ਕਲਮ ਨਾਲ ਜੁੜੀ ਹੋਣ ਕਾਰਨ ਪਾਠਕਾਂ ਦੇ ਫ਼ੋਨ ਵੀ ਆਉਂਦੇ ਹਨ ਤੇ ਕੋਈ ਜਾਤੀ ਤੌਰ ‘ਤੇ ਜਾਣਨ ਵਾਲੇ ਮਿਲ ਬੈਠ ਕੇ ਦੁੱਖ-ਸੁੱਖ ਸਾਂਝੇ ਕਰਦੇ ਹਨ। ਇਨਾਂ ਵਿਚ ਨੌਜਵਾਨ ਪੀੜੀ ਦੀਆਂ ਕੁੜੀਆਂ ਦੀ ਇਹੋ ਸਮੱਸਿਆ ਹੁੰਦੀ ਹੈ ਕਿ ਸਾਨੂੰ ਘਰੇਲੂ ਕੰਮਾਂ ਦਾ ਬਹੁਤ ਬੋਝ ਚੁੱਕਣਾ ਪੈਂਦਾ ਹੈ। ਪਿਛਲੇ ਸਮੇਂ ਦੀਆਂ ਔਰਤਾਂ ਨੌਕਰੀਪੇਸ਼ਾ ਨਹੀਂ ਸਨ। ਉਹ ਘਰ ਦੇ ਕੰਮਾਂ ਵਿਚ ਰੁੱਝੀਆਂ ਰਹਿੰਦੀਆਂ ਸਨ ਪਰ ਅਜੋਕੀ ਔਰਤ ਨੌਕਰੀ ਵੀ ਕਰਦੀ ਹੈ ਤੇ ਘਰ ਦਾ ਕੰਮ ਵੀ। ਵਿਸ਼ੇਸ਼ ਤੌਰ ‘ਤੇ ਪੇਂਡੂ ਔਰਤਾਂ ਲਈ ਇਹ ਦਿੱਕਤ ਜ਼ਿਆਦਾ ਹੈ। ਪਰਿਵਾਰ ਵੱਲੋਂ ਜ਼ਿਆਦਾਤਰ ਸੱਸ ਵੱਲੋਂ ਉਸ ਤੋਂ ਉਹੀ ਤਵੱਕੋ ਕੀਤੀ ਜਾਂਦੀ ਹੈ ਜੋ ਵੱਡੇ ਬਜ਼ਰੁਗਾਂ ਵੱਲੋਂ ਉਨਾਂ ਤੋਂ ਕੀਤੀ ਜਾਂਦੀ ਸੀ। ਇਹ ਪੀੜੀ ਪਾੜਾ ਕਈ ਬਾਰ ਘਰਾਂ ਵਿਚ ਕਲੇਸ਼ ਦਾ ਤੇ ਨੂੰਹਾਂ ਪੁੱਤਾਂ ਦੇ ਅਲੱਗ ਰਹਿਣ ਦਾ ਕਾਰਨ ਵੀ ਹੋ ਨਿੱਬੜਦਾ ਹੈ ਜਾਂ ਬਿਰਧ ਮਾਪਿਆਂ ਦਾ ਬਿਰਧ ਆਸ਼ਰਮ ਜਾ ਬੈਠਣ ਦਾ ਸਬੱਬ ਵੀ ਬਣ ਜਾਂਦਾ ਹੈ। ਇਹ ਅੱਜ ਦੇ ਸਮੇਂ ਦਾ ਬਹੁਤ ਦੁਖਦਾਇਕ ਤੇ ਚਿੰਤਾਜਨਕ ਪਹਿਲੂ ਹੈ। ਸਹਿਣਸ਼ੀਲਤਾ ਦੀ ਘਾਟ ਵੀ ਮੂਲ ਕਾਰਨ ਬਣਦੀ ਹੈ।
