱਫਾ ਮਾਰ ਲਿਆ ਅਤੇ ਰਿਵਾਲਵਰ ਪੁੜਪੁੜੀ ‘ਤੇ ਰੱਖ ਕੇ ਬੰਦੂਕਾਂ ਖੋਹਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਗੋਲੀ ਚੱਲ ਗਈ ਜਿਸ ਕਰ ਕੇ ਆਏ ਦੁਆਲੇ ਦੇ ਦੁਕਾਨਦਾਰਾਂ ਨੂੰ ਲਗਿਆ ਜਿਵੇਂ ਕਿਸੇ ਗੈਂਗ ਦੇ ਬੰਦੇ ਲੜ ਰਹੇ ਹੋਣ।
ਸਕਿਉਰਟੀ ਗਾਰਡ ਮੱਖਣ ਸਿੰਘ ਅਤੇ ਇਕ ਹੋਰ ਮੁਲਾਜ਼ਮ ਸੰਪੂਰਨ ਸਿੰਘ ਨੁੰ ਜ਼ਖ਼ਮੀ ਕਰਨ ਤੋਂ ਬਾਅਦ ਲੁਟੇਰਿਆਂ ਨੇ ਹਵਾਈ ਫ਼ਾਇਰ ਵੀ ਕੀਤੇ ਅਤੇ ਰਿਵਾਲਵਰ ਤਾਣ ਕੇ ਸ਼ਟਰ ਚੁੱਕ ਕੇ ਏਟੀਐਮ ਦੇ ਅੰਦਰ ਦਾਖ਼ਲ ਹੋ ਗਏ ਤੇ ਲੁੱਟ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।
ਰੂਪਨਗਰ ਰੇਂਜ ਦੇ ਡੀਆਈਜੀ ਜੀ.ਐਸ. ਸੰਧੂ, ਐਸ.ਐਸ.ਪੀ. ਵਰਿੰਦਰਪਾਲ ਸਿੰਘ ਸੰਧੂ ਟੀਮ ਨਾਲ ਮੌਕੇ ‘ਤੇ ਪਹੁੰਚੇ। ਵਾਰਦਾਤ ਵਿਚ ਵਰਤੀ ਗਈ ਕਾਰ ਦਾ ਨੰਬਰ ਪੜਤਾਲ ਮਗਰੋਂ ਜਾਅਲੀ ਨਿਕਲਿਆ। ਵਾਰਦਾਤ ਵਾਲੀ ਥਾਂ ਸਿਟੀ ਪੁਲਿਸ ਸਟੇਸ਼ਨ ਤੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਹੈ।
from Punjab News – Latest news in Punjabi http://ift.tt/2drRi9n
0 comments