ਮਾਨਸਾ : ਸ਼ਰਾਬ ਮਾਫ਼ੀਆ ਹੱਥੋਂ ਹੋਏ ਦਲਿਤ ਨੌਜਵਾਨ ਸੁਖਚੈਨ ਸਿੰਘ (ਪਾਲੀ) ਦੇ ਕਤਲ ਦਾ ਮਾਮਲਾ ਸਿਆਸੀ ਰੰਗਤ ਲੈਂਦਾ ਜਾ ਰਿਹਾ ਹੈ। ਪੀੜਤ ਪਰਵਾਰ ਕੋਲ ਦੁੱਖ ਪ੍ਰਗਟ ਕਰਨ ਲਈ ਵੱਖ ਵੱਖ ਸਿਆਸੀ ਆਗੂ ਪਹੁੰਚ ਰਹੇ ਹਨ। ਅੱਜ ਬਸਪਾ, ਭਾਜਪਾ, ਕਾਂਗਰਸ ਅਤੇ ‘ਆਪ’ ਦੇ ਆਗੂਆਂ ਨੇ ਪੀੜਤ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਬਹੁਤੇ ਲੀਡਰਾਂ ਨੇ ਕਿਹਾ ਕਿ ਅਕਾਲੀਆਂ ਦੀ ਸ਼ਹਿ ‘ਤੇ ਪਿੰਡਾਂ ‘ਚ ਨਾਜਾਇਜ਼ ਸ਼ਰਾਬ ਵਿਕ ਰਹੀ ਹੈ। ਸਵੇਰੇ ਬਸਪਾ ਦੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਘਰਾਂਗਣਾ ਪਹੁੰਚ ਕੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੱਚੇ ਦੇ ਕਾਤਲਾਂ ਨੂੰ ਬਸਪਾ ਹਰ ਹਾਲਤ ‘ਚ ਸਜ਼ਾਵਾਂ ਦਿਵਾਏਗੀ। ਕਰੀਮਪੁਰੀ ਨੇ ਕਿਹਾ ਕਿ ਪੰਜਾਬ ‘ਚ ਜੰਗਲਰਾਜ ਬਣ ਗਿਆ ਹੈ।
ਹਸਪਤਾਲ ‘ਚ ਪਹੁੰਚੇ ‘ਆਪ’ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਇਸ ਕੇਸ ‘ਚ ਅਕਾਲੀਆਂ ਦੇ ਨਾਮ ਨਸ਼ਰ ਹੋ ਰਹੇ ਹਨ ਪਰ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਹ ਸੁਖਚੈਨ ਸਿੰਘ ਦਾ ਕੇਸ ਲੜਨ ਲਈ ਵਕੀਲ ਖ਼ੁਦ ਦੇਣਗੇ।
ਕਾਂਗਰਸ ਆਗੂ ਡਾ. ਰਾਜ ਕੁਮਾਰ ਅਤੇ ਬੀਬੀ ਮੀਮਸਾ ਨੇ ਅਕਾਲੀ ਸਰਕਾਰ ਨੂੰ ਗੁੰਡਾ ਸਰਕਾਰ ਆਖਦਿਆਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੀ ਜਵਾਨੀ ਰੋਲ ਦਿਤੀ ਹੈ। ਕੁੱਝ ਨੌਜਵਾਨ ਨਸ਼ਿਆਂ ਨੇ ਤੇ ਕੁੱਝ ਨੌਜਵਾਨ ਮਾਫ਼ੀਆ ਨੇ ਖਾ ਲਏ ਹਨ। ਭਾਜਪਾ ਆਗੂ ਕੇਵਲ ਕੁਮਾਰ ਸਿਵਲ ਹਸਪਤਾਲ ‘ਚ ਪੀੜਤ ਪਰਵਾਰ ਨੂੰ ਮਿਲੇ। ਉਨ੍ਹਾਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਫ਼ੋਨ ‘ਤੇ ਸਾਰੀ ਜਾਣਕਾਰੀ ਦਿਤੀ ਅਤੇ ਦੋਸ਼ੀਆਂ ਨੂੰ ਤੁਰਤ ਗ੍ਰਿਫ਼ਤਾਰ ਕਰਨ ਲਈ ਕਿਹਾ। ਕੇਵਲ ਕੁਮਾਰ ਨੇ ਕਿਹਾ ਕਿ ਪੀੜਤ ਪਰਵਾਰ ਨੂੰ ਪੰਜ ਲੱਖ 60 ਹਜ਼ਾਰ ਰੁਪਏ ਦਾ ਚੈੱਕ ਜਾਰੀ ਕਰ ਦਿਤਾ ਹੈ ਜੋ ਪੋਸਟਮਾਰਟਮ ਹੋਣ ਤੋਂ ਬਾਅਦ ਦੇ ਦਿਤਾ ਜਾਵੇਗਾ। ਸਿਵਲ ਹਸਪਤਾਲ ‘ਚ ਧਰਨੇ ‘ਤੇ ਬੈਠੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਆਗੂਆਂ ਭਗਵੰਤ ਸਮਾਉਂ, ਰਾਜਵਿੰਦਰ ਰਾਣਾ, ਗੁਰਜੰਟ ਮਾਨਸਾ, ਜਸਵੀਰ ਕੌਰ ਨੱਤ ਤੇ ਹੋਰਨਾਂ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਦਲਿਤਾਂ ‘ਤੇ ਅਤਿਆਚਾਰ ਕਰਨ ਲਈ ਮਾਫ਼ੀਆ ਗੁੰਡਾ ਰਾਜ ਪਾਲ ਰਖਿਆ ਹੈ। ਪਿੰਡਾਂ ‘ਚ ਅਕਾਲੀਆਂ ਦੀ ਸ਼ਹਿ ‘ਤੇ ਸ਼ਰੇਆਮ ਨਾਜਾਇਜ਼ ਸ਼ਰਾਬ ਵਿਕ ਰਹੀ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਕਲ ਇਸ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ।
from Punjab News – Latest news in Punjabi http://ift.tt/2ebNuZD
0 comments