ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਪਟਨਾ ਵਿਖੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਤੋਂ ਹਰੀ ਝੰਡੀ ਵਿਖਾ ਕੇ ਜਾਗ੍ਰਿਤੀ ਯਾਤਰਾ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਲਈ ਨਿਕਲ ਰਹੀ ਇਸ ਜਾਗ੍ਰਿਤੀ ਯਾਤਰਾ ਵਿਚ ਸਾਰਿਆਂ ਨੂੰ ਸੰਦੇਸ਼ ਜਾਵੇਗਾ। ਇਸ ਪ੍ਰਕਾਸ਼ ਪੁਰਬ ਨਾਲ ਸਾਰਾ ਸਮਾਜ, ਦੇਸ਼ ਅਤੇ ਪੂਰੀ ਮਨੁੱਖਤਾ ਪ੍ਰਕਾਸ਼ਤ ਹੋ ਜਾਵੇਗੀ। ਇਸ ਮੌਕੇ ਉਨ੍ਹਾਂ ਤਖ਼ਤ ਸ੍ਰੀਹਰਿਮੰਦਰ ਸਾਹਿਬ ਗੁਰਦਵਾਰੇ ਵਿਚ ਮੱਥਾ ਟੇਕਿਆ। ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਨਿਤੀਸ਼ ਕੁਮਾਰ ਨੂੰ ਸਨਮਾਨਤ ਕੀਤਾ।
ਉਨ੍ਹਾਂ ਕਿਹਾ ਕਿ ਬਿਹਾਰ ਸਰਕਾਰ ਅਤੇ ਬਿਹਾਰ ਦੇ ਲੋਕ ਪਟਨਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਹਰ ਸੰਭਵ ਕੰਮ ਕਰਨਗੇ। ਪ੍ਰਕਾਸ਼ ਪੁਰਬ ‘ਤੇ ਆਉਣ ਵਾਲੇ ਸ਼ਰਧਾਲੂਆਂ ਲਹੀ ਇਥੋਂ ਵਾਪਸ ਜਾਣ ਦਾ ਵੀ ਪ੍ਰਸ਼ਾਸਨ ਨੇ ਗੁਰਦਵਾਰਾ ਕਮੇਟੀ ਨਾਲ ਗੱਲਬਾਤ ਕਰ ਕੇ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸੜਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਇਆ ਜਾਣਾ ਬਿਹਾਰ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ। ਇਹ ਗੁਰੂ ਗੋਬਿੰਦ ਸਿੰਘ ਜੀ ਦੀ ਜਨਮਭੂਮੀ ਹੈ। ਨਿਤੀਸ਼ ਕੁਮਾਰ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਜੇ ਕੋਈ ਵੱਡਾ ਕੰਮ ਕਰੋਗੇ ਤਾਂ ਪਹਿਲਾਂ ਲੋਕ ਉਸ ਦਾ ਮਜਾਕ ਉਡਾਉਣਗੇ, ਫਿਰ ਉਸ ਦਾ ਵਿਰੋਧ ਕਰਨਗੇ ਅਤੇ ਬਾਅਦ ਵਿਚ ਨਾਲ ਚਲਣਗੇ।
from Punjab News – Latest news in Punjabi http://ift.tt/2exa3fy
0 comments