ਇਸ ਸਮੱਸਿਆ ਦਾ ਹੱਲ ਲੱਭਿਆ ਜਾਣਾ ਵੀ ਬਹੁਤ ਜ਼ਰੂਰੀ ਹੈ। ਕਈ ਘਰਾਂ ਵਿਚ ਉੱਚ ਵਿੱਦਿਆ ਪ੍ਰਾਪਤ ਨੂੰਹਾਂ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ। ਕਈ ਸੂਝਵਾਨ ਕੁੜੀਆਂ ਹਾਲਾਤ ਨਾਲ ਸਮਝੌਤਾ ਕਰਕੇ ਘਰ ਦਾ ਕੰਮ ਵੀ ਕਰਦੀਆਂ ਹਨ ਤੇ ਨੌਕਰੀ ਵੀ। ਦਫ਼ਤਰ ਤੋਂ ਘਰ ਪਰਤ ਕੇ ਉਹ ਸਾਰਾ ਕੰਮ ਸੰਭਾਲਦੀਆਂ ਹਨ। ਇਸ ਹਾਲਾਤ ਵਿਚੋਂ ਗੁਜ਼ਰਦੀਆਂ ਕੁੜੀਆਂ ਅਕਸਰ ਮੈਨੂੰ ਆਪਣੇ ਦੁੱਖੜੇ ਸੁਣਾਉਂਦੀਆਂ ਹਨ ਤੇ ਮੈਂ ਉਨਾਂ ਨੂੰ ਇਹੋ ਕਹਿ ਕੇ ਸਮਝਾਉਂਦੀ ਹਾਂ ਕਿ ਬਜ਼ੁਰਗ ਮਾਪਿਆਂ ਵੀ ਤੁਹਾਡਾ ਹੀ ਸੁੱਖ ਸਹਾਰਾ ਭਾਲਣਾ ਹੈ। ਮਾਪਿਆਂ ਕੋਲੋਂ ਪ੍ਰੇਮ ਪਿਆਰ ਨਾਲ ਹਲਕੀ ਫੁਲਕੀ ਮਦਦ ਲਈ ਜਾ ਸਕਦੀ ਹੈ, ਜਿਵੇਂ ਉਹ ਬੈਠੇ-ਬੈਠੇ ਸਬਜ਼ੀ ਕੱਟ ਦੇਣ, ਧੋਤੇ ਹੋਏ ਕੱਪੜੇ ਤਹਿ ਕਰ ਕੇ ਰੱਖ ਦੇਣ ਜਾਂ ਪ੍ਰੈੱਸ ਲਈ ਅਲੱਗ ਕਰ ਦੇਣ। ਹੋਰ ਵੀ ਕਈ ਛੋਟੇ ਮੋਟੇ ਕੰਮ ਮਾਪੇ ਕਰ ਸਕਦੇ ਹਨ ਜਿਸ ਨਾਲ ਕੰਮ ਦਾ ਬੋਝ ਵੰਡਿਆ ਜਾ ਸਕਦਾ ਹੈ ਤੇ ਘਰੇਲੂ ਮਾਹੌਲ ਵੀ ਸੁਖਾਵਾਂ ਹੋ ਸਕਦਾ ਹੈ।
ਸਹੁਰੇ ਘਰ ਜਾ ਕੇ ਇਕ ਵਾਰ ਤਾਂ ਤਕਰੀਬਨ ਹਰ ਕੁੜੀ ਨੂੰ ਇੰਨਾਂ ਹਾਲਾਤ ਵਿਚੋਂ ਗੁਜ਼ਰਨਾ ਪੈਂਦਾ ਹੈ। ਮੈਨੂੰ ਆਪਣੇ ਜੀਵਨ ਦੀ ਇਕ ਘਟਨਾ ਹਮੇਸ਼ਾ ਯਾਦ ਰਹਿੰਦੀ ਹੈ। ਮੇਰੇ ਪੇਕੇ ਪਰਿਵਾਰ ਵਿਚ ਸ਼ਹਿਰੀ ਜੀਵਨ ਦੀ ਸੱਸ ਸੀ। ਜਦੋਂ ਪਿੰਡ ਆਏ ਤਾਂ ਖੇਤੀਬਾੜੀ ਦਾ ਕੰਮ ਨਹੀਂ ਸੀ, ਜ਼ਮੀਨ ਠੇਕੇ ਵਟਾਈ ‘ਤੇ ਹੀ ਦਿੱਤੀ ਜਾਂਦੀ ਸੀ ਪਰ ਜਿਸ ਘਰ ਵਿਚ ਸੰਜੋਗ ਜੁੜਿਆ ਉਹ ਖੇਤੀਬਾੜੀ ਦੇ ਤਕੜੇ ਕੰਮ ਵਾਲੇ ਸਨ। ਫ਼ਸਲ ਦੀ ਕਟਾਈ- ਵਢਾਈ ਜਾਂ ਗੁਡਾਈ ਕਰਨ ਸਮੇਂ ਕਈ-ਕਈ ਕਾਮੇ ਕੰਮ ‘ਤੇ ਲਾਉਣੇ ਪੈਂਦੇ ਜੋ ਕਿਸੇ ਵੇਲੇ ਪੰਦਰਾਂ ਵੀਹ ਵੀ ਹੋ ਜਾਂਦੇ।
ਕਿੰਨੇ ਹੀ ਵਰੇ ਬੀਤ ਗਏ ਹਨ ਉਸ ਸਮੇਂ ਮੇਰੀ ਉਮਰ ਅਠਾਰਾਂ-ਉੱਨੀ ਵਰਿਆਂ ਦੀ ਸੀ ਪਰ ਉਹ ਸਾਰਾ ਕੁੱਝ ਮੈਨੂੰ ਕੱਲ ਵਾਂਗ ਯਾਦ ਹੈ। ਰਸੋਈ ਵਿਚ ਗੈਸ, ਚੁੱਲੇ ਜਾਂ ਸਟੋਵ ਨਹੀਂ ਬਲਕਿ ਮਿੱਟੀ ਦੇ ਚੁੱਲਿਆਂ ‘ਚ ਹੀ ਅੱਗ ਬਾਲ ਕੇ ਖਾਣਾ ਪਕਾਉਣਾ ਪੈਂਦਾ ਸੀ। ਇਹ ਮੇਰੇ ਲਈ ਇਕ ਇਮਤਿਹਾਨ ਹੀ ਸੀ। ਭਾਵੇਂ ਪੇਕੇ ਘਰ ਵੀ ਚੁੱਲਾ ਹੀ ਬਾਲਿਆ ਜਾਂਦਾ ਸੀ ਪਰ ਕੰਮ ਐਨਾ ਨਹੀਂ ਸੀ। ਮੇਰੀ ਮਾਂ ਬੜੀ ਕਾਮੀ ਔਰਤ ਸੀ ਜੋ ਕੰਮ ਨੂੰ ਅੱਗੇ ਲਾ ਰੱਖਦੀ ਸੀ ਤੇ ਉਹੀ ਆਦਤਾਂ ਕੁਦਰਤੀ ਮੇਰੇ ਵਿਚ ਵੀ ਸਨ। ਸਹੁਰੇ ਘਰ ਵਿਹੜੇ ਦੇ ਇਕ ਕੋਨੇ ਵਿਚ ਚੁੱਲਾ ਬਣਿਆ ਹੋਇਆ ਸੀ। ਦੋ ਪਾਸੇ ਕੰਧਾਂ ਦੀ ਓਟ ਸੀ ਪਰ ਛੱਤ ਨਹੀਂ ਸੀ।
ਮਾਰਚ ਦਾ ਮਹੀਨਾ ਸੀ ਤੇ ਧੁੱਪ ਤਿੱਖੀ ਹੋ ਗਈ ਸੀ। ਖੇਤ ਵਿਚ ਸਵੇਰ ਦੀ ਚਾਹ ਰੋਟੀ ਭੇਜ ਕੇ ਮੈਂ ਬਾਕੀ ਕੰਮ ਸਮੇਟੇ ਤੇ ਇਕ ਵਜੇ ਦੇ ਕਰੀਬ ਫਿਰ ਚੁੱਲੇ ਦੁਆਲੇ ਹੋ ਗਈ। ਉਸ ਦਿਨ ਵੀ ਦਸ ਬਾਰਾਂ ਦਿਹਾੜੀਏ ਕੰਮ ਲੱਗੇ ਹੋਏ ਸਨ। ਉਨਾਂ ਲਈ ਮੱਕੀ ਦੀਆਂ ਰੋਟੀਆਂ ਪਕਾ ਰਹੀ ਸਾਂ। ਤਵੀ ਉੱਤੇ ਤਿੰਨ ਚਾਰ ਰੋਟੀਆਂ ਪਾ ਕੇ ਫਿਰ ਆਟਾ ਮਲਦੀ ਭਾਵ ਗੁੰਨਦੀ ਤੇ ਰੋਟੀਆਂ ਬਣਾਉਂਦੀ। ਮੈਂ ਦੋ ਔਰਤਾਂ ਜਿੰਨਾ ਕੰਮ ਕਰ ਰਹੀ ਸਾਂ। ਕਪਾਹ ਦੀਆਂ ਛਟੀਆਂ ਦੀ ਅੱਗ ਲਟ-ਲਟ ਮੱਚ ਪੈਂਦੀ, ਜੇ ਉਹ ਬੁਝ ਜਾਂਦੀ ਤਾਂ ਭੂਕਨੇ ‘ਚੋਂ ਫੂਕਾਂ ਮਾਰ-ਮਾਰ ਮੇਰਾ ਸਿਰ ਘੁੰਮ ਜਾਂਦਾ। ਜੇ ਮੈਂ ਆਟਾ ਮਲਦੀ ਤਾਂ ਅੱਗ ਬੁਝ ਜਾਂਦੀ ਅੱਗ ਬਲਦੀ ਤਾਂ ਤਵੀ ਤਪ ਜਾਂਦੀ ਤੇ ਉੱਤੇ ਪਾਈ ਰੋਟੀ ਸੜ ਜਾਂਦੀ। ਮੈਂ ਬੜੀ ਪਰੇਸ਼ਾਨ ਹੋਈ ਤੇ ਮੇਰੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰੇ ਪਰ ਮੈਂ ਹਿੰਮਤ ਨਾ ਹਾਰੀ ਤੇ ਕਦੇ ਅੱਗ ਨਾਲ ਕਦੇ ਆਟੇ ਨਾਲ ਜੂਝਦੀ ਰਹੀ। ਮੇਰੇ ਸੱਸ ਮਾਤਾ ਜੀ ਦਮੇ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ਮੈਂ ਉਨਾਂ ਨੂੰ ਕਦੇ ਵੀ ਕਿਸੇ ਕੰਮ ‘ਚ ਮਦਦ ਲਈ ਨਹੀਂ ਸੀ ਕਹਿੰਦੀ, ਬਲਕਿ ਉਨਾਂ ਦੀ ਹਰ ਲੋੜ ਦਾ ਧਿਆਨ ਰੱਖਦੀ ਸਾਂ। ਸਿਖਰ ਦੁਪਿਹਰੇ ਚੁੱਲੇ ਅਤੇ ਧੁੱਪ ਦੇ ਸੇਕ ਨੇ ਮੇਰੀ ਸੁਰਤ ਘੁੰਮਾ ਦਿੱਤੀ। ਦੁਪਿਹਰ ਦੀ ਰੋਟੀ ਲੈਣ ਆਇਆਂ ਮੇਰੇ ਪਤੀ ਨੇ ਚੌਂਕੇ ਵੱਲ ਆਉਂਦਿਆਂ ਮੈਨੂੰ ਪੁੱਛਿਆ, ‘ਰੋਟੀ ਤਿਆਰ ਹੋ ਗਈ?’ ਪਰ ਵਗਦੇ ਹੰਝੂਆਂ ਤੇ ਭਰੇ ਗਲੇ ਕਾਰਨ ਮੈਥੋਂ ਬੋਲਿਆ ਹੀ ਨਾ ਗਿਆ। ਜਦੋਂ ਉਨਾਂ ਨੇ ਮੇਰੇ ਵੱਲ ਦੇਖਿਆ ਉਹ ਘਬਰਾ ਕੇ ਬੋਲੇ, ‘ਪਰਮ, ਕੀ ਗੱਲ ਤੂੰ ਰੋ ਕਿਉਂ ਰਹੀ ਏਂ?’ ਉਨਾਂ ਦੇ ਪੁੱਛਣ ‘ਤੇ ਤਾਂ ਮੇਰਾ ਭਰਿਆ ਅੰਦਰ ਬੁਰੀ ਤਰਾਂ ਛਲਕ ਪਿਆ ਤੇ ਮੈਂ ਹਟਕੋਰੇ ਭਰ-ਭਰ ਕੇ ਰੋ ਪਈ। ਉਹ ਮੈਨੂੰ ਵਾਰ-ਵਾਰ ਪੁੱਛ ਰਹੇ ਸਨ ਕਿ ਤੈਨੂੰ ਕਿਸੇ ਨੇ ਕੁਝ ਕਿਹਾ ਹੈ? ਪਰ ਮੈਂ ਨਾਹ ਵਿਚ ਸਿਰ ਹਿਲਾ ਰਹੀ ਸਾਂ। ਉਹ ਅੰਦਰ ਬੀਬੀ ਕੋਲ ਗਏ ਤੇ ਉਨਾਂ ਨੂੰ ਪੁੱਛਿਆ ਕਿ ਕੀ ਗੱਲ ਹੈ ਪਰਮ ਬੁਰੀ ਤਰਾਂ ਰੋ ਰਹੀ ਹੈ ਕੁਝ ਦੱਸਦੀ ਵੀ ਨਹੀਂ। ਬੀਬੀ ਜੀ ਵੀ ਉੱਠ ਕੇ ਉਨਾਂ ਦੇ ਨਾਲ ਹੀ ਬਾਹਰ ਮੇਰੇ ਕੋਲ ਆ ਗਏ। ਹੁਣ ਮੈਂ ਜ਼ਰਾ ਸੰਭਲ਼ ਗਈ ਸਾਂ।
ਬੀਬੀ ਜੀ ਨੇ ਮੱਕੀ ਦੇ ਆਟੇ ਦੀ ਪਰਾਤ ਦੂਰ ਧੱਕਦਿਆਂ ਕਿਹਾ, ‘ਧੀਏ ਤੂੰ ਰੋਟੀਆਂ ਦਾ ਖਹਿੜਾ ਛੱਡ ਤੇ ਦੱਸ ਕੀ ਗੱਲ ਤੂੰ ਰੋ ਕਿਉਂ ਰਹੀ ਏਂ?’ ਮੈਂ ਅੱਥਰੂ ਪੂੰਝਦਿਆਂ ਕਿਹਾ, ‘ਜੇ ਮੈਂ ਪਹਿਲਾਂ ਛਟੀਆਂ ਦੀ ਅੱਗ ਮਚਾਉਂਦੀ ਹਾਂ ਤਾਂ ਤਵੀ ਤਾਂ ਗਰਮ ਹੋ ਜਾਂਦੀ ਏ ਤੇ ਜਿੰਨੀ ਦੇਰ ਨੂੰ ਰੋਟੀ ਬਣਾਉਂਦੀ ਹਾਂ ਲਟ-ਲਟ ਮੱਚ ਕੇ ਛਟੀਆਂ ਦੀ ਅੱਗ ਬੁਝ ਜਾਂਦੀ ਏ ਤੇ ਉੱਧਰ ਵਿਚਾਰੇ ਦਿਹਾੜੀਏ ਭੁੱਖੇ ਹੋਣਗੇ।’
