ਕੋਟਕਪੂਰਾ : ਨੇੜਲੇ ਪਿੰਡ ਸਿਰਸੜੀ ਤੋਂ ਦੇਵੀਵਾਲਾ ਸੰਪਰਕ ਸੜਕ ‘ਤੇ ਪੈਂਦੇ ਸੂਏ ‘ਚੋਂ ਬੀਤੀ ਅੱਧੀ ਰਾਤ ਨੂੰ 27 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਨਾਲ ਸਬੰਧਤ ਵਿਦੇਸ਼ ਤੋਂ ਆਏ ਨੌਜਵਾਨ ਖ਼ੁਸ਼ਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਸ਼ੱਕੀ ਕਤਲ ਦੀ ਮੋਗਾ ਤੇ ਫ਼ਰੀਦਕੋਟ ਜ਼ਿਲ੍ਹਿਆਂ ਦੀ ਪੁਲਿਸ ਵਲੋਂ ਬਰੀਕੀ ਨਾਲ ਛਾਣਬੀਣ ਕੀਤੀ ਜਾ ਰਹੀ ਹੈ।
ਪਰਵਾਰਕ ਜੀਆਂ ਅਨੁਸਾਰ ਖ਼ੁਸ਼ਦੀਪ 17 ਸਤੰਬਰ ਨੂੰ ਦੋ ਸਾਲਾਂ ਬਾਅਦ ਸਿੰਗਾਪੁਰ ਤੋਂ ਅਪਣੇ ਪਿੰਡ ਆਇਆ ਸੀ ਤੇ ਉਸ ਨੇ 8 ਅਕਤੂਬਰ ਨੂੰ ਵਾਪਸ ਵਿਦੇਸ਼ ਜਾਣਾ ਸੀ। ਮ੍ਰਿਤਕ ਦੇ ਮਾਪਿਆਂ ਨੇ ਪੱਤਰਕਾਰਾਂ ਤੇ ਪੁਲਿਸ ਨੂੰ ਦਸਿਆ ਕਿ ਉਹ 4 ਅਕਤੂਬਰ ਨੂੰ ਸ਼ਾਮ 7 ਵਜੇ ਘਰੋਂ ਇਹ ਕਹਿ ਕੇ ਗਿਆ ਕਿ ਉਹ ਅਪਣੇ ਕਿਸੇ ਦੋਸਤ ਕੋਲ ਜਾ ਰਿਹਾ ਹੈ ਪਰ ਉਹ ਰਾਤ ਕਰੀਬ 10 ਵਜੇ ਤਕ ਘਰ ਨਾ ਪਰਤਿਆ।
ਉਨ੍ਹਾਂ ਦਸਿਆ ਕਿ 5 ਅਕਤੂਬਰ ਨੂੰ ਸਵੇਰੇ ਉਸ ਦੀ ਗੱਡੀ ਤੇ ਚੱਪਲਾਂ ਪਿੰਡ ਸਮਾਲਸਰ ਨੇੜਿਉਂ ਲੰਘਦੀ ਵੱਡੀ ਨਹਿਰ ਕੋਲ ਵੇਖੀਆਂ ਗਈਆਂ ਤਾਂ ਪਰਵਾਰ ਨੇ ਤੁਰਤ ਪੁਲਿਸ ਚੌਕੀ ਸਮਾਲਸਰ ਨੂੰ ਸੂਚਿਤ ਕੀਤਾ। ਪਰਵਾਰ ਨੇ ਨਹਿਰ ਨੇੜਲੇ ਸੂਏ-ਕੱਸੀਆਂ ‘ਤੇ ਉਸ ਦੀ ਭਾਲ ਸ਼ੁਰੂ ਕੀਤੀ। ਖ਼ੁਸ਼ਦੀਪ ਦੀ ਲਾਸ਼ ਪਿੰਡ ਸਿਰਸੜੀ ਨੇੜਿਉਂ ਲੰਘਦੇ ਸੂਏ ਦੇ ਪੁਲ ਤੋਂ ਬਰਾਮਦ ਹੋ ਗਈ। ਮ੍ਰਿਤਕ ਦੇ ਸਿਰ ‘ਚ ਵੱਡੀ ਤੇ ਡੂੰਘੀ ਸੱਟ ਦਾ ਨਿਸ਼ਾਨ ਹੋਣ ਕਰ ਕੇ ਸਿਰ ‘ਚੋਂ ਖ਼ੂਨ ਵਹਿ ਰਿਹਾ ਸੀ। ਮ੍ਰਿਤਕ ਦੇ ਪਿਤਾ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਬਾਘਾਪੁਰਾਣਾ ਦੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਖ਼ੁਸ਼ਦੀਪ ਦਾ ਤਿੰਨ ਸਾਲ ਦਾ ਬੇਟਾ ਹੈ।
from Punjab News – Latest news in Punjabi http://ift.tt/2dyJjsV
0 comments