ਚੰਡੀਗੜ੍ਹ : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਲੁਧਿਆਣਾ ਦੇ ਕਾਂਗਰਸੀ ਵਿਧਾਇਕਾਂ ‘ਤੇ ਅਕਾਲੀ ਵਰਕਰਾਂ/ਆਗੂਆਂ ਦੇ ਕਥਿਤ ਜਾਨਲੇਵਾ ਹਮਲੇ ਦੇ ਵਿਰੋਧ ਵਿਚ ਅੱਜ ਕਰੀਬ ਅੱਧਾ ਦਰਜਨ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਧਰਨਾ ਦੇ ਕੇ ਸਰਕਾਰ ਤੇ ਮੁੱਖ ਮੰਤਰੀ ਵਿਰੁਧ ਨਾਹਰੇਬਾਜ਼ੀ ਕੀਤੀ। ਚੰਡੀਗੜ੍ਹ ਪੁਲਿਸ ਨੇ ਬੈਰੀਕੇਡ ਲਗਾ ਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਜਿਉਂ ਹੀ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ, ਰਵਨੀਤ ਸਿੰਘ ਬਿਟੂ, ਸੁਨੀਲ ਜਾਖੜ, ਕੁਲਜੀਤ ਨਾਗਰਾ, ਬਲਵੀਰ ਸਿੰਘ ਸਿੱਧੂ, ਭਾਰਤ ਭੂਸ਼ਨ ਆਸ਼ੂ, ਸੁਰਿੰਦਰ ਡਾਵਰ ਅਤੇ ਲੁਧਿਆਣਾ ਦੇ ਕੁੱਝ ਕਾਂਗਰਸੀ ਆਗੂ ਮੁੱਖ ਮੰਤਰੀ ਦੀ ਕੋਠੀ ਵਲ ਵਧੇ ਤਾਂ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ । ਕਰੀਬ ਪੰਦਰਾਂ ਮਿੰਟ ਬਾਅਦ ਮੁੱਖ ਮੰਤਰੀ ਦੇ ਸਟਾਫ਼ ਨੇ ਧਰਨਾਕਾਰੀ ਵਿਧਾਇਕਾਂ ਨੂੰ ਅੰਦਰ ਬੁਲਾਇਆ। ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚ ਕੇ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਚਰਨਜੀਤ ਸਿੰਘ ਚੰਨੀ, ਸੁਨੀਲ ਕੁਮਾਰ ਜਾਖੜ, ਪਰਵਿੰਦਰ ਸਿੰਘ ਪਿੰਕੀ, ਰਵਨੀਤ ਬਿੱਟੂ ਨੇ ਮੁੱਖ ਮੰਤਰੀ ਨੂੰ ਖਰੀਆ ਖਰੀਆਂ ਸੁਣਾਉਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਐਸ.ਪੀ ਜਸਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਕਾਂਗਰਸੀ ਵਿਧਾਇਕਾਂ ਨੂੰ ਡੀ.ਜੀ.ਪੀ ਤੋਂ ਤਿੰਨ ਦਿਨਾਂ ਵਿਚ ਜਾਂਚ ਕਰਵਾ ਕੇ ਕਰਵਾਈ ਕਰਵਾਉਣ ਦਾ ਭਰੋਸਾ ਦਿਤਾ ਪਰ ਕਾਂਗਰਸੀ ਵਿਧਾਇਕ ਪੁਲਿਸ ਅਧਿਕਾਰੀਆਂ ਨੂੰ ਬਦਲਣ ਤੇ ਮੁਅੱਤਲ ਕਰਨ ਦੀ ਮੰਗ ‘ਤੇ ਅੜੇ ਰਹੇ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਕਾਲੀ ਕਾਰਕੁਨਾਂ ਤੋਂ ਕਾਂਗਰਸੀ ਵਿਧਾਇਕਾਂ ‘ਤੇ ਸਰਜੀਕਲ ਸਟਰਾਈਕ ਕਰਵਾਇਆ ਹੈ। ਰਵਨੀਤ ਸਿੰਘ ਬਿੱਟੂ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਕਾਂਗਰਸੀ ਵਿਧਾਇਕਾਂ ਦਾ ਕਤਲ ਕਰਵਾਉਣਾ ਚਾਹੁੰਦੀ ਹੈ। ਬਿੱਟੂ ਨੇ ਕਿਹਾ ਕਿ ਦੋ ਅਕਾਲੀ ਆਗੂਆਂ ਨੂੰ ਉਸ ਦੇ ਸੁਰੱਖਿਆ ਮੁਲਾਜ਼ਮਾਂ ਨੇ ਕਾਬੂ ਕਰ ਕੇ ਪੁਲਿਸ ਨੂੰ ਫੜਾ ਦਿਤਾ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬਿੱਟੂ ਨੇ ਕਿਹਾ ਕਿ ਉਸ ਨੂੰ ਲੁਧਿਆਣਾ ਪੁਲਿਸ ਤੋਂ ਜਾਨ ਦਾ ਖ਼ਤਰਾ ਹੈ।
from Punjab News – Latest news in Punjabi http://ift.tt/2exaLK0
0 comments