ਮੇਰੀ ਗੱਲ ਸੁਣ ਕੇ ਪਹਿਲਾਂ ਤਾਂ ਮਾਂ-ਪੁੱਤ ਹੱਸਦੇ ਰਹੇ ਕਿ ਅਸੀਂ ਤਾਂ ਫ਼ਿਕਰਮੰਦ ਹੋ ਗਏ ਕਿ ਥਾਣੇਦਾਰ ਦੀ ਧੀ ਰੋ ਕਿਉਂ ਰਹੀ ਏ ਪਰ ਫਿਰ ਮੇਰੇ ਪਤੀ ਨੇ ਬੀਬੀ ਜੀ ਨੂੰ ਥੋੜੇ ਰੋਸ ਨਾਲ ਕਿਹਾ, ‘ਇਹ ਤੁਹਾਨੂੰ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਕੁੜੀਆਂ (ਛੋਟੀਆਂ ਭੈਣਾਂ) ਸਕੂਲ ਚਲੀਆਂ ਜਾਂਦੀਆਂ ਨੇ ਤਾਈ ਜੀ ਵੀ ਸਵੇਰੇ ਕੰਮ ਕਰ ਕੇ ਘਰ ਚਲੇ ਜਾਂਦੇ ਨੇ ਘੱਟੋ ਘੱਟ ਤੁਸੀਂ ਇਹਦੇ ਕੋਲ ਤਾਂ ਬੈਠ ਜਾਇਆ ਕਰੋ। ਚੁੱਲੇ ‘ਚ ਛਟੀਆਂ ਜਾਂ ਲੱਕੜਾਂ ਡਾਹੁਣਾ ਤਾਂ ਭਾਰੀ ਕੰਮ ਨਹੀਂ ਐਨੀ ਕੁ ਮਦਦ ਕਰ ਦਿਆ ਕਰੋ।’ ਬੀਬੀ ਜੀ ਚੁੱਲੇ ‘ਚ ਅੱਗ ਬਾਲਦੇ ਰਹੇ ਤੇ ਮੈਂ ਮੱਕੀ ਦੀਆਂ ਤੀਹ-ਚਾਲੀ ਰੋਟੀਆਂ ਦਾ ਪਕਾ ਕੇ ਖੇਤ ਭੇਜਿਆ। ਸ਼ਾਮੀਂ ਘਰ ਦੇ ਕੰਮ ਦੀ ਮਦਦ ਲਈ ਰੱਖੇ ਤਾਈ ਜੀ ਆਏ ਤਾਂ ਸਾਰੀ ਗੱਲ ਉਨਾਂ ਨੂੰ ਵੀ ਪਤਾ ਲੱਗੀ। ਉਨਾਂ ਨੇ ਮੈਨੂੰ ਕਿਹਾ, ‘ਧੀਏ, ਜਿੰਨੇ ਦਿਨ ਦਿਹਾੜੀਏ ਲੱਗੇ ਹੋਣਗੇ ਮੈਂ ਦੁਪਿਹਰ ਦੀ ਰੋਟੀ ਤੇਰੇ ਨਾਲ ਬਣਵਾ ਦਿਆ ਕਰਾਂਗੀ। ਇਹ ਅੱਗ ਲੱਗਣੀਆਂ ਕਪਾਹ ਦੀਆਂ ਛਟੀਆਂ ਤਾਂ ਸਾਡੀ ਮੱਤ ਮਾਰ ਦਿੰਦੀਆਂ ਨੇ ਤੂੰ ਤਾਂ ਕੱਲ ਦੀ ਨਿਆਣੀ ਏਂ।’ ਹੋਲੀ-ਹੋਲੀ ਮੈਂ ਇਹ ਕੰਮ ਕਾਬੂ ਕਰ ਲਿਆ ਸੀ ਪਰ ਅੱਜ ਤੱਕ ਵੀ ਸਾਡਾ ਪਰਿਵਾਰ ਉਸ ਗੱਲ ਨੂੰ ਯਾਦ ਕਰਕੇ ਹੱਸਦਾ ਹੈ ਜਿਸਨੇ ਮੈਨੂੰ ਰੁਅਇਆ ਸੀ।
