ਵਿਰੋਧੀ ਪਾਰਟੀਆਂ ਰਾਜਨੀਤੀ ਨਾ ਕਰਨ : ਬਾਦਲ

badalਫ਼ਿਰੋਜ਼ਪੁਰ : ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਹੱਦ ‘ਤੇ ਤਣਾਅ ਦੇ ਨਾਜ਼ੁਕ ਮੌਕਿਆਂ ‘ਤੇ ਰਾਸ਼ਟਰੀ ਹਿਤਾਂ ਨੂੰ ਵੇਖਦਿਆਂ ਸਿਆਸੀ ਪਾਰਟੀਆਂ ਨੂੰ ਘਟੀਆ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੇਂਡੀ ਵਾਲਾ, ਹਜ਼ਾਰਾ ਸਿੰਘ ਵਾਲਾ ਅਤੇ ਗਜ਼ਨੀ ਵਾਲਾ ਵਿਖੇ ਸਰਹੱਦੀ ਲੋਕਾਂ ਨੂੰ ਮਿਲੇ। ਉਨ੍ਹਾਂ ਸਰਹੱਦੀ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਰਾਜਨੀਤਕ ਪਾਰਟੀਆਂ ਅਜਿਹੇ ਨਾਜ਼ੁਕ ਮਾਮਲਿਆਂ ‘ਚ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਵਿਚ ਰਹਿੰਦੀਆਂ ਹਨ। ਇਹੀ ਕਾਰਨ ਹੈ ਕਿ ਕਈ ਰਾਜਨੀਤਕ ਆਗੂ ਕੌਮੀ ਸੁਰੱਖਿਆ ਵਰਗੇ ਨਾਜ਼ੁਕ ਮਸਲਿਆਂ ‘ਤੇ ਵੀ ਗ਼ਲਤ ਤੇ ਵਿਵਾਦਤ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਦੇਸ਼ ਦੀਆਂ ਸਰਹੱਦਾਂ ਤੇ ਜੰਗ ਵਰਗੀ ਹਾਲਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ‘ਤੇ ਰਾਜਨੀਤਿਕ ਪਾਰਟੀਆਂ ਨੂੰ ਕੌਮੀ ਹਿਤਾਂ ਤੇ ਪੰਜਾਬ ਦੇ ਹਿਤਾਂ ਦਾ ਖ਼ਿਆਲ ਰਖਣਾ ਚਾਹੀਦਾ ਹੈ।

ਸ. ਬਾਦਲ ਨੇ ਕਿਹਾ ਕਿ ਰਾਜ ਦੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਕਿਸੇ ਵੀ ਕੌਮੀ ਜਾਂ ਰਾਜ ਦੇ ਮਸਲੇ ਦਾ ਸਿਆਸੀਕਰਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕ ਦਲੇਰ ਅਤੇ ਸੱਚੇ ਦੇਸ਼ ਭਗਤ ਹਨ ਜਿਨ੍ਹਾਂ ਨੇ ਹਰ ਔਖੀ ਘੜੀ ਵਿਚ ਦੇਸ਼ ਦੀਆਂ ਫ਼ੌਜਾਂ ਦਾ ਵੀ ਸਾਥ ਦਿਤਾ।

ਪਿੰਡ ਟੇਂਡੀ ਵਾਲਾ, ਹਜ਼ਾਰਾ ਸਿੰਘ ਵਾਲਾ ਤੇ ਗ਼ਜ਼ਨੀ ਵਾਲਾ ਵਿਖੇ ਸਰਹੱਦੀ ਲੋਕਾਂ ਦੇ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਵਿਰੋਧੀ ਪਾਰਟੀਆਂ ਦੇ ਕਥਿਤ ਗੁਮਰਾਹਕੁਨ ਪ੍ਰਚਾਰ ਤੋਂ ਚੌਕਸ ਰਹਿਣ ਲਈ ਕਿਹਾ। ਮੁੱਖ ਮੰਤਰੀ ਨੇ ਸਰਹੱਦੀ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਰਾਜ ਸਰਕਾਰ ਨੇ ਝੋਨੇ ਦੀ ਖ਼ਰੀਦ ਲਿਫ਼ਟਿੰਗ ਅਤੇ ਅਦਾਇਗੀ ਲਈ ਪੂਰੇ ਪ੍ਰਬੰਧ ਕੀਤੇ ਹਨ ਅਤੇ ਇਸ ਕੰਮ ਵਿਚ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਜਨਮੇਜਾ ਸਿੰਘ ਸੇਖੋਂ, ਸ਼ੇਰ ਸਿੰਘ ਘੁਬਾਇਆ, ਜੋਗਿੰਦਰ ਸਿੰਘ ਜਿੰਦੂ, ਕਮਲ ਸ਼ਰਮਾ, ਵਰਦੇਵ ਸਿੰਘ ਨੋਨੀ ਮਾਨ, ਸੁਖਪਾਲ ਸਿੰਘ ਨੰਨੂ, ਸੁਰਿੰਦਰ ਸਿੰਘ ਬੱਬੂ, ਡਾ. ਐਸ.ਕਰਨਾ ਰਾਜੂ, ਆਰ. ਵੈਨਕਟਰਤਨਮ ਆਦਿ ਹਾਜ਼ਰ ਸਨ।



from Punjab News – Latest news in Punjabi http://ift.tt/2cYQbQJ
thumbnail
About The Author

Web Blog Maintain By RkWebs. for more contact us on rk.rkwebs@gmail.com

0 comments