ਕਾਂਗਰਸ ਦਾ ਹੱਥ ਉਪਰ ਹੋਣ ਦੀ ਚਰਚਾ ਪਰ ਟਿਕਟ ਵੰਡ ਵਿਚ ਭੰਬਲਭੂਸਾ

full12408ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਤਿੰਨ ਕੁ ਮਹੀਨੇ ਬਾਕੀ ਹਨ। ਚੋਣ ਪ੍ਰਚਾਰ ਕਾਫ਼ੀ ਗਰਮਾ ਚੁੱਕਾ ਹੈ ਅਤੇ ਸਿਆਸੀ ਆਗੂ, ਅੰਕੜਾ ਵਿਸ਼ਲੇਸ਼ਕ ਸਮੇਤ ਪੰਜਾਬ ਦਾ ਵੋਟਰ ਇਸ ਵੇਲੇ ਤਿਕੋਣੇ ਮੁਕਾਬਲੇ ਦੀ ਹਾਲਤ ਵਿਚ ਅੰਦਾਜ਼ੇ ਲਾ ਰਹੇ ਹਨ ਕਿ ਕਾਂਗਰਸ ਦਾ ਹੱਥ ਉਪਰ ਲਗਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ਼ ਜੋ ਦੋ ਮਹੀਨੇ ਪਹਿਲਾਂ ਟੀਸੀ ‘ਤੇ ਸੀ, ਹੁਣ ਕਾਫ਼ੀ ਹੇਠਾਂ ਆ ਗਿਆ ਹੈ ਅਤੇ ਅਕਾਲੀ-ਭਾਜਪਾ ਸਮੇਤ ਕਾਂਗਰਸ ਨੇ ‘ਆਪ’ ਵਿਰੁਧ ਮੋਰਚਾ ਖੋਲ੍ਹ ਲਿਆ ਹੈ।

ਟਿਕਟਾਂ ਦੀ ਵੰਡ ਕਰਨ ਵਿਚ ‘ਆਪ’ ਨੇ ਲੀਡ ਤਾਂ ਲੈ ਲਈ ਹੈ ਪਰ ਮੈਨੀਫ਼ੈਸਟੋ ਜਾਰੀ ਕਰਨ ਸਮੇਤ ਉਮੀਦਵਾਰੀਆਂ ਦੀਆਂ ਤਿੰਨ ਲਿਸਟਾਂ ਜਾਰੀ ਕਰਨ ਨਾਲ ਕਾਫ਼ੀ ਗੜਬੜੀ ਹੋਈ, ਬਗ਼ਾਵਤ ਹੋ ਗਈ ਅਤੇ ਕਾਂਗਰਸ ਤੇ ਅਕਾਲੀ ਦਲ ਨੇ ਹਮਲਾਵਰ ਰੁਖ਼ ਅਪਣਾਇਆ ਹੈ।

ਉਂਜ ਤਾਂ ਕਾਂਗਰਸ ਹਾਈ ਕਮਾਂਡ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੁਲ 1600 ਉਮੀਦਵਾਰਾਂ ਦੀ ਲਿਸਟ ਦਾ ਨਿਰੀਖਣ ਕਰ ਕੇ ਕਰੀਬ 600 ਲੀਡਰਾਂ ਦੀ ਸੂਚੀ ਬਣਾ ਲਈ ਹੈ ਅਤੇ ਥੋੜੇ ਦਿਨਾਂ ਤਕ ਹੋਰ ਛਾਂਟੀ ਕਰ ਕੇ ਕੁਲ 117 ਹਲਕਿਆਂ ਲਈ 234 ਜਾਂ 35 ਨਾਂ ਯਾਨੀ ਪ੍ਰਤੀ ਸੀਟ ਦੋ-ਦੋ ਜਾਂ ਤਿੰਨ-ਤਿੰਨ ਬਿਨੈਕਾਰ ਰੱਖ ਕੇ ਦਸੰਬਰ ਦੇ ਪਹਿਲੇ ਹਫ਼ਤੇ ਪੱਕੀ ਉਮੀਦਵਾਰੀ ਐਲਾਨਣੀ ਹੈ ਪਰ ‘ਇਕ ਪਰਵਾਰ-ਇਕ ਟਿਕਟ’ ਦਾ ਫ਼ਾਰਮੂਲਾ ਹਰ ਹਾਲਤ ‘ਚ ਚੋਟੀ ਦੇ ਲੀਡਰਾਂ ‘ਚ ਦੁਸ਼ਮਣੀ ਪੈਦਾ ਕਰੇਗਾ।