ਗੱਲ ਸਹਿਣਸ਼ੀਲਤਾ ਦੀ ਹੈ ਜਾਂ ਹਿੰਮਤ ਦੀ। ਇਹ ਦੋਵੇਂ ਇਕੱਠੇ ਹੋ ਜਾਣ ਤਾਂ ਕੋਈ ਕੰਮ ਔਖਾ ਨਹੀਂ ਰਹਿੰਦਾ। ਅੱਜ ਦੇ ਜ਼ਮਾਨੇ ਵਿਚ ਪੰਦਰਾਂ-ਵੀਹਾਂ ਜਾਣਿਆਂ ਦੀ ਰੋਟੀ ਤਾਂ ਕਿਸੇ ਵਿਰਲੇ ਦੇ ਘਰ ਹੀ ਪੱਕਦੀ ਹੋਵੇਗੀ ਤੇ ਉਹ ਵੀ ਗੈਸ ਚੁੱਲੇ ‘ਤੇ। ਚਾਰ ਮਹਿਮਾਨ ਆ ਜਾਣ ਤਾਂ ਸ਼ਹਿਰੋਂ ਬਾਜ਼ਾਰੋਂ ਖਾਣਾ ਮੰਗਵਾਉਣ ਦਾ ਜਾਂ ਮਹਿਮਾਨਾਂ ਸਮੇਤ ਕਿਤੇ ਬਾਹਰ ਜਾ ਕੇ ਖਾਣਾ ਖਾਣ ਦਾ ਰੁਝਾਨ ਵੀ ਹੋ ਗਿਆ ਹੈ। ਬਹੁਤ ਸਾਰੀਆਂ ਸੁਖ ਸਹੂਲਤਾਂ ਦੇ ਬਾਵਜੂਦ ਵੀ ਘਰਾਂ ਵਿਚ ਅਸ਼ਾਂਤੀ ਹੈ ਤਣਾਅ ਹੈ। ਜੇ ਇਨਾਂ ਉਲਝਣਾਂ ਨੂੰ ਠਰੰਮੇ ਤੇ ਆਪਸੀ ਵਿਚਾਰ ਵਟਾਂਦਰੇ ਨਾਲ ਸੁਲਝਾਇਆ ਜਾਵੇ ਤਾਂ ਘਰ ਦਾ ਮਾਹੌਲ ਵਧੀਆ ਬਣ ਸਕਦਾ ਹੈ। ਇਸ ਮਹਿੰਗਾਈ ਦੇ ਯੁੱਗ ਵਿਚ ਪਤੀ ਪਤਨੀ ਦੋਵਾਂ ਜੀਆਂ ਦੀ ਕਮਾਈ ਬਿਨਾ ਵੀ ਗੁਜ਼ਾਰਾ ਔਖਾ ਹੈ। ਜਦੋਂ ਕਦੇ ਕੰਮਾਂ ਦਾ ਬੋਝ ਸਾਡੀਆਂ ਨੂੰਹਾਂ ਧੀਆਂ ਨੂੰ ਪ੍ਰੇਸ਼ਾਨ ਕਰੇ ਤਾਂ ਮੇਰੀਆਂ ਧੁੱਪ ‘ਚ ਪਕਾਈਆਂ ਰੋਟੀਆਂ ਵਾਲਾ ਦ੍ਰਿਸ਼ ਯਾਦ ਕਰਨ ਤਾਂ ਉਨਾਂ ਨੂੰ ਆਪਣਾ ਕੰਮ ਹਲਕਾ-ਹਲਕਾ ਲੱਗੇਗਾ। ੲ
from Punjab News – Latest news in Punjabi http://ift.tt/2dLWjJB
0 comments