ਫ਼ਰੀਦਕੋਟ : ਇੱਥੇ ਵਾਪਰੇ ਖੁਦਕੁਸ਼ੀ ਕਾਂਡ ਵਿੱਚ ਮ੍ਰਿਤਕ ਪਰਿਵਾਰਕ ਮੈਂਬਰਾਂ ਦੀ ਅੰਤਿਮ ਅਰਦਾਸ ਵਿੱਚ ਕਾਂਗਰਸੀ ਆਗੂ ਇੰਦਰਜੀਤ ਸਿੰਘ ਜ਼ੀਰਾ ਸ਼ਾਮਲ ਨਹੀਂ ਹੋਏ। ਦੱਸਣਯੋਗ ਹੈ ਕਿ ਇੰਦਰਜੀਤ ਸਿੰਘ ਦੀ ਅਗਵਾਈ ਅਤੇ ਦਖ਼ਲ ਸਦਕਾ ਹੀ ਪਰਿਵਾਰ ਦੇ ਚਾਰੇ ਮੈਂਬਰਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਹਾਲਾਂਕਿ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀ ਇਸ ਮਾਮਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਅਕਾਲੀ ਆਗੂਆਂ ਖਿਲਾਫ਼ ਪਰਚਾ ਦਰਜ ਕਰਕੇ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਅੰਤਿਮ ਸੰਸਕਾਰ ਨਾ ਕਰਨ ’ਤੇ ਅੜੇ ਹੋਏ ਸਨ। ਸ੍ਰੀ ਜ਼ੀਰਾ ਦੇ ਖੁਦਕੁਸ਼ੀ ਕਰਨ ਵਾਲੇ ਜਗਤਾਰ ਸਿੰਘ ਦੀ ਲੜਕੀ ਦੇ ਸਹੁਰਿਆਂ ਨਾਲ ਨਜ਼ਦੀਕੀ ਸਬੰਧ ਸਨ। ਇਸੇ ਪ੍ਰਭਾਵ ਦੇ ਚੱਲਦਿਆਂ ਇੰਦਰਜੀਤ ਸਿੰਘ ਜ਼ੀਰਾ ਨੇ ਚਾਰਾਂ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਅਤੇ ਇਸ ਮਾਮਲੇ ਵਿੱਚ ਫਸੇ ਅਕਾਲੀ ਆਗੂਆਂ ਨੂੰ ਰਾਹਤ ਦੁਆ ਦਿੱਤੀ। ਸ਼ੀ ਜ਼ੀਰਾ ਦੀ ਇਸ ਕਾਰਵਾਈ ਤੋਂ ਪਰਿਵਾਰ ਅਤੇ ਸ਼ਹਿਰ ਵਾਸੀ ਨਿਰਾਸ਼ ਹਨ ਅਤੇ ਇਸ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੇ ਸ੍ਰੀ ਜ਼ੀਰਾ ਦਾ ਪੁਤਲਾ ਵੀ ਸਾੜਿਆ ਸੀ। ਅੱਜ ਅੰਤਿਮ ਅਰਦਾਸ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਇਲਾਵਾ ਹੋਰ ਕੋਈ ਵੀ ਸਿਆਸੀ ਆਗੂ ਸ਼ਾਮਲ ਨਹੀਂ ਹੋਇਆ।
ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਹੋਈ ਅੰਤਿਮ ਅਰਦਾਸ ਤੋਂ ਬਾਅਦ ਕਮੇਟੀ ਦੇ ਆਗੂ ਸ਼ਵਿੰਦਰਪਾਲ ਸਿੰਘ ਸੰਧੂ, ਰਜਿੰਦਰ ਸਿੰਘ, ਗੁਰਦਿੱਤ ਸਿੰਘ ਸੇਖੋਂ, ਕਿਰਨਦੀਪ ਸਿੰਘ, ਡਾ. ਜੀਵਨ ਜੋਤ ਕੌਰ ਅਤੇ ਸਵਰਨ ਸਿੰਘ ਨੇ ਕਿਹਾ ਕਿ ਬੇਸ਼ੱਕ ਕਾਂਗਰਸ ਆਗੂਆਂ ਨੇ ਪੀੜਤ ਪਰਿਵਾਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਜਬਰੀ ਸਸਕਾਰ ਕਰਵਾਇਆ ਹੈ, ਇਸ ਦੇ ਬਾਵਜੂਦ ਅਕਾਲੀ ਆਗੂਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੀੜਤ ਪਰਿਵਾਰ, ਐਕਸ਼ਨ ਕਮੇਟੀ ਅਤੇ ਸ਼ਹਿਰ ਵਾਸੀਆਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਸਬੰਧੀ ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਮੱਦਦ ਲਈ ਹੀ ਫ਼ਰੀਦਕੋਟ ਫੇਰਾ ਪਾਇਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਬਾਅ ਸਦਕਾ ਹੀ ਪੰਜਾਬ ਸਰਕਾਰ ਨੇ ਦਸ ਲੱਖ ਰੁਪਏ ਦਾ ਚੈੱਕ ਪੀੜਤ ਪਰਿਵਾਰ ਨੂੰ ਦਿੱਤਾ ਹੈ। ਅੰਤਿਮ ਅਰਦਾਸ ਵਿੱਚ ਪੀ.ਐੱਸ.ਯੂ., ਬੀ.ਕੇ.ਯੂ ਕ੍ਰਾਂਤੀਕਾਰੀ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ, ਬੀ.ਕੇ.ਯੂ ਸਿੱਧੂਪੁਰ, ਬੀ.ਕੇ.ਯੂ ਲੱਖੋਵਾਲ, ਨਿਰਮਾਣ ਮਜ਼ਦੂਰ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਕੁਲਹਿੰਦ ਨਿਰਮਾਣ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ ਸੌਂਪੀ ਆਰਥਿਕ ਮੱਦਦ
ਪ੍ਰਸ਼ਾਸਨ ਨੇ ਖੁਦਕੁਸ਼ੀ ਕਰ ਗਏ ਜਗਤਾਰ ਸਿੰਘ ਦੇ ਵਾਰਸਾਂ ਨੂੰ ਅੱਜ ਸਵੇਰੇ ਹੀ ਦਸ ਲੱਖ ਰੁਪਏ ਦਾ ਚੈੱਕ ਸੌਂਪ ਦਿੱਤਾ। ਮ੍ਰਿਤਕਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦਸ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਸੀ। ਐਕਸ਼ਨ ਕਮੇਟੀ ਨੇ ਇਸ ਮੁਆਵਜ਼ੇ ਨੂੰ ਨਾਕਾਫ਼ੀ ਦੱਸਿਆ ਹੈ।
from Punjab News – Latest news in Punjabi http://ift.tt/2dnWf5z
0 comments