ਸੀਨੀਅਰ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇ ਇਸ ਫ਼ਾਰਮੂਲੇ ‘ਤੇ ਚਲਣਾ ਹੈ ਤਾਂ ਹੁਣ ਤੋਂ ਬਗ਼ਾਵਤ ਦੇ ਸੁਰ ‘ਆਪ’ ਤੋਂ ਵੀ ਵੱਧ ਵਜਣੇ ਸ਼ੁਰੂ ਹੋ ਜਾਣਗੇ। ਇਸ ਵੇਲੇ 10 ਤੋਂ ਵੱਧ ਚੋਟੀ ਦੇ ਪਰਵਾਰ ਅਤੇ ਆਗੂ ਇਕ ਪਰਵਾਰ ਲਈ ਦੋ-ਦੋ ਟਿਕਟਾਂ ਦੀ ਮੰਗ ਕਰ ਰਹੇ ਹਨ ਜਿਨ੍ਹਾਂ ‘ਚ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸੀਨੀਅਰ ਉਪ ਪ੍ਰਧਾਨ ਲਾਲ ਸਿੰਘ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ, ਸਾਬਕਾ ਪ੍ਰਧਾਨ ਤੇ ਐਮ.ਪੀ. ਪ੍ਰਤਾਪ ਸਿੰਘ ਬਾਜਵਾ, ਦਲਿਤ ਐਮ.ਪੀ. ਸੰਤੋਖ ਚੌਧਰੀ,

ਲੁਧਿਆਣਾ ਐਮ.ਪੀ. ਰਵਨੀਤ ਬਿੱਟੂ ਤੇ ਹੋਰ ਸ਼ਾਮਲ ਹਨ। ਕੈਪਟਨ ਦੇ ਪਰਵਾਰ ‘ਚ ਮਹਾਰਾਣੀ ਪ੍ਰਨੀਤ ਕੌਰ, ਲੜਕਾ ਰਣਇੰਦਰ, ਲਾਲ ਸਿੰਘ ਦੇ ਪਰਵਾਰ ‘ਚ ਉਨ੍ਹਾਂ ਦੇ ਲੜਕੇ ਨੇ ਵੀ ਕਾਗ਼ਜ਼ ਭਰੇ ਹਨ। ਬੀਬੀ ਭੱਠਲ ਦੇ ਜਵਾਈ ਨੇ ਵੀ ਅਰਜ਼ੀ ਦਿਤੀ ਹੈ। ਪ੍ਰਤਾਪ ਬਾਜਵਾ ਦੇ ਭਰਾ ਤੇ ਪਤਨੀ ਵੀ ਦਾਅਵੇਦਾਰ ਹਨ। ਸੰਤੋਖ ਸਿੰਘ ਚੌਧਰੀ ਦਾ ਮੁੰਡਾ ਬਿਕਰਮ ਸਿੰਘ ਵੀ ਦੌੜ ‘ਚ ਹੈ। ਰਵਨੀਤ ਸਿੰਘ ਬਿੱਟੂ ਦਾ ਭਰਾ ਗੁਰਕੀਰਤ ਸਿੰਘ ਵੀ ਉਸੇ ਪਰਵਾਰ ‘ਚੋਂ ਹੈ। ਪਾਰਟੀ ਦਾ ਇਕ ਗਰੁਪ ਚਾਹੁੰਦਾ ਹੈ ਕਿ ਪਰਵਾਰ ਸਿਰਫ਼ ਪਤੀ-ਪਤਨੀ, ਲੜਕਾ-ਲੜਕੀ ਗਿਣਿਆ ਜਾਵੇ। ਦੂਜਾ ਕਹਿੰਦਾ ਹੈ ਕਿ ਚਾਚਾ, ਭਤੀਜਾ, ਭਾਣਜਾ, ਭਰਜਾਈ, ਭਰਾ ਨੂੰ ਵੀ ਸ਼ਾਮਲ ਕੀਤਾ ਜਾਵੇ। ਵਿਸ਼ਲੇਸ਼ਕ ਕਹਿੰਦੇ ਹਨ ਕਿ 2007 ਤੇ 2012 ਤੋਂ ਉਲਟ ਇਸ ਵੇਲੇ ਕਾਂਗਰਸ ‘ਚ ਉਂਜ ਤਾਂ ਵੇਖਣ ਨੂੰ ਉਪਰੋਂ ਇਕਜੁਟਤਾ ਹੈ, ਸ਼ਾਂਤੀ ਹੈ, ਗੁਟਬਾਜ਼ੀ ਘੱਟ ਹੈ, ਪਰ ਅੰਦਰੋਂ ਜੱਟਵਾਦ, ਦਲਿਤਾਂ ਅਤੇ ਹੋਰ ਵੱਡੇ ਪਾੜੇ ਹਨ ਜਿਸ ਕਾਰਨ ਕਾਫ਼ੀ ਝਗੜਾ ਹੈ। ਪਿਛਲੇ ਦਿਨੀਂ ਨਕੋਦਰ ਸੀਟ ਤੇ ਹੋਰ ਥਾਵਾਂ ‘ਤੇ ਆਪਸੀ ਕਲੇਸ਼ ਪੈ ਗਿਆ। ਮਾਹਰ ਇਹ ਵੀ ਕਹਿੰਦੇ ਹਨ ਕਿ ਹੇਠਾਂ ਤਕ ਕੈਪਟਨ, ਬਾਜਵਾ, ਭੱਠਲ, ਦੂਲੋ ਦੇ ਹੋਰ ਗਰੁਪਾਂ ‘ਚ ਕਾਫ਼ੀ ਖਹਿਬਾਜ਼ੀ ਹੈ ਅਤੇ ਹਾਈ ਕਮਾਂਡ ਨੇ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਲਾਹ ਨਾਲ ਫ਼ਿਲਹਾਲ ਟਿਕਟ ਵੰਡ ਦੀ ਪ੍ਰਕਿਰਿਆ ਅੱਗੇ ਪਾ ਦਿਤੀ ਹੈ ਅਤੇ ਹੇਠਲੇ ਲੀਡਰਾਂ ਤੇ ਅਹੁਦੇਦਾਰਾਂ ਨੂੰ ਵੋਟਰ ਬੂਥਾਂ ‘ਤੇ 11-11 ਮੈਂਬਰੀ ਕਮੇਟੀਆਂ ਬਣਾਉਣ, ਕਿਸਾਨਾਂ ਦੇ ਫ਼ਾਰਮ ਭਰਵਾਉਣ ਅਤੇ ਝੋਨਾ ਮੰਡੀਆਂ ‘ਚ ਸਰਕਾਰ ਵਿਰੁਧ ਪ੍ਰਚਾਰ ‘ਚ ਝੋਕ ਦਿਤਾ ਹੈ। 13 ਮਿੰਨੀ ਬਸਾਂ ਨੂੰ ਫ਼ਿਲਹਾਲ ਪ੍ਰਚਾਰ ਕਰਨ ਤੋਂ ਲਾਂਭੇ ਕਰ ਦਿਤਾ ਗਿਆ ਹੈ ਕਿਉਂਕਿ ਪਾਰਟੀ ਫ਼ੰਡਾਂ ਨੂੰ ਖ਼ਰਚਣ ਅਤੇ ਹਿਸਾਬ-ਕਿਤਾਬ ਰੱਖਣ, ਪਟਰੌਲ-ਡੀਜ਼ਲ ਦੇ ਬਿਲਾਂ ਦੀ ਅਦਾਇਗੀ ਕਰਨ ‘ਚ ਪੇਚੀਦਗੀ ਸ਼ੁਰੂ ਹੋ ਗਈ ਹੈ।

