ਵਾਸ਼ਿੰਗਟਨ : ਸਿੱਖਾਂ ਦੀ ਪੁਰਾਣੀ ਮੰਗ ਨੂੰ ਮੰਨਦਿਆਂ ਅਮਰੀਕਾ ਨੇ ਸਿੱਖਾਂ ਨੂੰ ਹਥਿਆਰਬੰਦ ਦਸਤਿਆਂ ਵਿਚ ਉਨ੍ਹਾਂ ਦੇ ਸੇਵਾ ਕਰਨ ਦੇ ਸਮੇਂ ਦੌਰਾਨ ਉਨ੍ਹਾਂ ਨੂੰ ਧਾਰਮਕ ਚਿੰਨ੍ਹਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿਤੀ ਹੈ ਅਤੇ ਹੁਣ ਸਿੱਖ ਹਥਿਆਰਬੰਦ ਦਸਤਿਆਂ ਵਿਚ ਸੇਵਾ ਦੌਰਾਨ ਦਸਤਾਰ ਸਜਾ ਅਤੇ ਦਾੜ੍ਹੀ ਰੱਖਣ ਵਰਗੇ ਅਪਣੇ ਧਾਰਮਕ ਵਿਸ਼ਵਾਸ ਨੂੰ ਅਪਣਾ ਸਕਣਗੇ।
ਰਖਿਆ ਵਿਭਾਗ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਸਿੱਖ ਅਮਰੀਕੀਆਂ ਤੇ ਹੋਰਾਂ ਨੂੰ ਅਪਣੇ ਧਾਰਮਕ ਵਿਸ਼ਵਾਸ ਦੀਆਂ ਚੀਜਾਂ ਨੂੰ ਬਰਕਰਾਰ ਰਖਦਿਆਂ ਕਰੀਅਰ ਬਣਾਉਣ ਦੀ ਇਜਾਜ਼ਤ ਦਿਤੀ ਗਈ ਹੇ। ਸਿੱਖ ਅਮਰੀਕੀਆਂ ਵਲੋਂ ਮੁਹਿੰਮ ਦੀ ਅਗਵਾਈ ਕਰ ਚੁਕੇ ਅਮਰੀਕੀ ਸਾਂਸਦ ਜੋ ਕ੍ਰਾਊਲੇ ਨੇ ਇਕ ਬਿਆਨ ਵਿਚ ਕਿਹਾ, ”ਅਸੀਂ ਇਕ ਮਜ਼ਬੂਤ ਰਾਸ਼ਟਰ ਹਾਂ, ਇਕ ਮਜ਼ਬੂਤ ਫ਼ੌਜ ਕਿਉਂਕਿ ਅਸੀਂ ਧਾਰਮਕ ਤੇ ਵਿਅਕਤੀਗਤ ਆਜ਼ਾਦੀ ਦਾ ਸਨਮਾਨ ਕਰਦੇ ਹਾਂ। ਮੈਂ ਇਸ ਗੱਲ ਨੂੰ ਵੇਖ ਕੇ ਖ਼ੁਸ਼ ਹਾਂ ਕਿ ਅਮਰੀਕੀ ਫ਼ੌਜ ਨੇ ਅਪਣੇ ਨਿਰਦੇਸ਼ਾਂ ਜ਼ਰੀਏ ਇਸ ਨੂੰ ਮੁੜ ਤੋਂ ਸਵੀਕਾਰ ਕੀਤਾ ਹੈ।”
ਉਨ੍ਹਾਂ ਕਿਹਾ ਕਿ ਸਿੱਖ ਅਮਰੀਕੀ ਇਸ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਸਾਡੇ ਦੇਸ਼ ਦੀ ਫ਼ੌਜ ਵਿਚ ਸੇਵਾ ਦਾ ਬਰਾਬਰੀ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਨੂੰ ਧਾਰਮਕ ਆਜ਼ਾਦੀ ਦੀ ਇਸ ਇਛਾ ਨੂੰ ਅੰਗੀਕਾਰ ਕਰਨਾ ਚਾਹੀਦਾ ਅਤੇ ਇਸ ‘ਤੇ ਪਾਬੰਦੀ ਨਹੀਂ ਲਾਈ ਜਾਣੀ ਚਾਹੀਦੀ। ਕ੍ਰਾਊਲੇ ਨੇ ਕਿਹਾ ਕਿ ਉਹ ਇਸ ਨਿਰਦੇਸ਼ ਦੀ ਸਾਵਧਾਨੀ ਨਾਲ ਸਮੀਖਿਆ ਕਰਨਾ ਚਾਹੁੰਣਗੇ, ਹਾਲਾਂਕਿ ਸ਼ੁਰੂ ਵਿਚ ਇਹ ਸਹੀ ਦਿਸ਼ਾ ਵਿਚ ਉਠਾਇਆ ਗਿਆ ਕਦਮ ਪ੍ਰਤੀਤ ਹੋ ਰਿਹਾ ਹੈ।
ਹੁਣ ਸਿੱਖ ਤੇ ਹੋਰਾਂ ਨੂੰ ਅਮਰੀਕੀ ਫ਼ੌਜ ਵਿਚ ਅਪਣੇ ਧਾਰਮਕ ਭਰੋਸੇ ਦੀਆਂ ਚੀਜਾਂ ਨੂੰ ਬਰਕਰਾਰ ਰਖਦਿਆਂ ਸੇਵਾ ਦੀ ਇਜਾਜ਼ਤ ਦਿਤੀ ਗਈ ਹੈ। ਇਸ ਤਰ੍ਹਾਂ ਦੀ ਇਜਾਜ਼ਤ ਨਾ ਤਾਂ ਸਥਾਈ ਹੁੰਦੀ ਹੈ ਅਤੇ ਨਾ ਹੀ ਇਸ ਦੀ ਗਾਰੰਟੀ ਹੁੰਦੀ ਹੈ।
from Punjab News – Latest news in Punjabi http://ift.tt/2dBCtXa
0 comments