ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਵੱਲੋਂ ਕਥਿਤ ਦੁਰਵਿਹਾਰ ਕਰਨ ਅਤੇ ਹੋਰ ਮੰਗਾਂ ਸਬੰਧੀ ਅੱਜ ਇੱਕ ਬੀਬੀ ਹਰਮਨ ਕੌਰ ਤੇ ਉਸ ਦੀਆਂ ਸਾਥਣਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਭੁੱਖ ਹੜਤਾਲ ’ਤੇ ਬੈਠਣ ਦਾ ਯਤਨ ਕੀਤਾ ਪਰ ਸ਼੍ਰੋਮਣੀ ਕਮੇਟੀ ਦੀਆਂ ਮਹਿਲਾ ਕਰਮਚਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ।
ਇਹ ਔਰਤਾਂ ਟਾਊਨ ਹਾਲ ਨੇੜੇ ਇਕੱਠੀਆਂ ਹੋਈਆਂ ਅਤੇ ਮਾਰਚ ਕਰਦੀਆਂ ਹੋਈਆ ਸ੍ਰੀ ਦਰਬਾਰ ਸਾਹਿਬ ਸਮੂਹ ਪੁੱਜੀਆਂ, ਜਿਥੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਭੁੱਖ ਹੜਤਾਲ ’ਤੇ ਬੈਠਣ ਦਾ ਯਤਨ ਕੀਤਾ। ਮੌਕੇ ’ਤੇ ਹਾਜ਼ਰ ਸ਼੍ਰੋਮਣੀ ਕਮੇਟੀ ਮਹਿਲਾ ਕਰਮਚਾਰੀਆਂ ਨੇ ਇਨ੍ਹਾਂ ਔਰਤਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਵਾਪਸ ਭੇਜ ਦਿੱਤਾ। ਭੁੱਖ ਹੜਤਾਲ ‘ਤੇ ਬੈਠਣ ਆਈ ਬੀਬੀ ਹਰਮਨ ਕੌਰ ਨੇ ਆਖਿਆ ਕਿ ਭਾਵੇਂ ਉਸਨੂੰ ਸ੍ਰੀ ਅਕਾਲ ਤਖ਼ਤ ਵਿਖੇ ਨਹੀਂ ਬੈਠਣ ਦਿੱਤਾ ਗਿਆ ਪਰ ਭਲਕੇ ਉਹ ਰਾਮਬਾਗ ਵਿਖੇ ਭੁੱਖ ਹੜਤਾਲ ’ਤੇ ਬੈਠੇਗੀ। ਉਸਨੇ ਆਪਣੀਆਂ ਮੰਗਾਂ ਬਾਰੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਬੰਦ ਕਰ ਦਿੱਤਾ ਗਿਆ ਹੈ, ਆਟਾ ਮੰਡੀ ਵਾਲੇ ਪਾਸੇ ਬੀਬੀਆਂ ਲਈ ਬਣੇ ਗੁਸਲਖਾਨੇ ਬੰਦ ਕਰ ਦਿੱਤੇ ਗਏ ਹਨ ਅਤੇ ਅੱਜ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ ਹੈ। ਉਹ ਨਿੱਤ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜਾਂਦੇ ਹਨ ਪਰ ਉਥੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵੱਲੋਂ ਕਈ ਵਾਰ ਦੁਰਵਿਹਾਰ ਕੀਤਾ ਗਿਆ ਹੈ।
ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਆਖਿਆ ਕਿ ਸੇਵਾ ਦੇ ਬਹਾਨੇ ਪ੍ਰਬੰਧ ਵਿੱਚ ਕਿਸੇ ਨੂੰ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਬੀਬੀ ਹਰਮਨ ਕੌਰ ਨੂੰ ਕਦੇ ਸੇਵਾ ਕਰਨ ਤੋਂ ਨਹੀਂ ਰੋਕਿਆ ਗਿਆ ਅਤੇ ਉਸ ਦੇ ਦੋਸ਼ ਬੇਬੁਨਿਆਦ ਹਨ। ਮਾਣ-ਮਰਿਆਦਾ ਦੀ ਉਲੰਘਣਾ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਇਸ ਮਾਮਲੇ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਵੱਲੋਂ ਖੁਦ ਜਾਂਚ ਕੀਤੀ ਗਈ ਹੈ ਅਤੇ ਦੋਸ਼ਾਂ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ ਹਨ।
from Punjab News – Latest news in Punjabi http://ift.tt/2dglAyl
0 comments