ਭਾਵੇਂ ਉਪਰੋਂ-ਉਪਰੋਂ ਇਹੀ ਬੋਲਿਆ ਜਾ ਰਿਹਾ ਹੈ ‘ਆਪ’ ਖਿੱਲਰ ਚੁੱਕੀ ਹੈ, ਬਾਗ਼ੀ ਉਮੀਦਵਾਰ ਖੇਡ ਖ਼ਰਾਬ ਕਰਨਗੇ ਅਤੇ ਕਾਂਗਰਸ ਦੇ ਲੀਡਰ ਅਫ਼ਸਰਸ਼ਾਹੀ ਅਤੇ ਪੁਲੀਸ ਨੂੰ ਧਮਕੀਆਂ ਦੇ ਰਹੇ ਹਨ ਕਿ ਸਾਡੀ ਸਰਕਾਰ ਆਉਣ ‘ਤੇ ਐਕਸ਼ਨ ਲਵਾਂਗੇ ਪਰ ਮਾਹਰਾਂ, ਪੁਰਾਣੇ ਸਿਆਸੀ ਆਗੂਆਂ ਅਤੇ ਚੋਣਾਂ ਦੇ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਜੇ ਉਪਰ ਹਾਈ ਕਮਾਂਡ ‘ਚ ਪਰਵਾਰਵਾਦ ਹਾਵੀ ਹੈ, ਪ੍ਰਦੇਸ਼ ਪ੍ਰਧਾਨ ਤੇ ਹੋਰ ਲੀਡਰ ਪੁੱਤਰ-ਧੀਆਂ ਨੂੰ ਪਿੜ ‘ਚ ਲਿਆਉਣ ਦੇ ਚਾਹਵਾਨ ਹਨ ਤਾਂ ਫਿਰ ਬਾਦਲ ਪਰਵਾਰ ਨਾਲੋਂ ਕੀ ਫ਼ਰਕ ਹੋਇਆ?



from Punjab News – Latest news in Punjabi http://ift.tt/2dX2JrT
thumbnail
About The Author

Web Blog Maintain By RkWebs. for more contact us on rk.rkwebs@gmail.com

0 comments