ਚੰਡੀਗੜ੍ਹ : ਰਾਵੀ ਦਰਿਆ ‘ਤੇ 25 ਸਾਲ ਪਹਿਲਾਂ ਬਣੇ ਰਣਜੀਤ ਸਾਗਰ ਡੈਮ (ਥੀਨ ਡੈਮ) ਤੋਂ 13 ਕਿਲੋਮੀਟਰ ਹੇਠਾਂ ਸ਼ਾਹਪੁਰ ਕੰਢੀ ਡੈਮ ਦੀ ਦੋ ਸਾਲ ਤੋਂ ਵੱਧ ਸਮੇਂ ਤੋਂ ਅਟਕੀ ਉਸਾਰੀ ਦੇ ਹੁਣ ਫਿਰ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ। ਕੇਂਦਰੀ ਜਲ ਕਮਿਸ਼ਨ ਨੇ ਜੰਮੂ-ਕਸ਼ਮੀਰ ਤੇ ਪੰਜਾਬ ਦੇ ਦੋਵਾਂ ਮੁੱਖ ਸਕੱਤਰਾਂ ਦੀ ਵੇਰਵੇ ਸਹਿਤ ਭਲਕੇ ਨਵੀਂ ਦਿੱਲੀ ‘ਚ ਬੈਠਕ ਬੁਲਾਈ ਹੈ ਅਤੇ ਲਗਭਗ ਇਸ ਆਖ਼ਰੀ ਮੀਟਿੰਗ ‘ਚ ਉਸਾਰੀ ਸ਼ੁਰੂ ਕਰਨ ‘ਚ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਲਿਆ ਜਾਵੇਗਾ।
ਸ਼ਾਹਪੁਰ ਕੰਢੀ ਡੈਮ ਦੇ ਮੁੱਖ ਇੰਜੀਨੀਅਰ ਕੇ.ਐਸ. ਕਪੂਰ ਨੇ ਦਸਿਆ ਕਿ ਜੰਮੂ-ਕਸ਼ਮੀਰ ਨੇ ਅਗੱਸਤ 2014 ‘ਚ ਇਤਰਾਜ਼ ਕੀਤਾ ਸੀ ਕਿ ਪੰਜਾਬ ਅਸੈਂਬਲੀ ਨੇ 2004 ਦੇ ਇਹ ਬਿਲ ਪਾਸ ਕਰਨ ਕਿ ਗੁਆਂਢੀ ਸੂਬਿਆਂ ਨਾਲ ਪਾਣੀ ਸਮਝੌਤੇ ਰੱਦ ਕੀਤੇ ਹਨ, ਤਹਿਤ ਜੰਮੂ-ਕਸ਼ਮੀਰ ਨੂੰ ਰਾਵੀ ਦਾ ਪਾਣੀ ਨਹੀਂ ਮਿਲੇਗਾ, ਜਿਸ ਕਰ ਕੇ ਉਸਾਰੀ ਰੋਕਣੀ ਪਈ ਸੀ। ਇਸ ਰੁਕਾਵਟ ਤੋਂ ਮਗਰੋਂ ਕਈ ਬੈਠਕਾਂ ਹੋਈਆਂ ਅਤੇ ਹੋਰ ਇਤਰਾਜ਼ਾਂ ਨੂੰ ਦੂਰ ਕੀਤਾ ਗਿਆ ਅਤੇ ਹੁਣ ਮੁੱਖ ਮੁੱਦਾ ਇਹ ਹੈ ਕਿ ਪਾਕਿਸਤਾਨ ਨੂੰ ਜਾਂਦਾ ਵਾਧੂ ਪਾਣੀ ਕਿਵੇਂ ਰੋਕਣਾ ਹੈ। (ਸਿਰਫ਼ ਪਾਕਿ ਨੂੰ ਜਾਂਦਾ ਵਾਧੂ ਪਾਣੀ ਰੋਕਣ ਬਾਰੇ, ਉਸਦੇ ਰਾਇਪੇਰੀਅਨ ਹੱਕ ਵਾਲਾ ਪਾਣੀ ਨਹੀਂ ਰੋਕਿਆ ਜਾਵੇਗਾ)।
ਸ. ਕਪੂਰ ਦਾ ਕਹਿਣਾ ਹੈ ਕਿ ਭਲਕੇ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਿੰਚਾਈ ਸਕੱਤਰ ਕੇ.ਐਸ. ਪਨੂੰ, ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ.ਆਰ. ਸ਼ਰਮਾ, ਸਿੰਚਾਈ ਸਕੱਤਰ ਸੰਜੀਵ ਵਰਮਾ ਅਤੇ ਹੋਰ ਸੀਨੀਅਰ ਅਧਿਕਾਰੀ ਬੈਠਕ ‘ਚ ਭਾਗ ਲੈਣਗੇ ਅਤੇ ਕੇਂਦਰੀ ਜਲ ਕਮਿਸ਼ਨ ਦੇ ਮੁਖੀ ਵੀ ਦੋਹਾਂ ਰਾਜਾਂ ਦੇ ਬਕਾਇਆ ਮਾਮਲਿਆਂ ਨੂੰ ਹੱਲ ਕਰਨ ਦੇ ਯਤਨ ਕਰਨਗੇ।
ਅੰਕੜਿਆਂ ਮੁਤਾਬਕ 2285 ਕਰੋੜ ਦੇ ਇਸ ਪ੍ਰਾਜੈਕਟ ਦੀ ਉਸਾਰੀ ਨਾਲ ਕੇਂਦਰ ਤੇ ਦੋਹਾਂ ਰਾਜਾਂ ਦੇ ਸਾਂਝੇ ਡੈਮ ਤੋਂ 90 ਹਜ਼ਾਰ ਏਕੜ ਤੋਂ ਵੱਧ ਪੰਜਾਬ ਦੀ ਜ਼ਮੀਨ, 5000 ਏਕੜ ਕਠੂਆ, ਜੰਮੂ ਦੀ ਜ਼ਮੀਨ ਨੂੰ ਪਾਣੀ ਮਿਲੇਗਾ ਜਦਕਿ ਪੰਜਾਬ ਨੂੰ 206 ਮੈਗਾਵਾਟ ਬਿਜਲੀ ਵੀ ਪ੍ਰਾਪਤ ਹੋਵੇਗੀ। ਹੁਣ ਤਕ 540 ਕਰੋੜ ਇਸ ਡੈਮ ‘ਤੇ ਖ਼ਰਚਾ ਆ ਚੁੱਕਾ ਹੈ। ਜੇ ਉਸਾਰੀ ਫਿਰ ਸ਼ੁਰੂ ਹੁੰਦੀ ਹੈ ਤਾਂ ਅਗਲੇ ਤਿੰਨ ਸਾਲਾਂ ‘ਚ ਡੈਮ ਤਿਆਰ ਹੋ ਜਾਵੇਗਾ ਅਤੇ ਪੰਜਾਬ ਲਈ ਸ਼ਾਹਪੁਰ ਕੰਢੀ ਨਹਿਰ ਬਣਨ ਅਤੇ ਕਠੂਆ ਲਈ ਇਕ ਹੋਰ ਨਵੀਂ ਨਹਿਰ ਕੱਢਣ ਨਾਲ ਪਾਕਿਸਤਾਨ ਨੂੰ ਜਾਂਦਾ ਵਾਧੂ ਪਾਣੀ ਬੰਦ ਹੋ ਜਾਵੇਗਾ।
ਪਤਾ ਲੱਗਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪਾਕਿਸਤਾਨ ਨੂੰ ਰਾਵੀ ਦਰਿਆ ਦਾ ਜਾਂਦਾ ਪਾਣੀ ਬੰਦ ਕਰਨ ਲਈ ਬਹੁਤ ਗੰਭੀਰ ਹੈ। ਸਰਕਾਰ ਕਸ਼ਮੀਰ ‘ਚ ਜੇਹਲਮ ਤੇ ਚਨਾਬ ਦਾ ਪਾਣੀ ਵੀ ਡੈਮ ਬਣਾ ਕੇ ਰੋਕਣ ਲਈ ਉਠਾਏ ਜਾਣ ਦੇ ਕਦਮਾਂ ਪ੍ਰਤੀ ਗੰਭੀਰ ਹੈ। ਰਣਜੀਤ ਸਾਗਰ ਡੈਮ ਦੀਆਂ ਪੰਜ ਮਸ਼ੀਨਾਂ ਰਾਹੀਂ ਬਿਜਲੀ ਪੈਦਾ ਕਰਨ ਤੋਂ ਬਾਅਦ ਰਾਵੀ ਦਾ ਸਾਰਾ 15 ਹਜ਼ਾਰ ਕਿਊਸਕ ਪਾਣੀ ਅਤੇ ਬਰਸਾਤਾਂ ‘ਚ ਹੋਰ ਵਾਧੂ ਪਾਣੀ ਮਾਧੋਪੁਰ ਨਹਿਰ ‘ਚ ਵਰਤਣ ਤੋਂ ਇਲਾਵਾ ਸਾਰਾ ਬੇਕਾਰ ਪਾਣੀ ਪਾਕਿਸਤਾਨ ਚਲਾ ਜਾਂਦਾ ਹੈ।
from Punjab News – Latest news in Punjabi http://ift.tt/2e3oKXy
0 comments